ਨਾਮਜ਼ਦਗੀ ਪੱਤਰ ਰੱਦ ਕਰਨ ਸਬੰਧੀ ਲੱਗੇ ਧਰਨੇ ’ਚ ਆਪ ਆਗੂਆਂ ਨੇ ਕੀਤੀ ਸ਼ਮੂਲੀਅਤ

ਕਾਂਗਰਸ ਸਰਕਾਰ ਨੂੰ ਨਗਰ ਕੌਂਸਲ ਚੋਣਾਂ ’ਚ ਹਾਰ ਦਾ ਡਰ ਸਤਾਉਣ ਲੱਗਾ : ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਦੇ ਵਾਰਡ ਨੰਬਰ 14 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ’ਤੇ ਵੀਰਵਾਰ ਸ਼ਾਮ 7 ਵਜੇ ਤੋਂ ਆਪ ਦੇ ਹਲਕਾ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਸਮਰਥਕਾਂ ਨਾਲ ਐਸਡੀਐਮ ਦਫਤਰ ਅੱਗੇ ਧਰਨਾ ਲਾ ਦਿੱਤਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ’ਤੇ ਦੋਸ਼ ਲਗਾਏ ਸਨ ਕਿ ਐੱਸਡੀਐੱਮ ਨੇ ਸੱਤਾਧਾਰੀ ਲੀਡਰਾਂ ਦੇ ਦਬਾਅ ਥੱਲੇ ਆਪ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਅੱਜ ਆਪ ਵਿਧਾਇਕ ਕੁਲਤਾਰ ਸੰਧਵਾਂ, ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਚੱਲ ਰਹੇ ਇਸ ਧਰਨੇ ਅੰਦਰ ਸਾਮਲ ਹੋਏ।

ਅਤੇ ਦੂਜੇ ਪਾਸੇ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਵੀਰਵਾਰ ਨੂੰ ਦੇਰ ਸ਼ਾਮ ਡੀਐੱਸਪੀ ਦਫਤਰ ਅੱਗੇ ਧਰਨਾ ਮਾਰ ਕੇ ਵਿਧਾਇਕ ਅਮਨ ਅਰੋੜਾ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਉਨ੍ਹਾਂ ਦੋਸ਼ ਲਾਏ ਕਿ ਵਿਧਾਇਕ ਅਮਨ ਅਰੋੜਾ ਵੱਲੋਂ ਇੱਕ ਮਹਿਲਾ ਐੱਸਡੀਐਮ ਪ੍ਰਤੀ ਗਲਤ ਸ਼ਬਦਾਵਲੀ ਵਰਤੇ ਜਾਣ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਤੋਂ ਵਿਧਾਇਕ ਅਮਨ ਅਰੋੜਾ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।

ਇਸ ਸਬੰਧੀ ਹਲਕਾ ਇੰਚਾਰਜ ਮੈਡਮ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਆਪ ਵਿਧਾਇਕ ਅਮਨ ਅਰੋੜਾ ਵੱਲੋਂ ਇੱਕ ਮਹਿਲਾ ਐਸਡੀਐਮ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਅਤੇ ਜਿਸ ਤੇ ਉਨ੍ਹਾਂ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਗਲਤ ਲੱਗਦਾ ਹੈ ਤਾਂ ਉਹ ਉੱਚ ਅਧਿਕਾਰੀਆਂ ਜਾਂ ਕੋਟ ‘ਚ ਜਾ ਕੇ ਅਪੀਲ ਦਾਇਰ ਕਰ ਸਕਦੇ ਹਨ ਪ੍ਰੰਤੂ ਉਨ੍ਹਾਂ ਕੋਲ ਕਿਸੇ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ ਦਾ ਹੱਕ ਨਹੀਂ ਹੈ।

ਡੀਐੱਸਪੀ ਦਫਤਰ ਦੇ ਅੱਗੇ ਆਪਣੇ ਵਰਕਰਾਂ ਸਮੇਤ ਦੇਰ ਰਾਤ ਤੱਕ ਬੈਠੇ ਰੋਸ ਪ੍ਰਦਰਸ਼ਨ ਕਰ ਰਹੇ ਹਲਕਾ ਇੰਚਾਰਜ ਦਮਨ ਥਿੰਦ ਤੋਂ ਸਥਾਨਕ ਡੀਐੱਸਪੀ ਬਲਜਿੰਦਰ ਸਿੰਘ ਪੰਨੂੰ ਨੇ ਉਨ੍ਹਾਂ ਕੋਲੋਂ ਚੌਵੀ ਘੰਟਿਆਂ ਦਾ ਸਮਾਂ ਮੰਗਿਆ ਅਤੇ ਵਿਸਵਾਸ ਦਿਵਾਇਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਕਿਤੇ ਜਾ ਕੇ ਉਨ੍ਹਾਂ ਧਰਨਾ ਸਮਾਪਤ ਕੀਤਾ। ਧਰਨੇ ’ਤੇ ਬੈਠੇ ਵਿਧਾਇਕ ਅਮਨ ਅਰੋੜਾ ਅਤੇ ਆਪ ਨੇਤਾਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਨਗਰ ਕੌਂਸਲ ਚੋਣਾਂ ’ਚ ਹਾਰ ਦਾ ਡਰ ਸਤਾਉਣ ਲੱਗਾ ਹੈ ਜਿਸ ਕਾਰਨ ਸਰਕਾਰ ਧੱਕੇਸ਼ਾਹੀ ਤੇ ਉਤਰ ਆਈ ਹੈ ਇਸੇ ਧੱਕੇਸ਼ਾਹੀ ਦੇ ਤਹਿਤ ਸਰਕਾਰ ਦੀ ਸ਼ਹਿ ’ਤੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਨਾਮਧਾਰੀ ਦੇ ਨਾਮਜਦਗੀ ਪੱਤਰ ਬਿਨਾ ਕਿਸੇ ਕਾਰਨ ਤੋਂ ਰੱਦ ਕੀਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਐਸਡੀਐਮ ਵੱਲੋਂ ਪੱਤਰ ਰੱਦ ਕਰਨ ਦਾ ਕਾਰਨ ਇਹ ਕਿਹਾ ਗਿਆ ਹੈ ਕਿ ਉਮੀਦਵਾਰ ਨੇ ਆਪਣੇ ਘਰ ਦੇ ਬਾਹਰ ਗਲੀ ‘ਚ ਰੈਂਪ ਬਣਾਇਆ ਹੋਇਆ ਹੈ ਜਦਕਿ ਕਾਂਗਰਸ ਦੇ ਉਮੀਦਵਾਰ ਦੇ ਘਰ ਅੱਗੇ ਵੀ ਰੈਂਪ ਬਣਿਆ ਹੋਇਆ ਹੈ ਇਹ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਇਹ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ 3 ਫਰਵਰੀ ਨੂੰ ਨਾਮਜਦਗੀਆਂ ਦਾਖਲ ਕਰਦੇ ਸਮੇਂ ਉਨ੍ਹਾਂ ਦੇ ਉਮੀਦਵਾਰ ਨੂੰ ਕਾਂਗਰਸ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚੁੱਕ 2 ਦੋ ਘੰਟਿਆਂ ਬਾਅਦ ਛੱਡਿਆ ਗਿਆ ਸੀ ਉਨ੍ਹਾਂ ਸ਼ਰਾਰਤੀ ਅਨਸਰਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।

ਇਸ ਸਬੰਧੀ ਐਸਡੀਐਮ ਮੈਡਮ ਮਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਮਜਦਗੀਆਂ ਦਾਖਲ ਕਰਨ ਆਏ ਕਿਸੇ ਵੀ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਜਦਕਿ ਸਿਰਫ 3 ਉਮੀਦਵਾਰਾਂ ਦੇ ਪੱਤਰ ਹੀ ਰੱਦ ਕੀਤੇ ਗਏ ਹਨ ਉਨ੍ਹਾਂ ਅੱਗੇ ਕਿਹਾ ਕਿ ਆਪ ਦੇ ਉਮੀਦਵਾਰ ਹਰਵਿੰਦਰ ਸਿੰਘ ਤੇ ਨਗਰ ਕੌਂਸਲ ਦਾ ਪਿਛਲੇ 8 ਸਾਲਾਂ ਤੋਂ ਪ੍ਰਾਪਰਟੀ ਟੈਕਸ ਬਕਾਇਆ ਰਹਿੰਦਾ ਹੈ ਅਤੇ ਉਨ੍ਹਾਂ ਆਪਣੇ ਘਰ ਦੇ ਬਾਹਰ ਗਲੀ ‘ਚ ਰੈਂਪ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਦੇ ਨਾਮਜਦਗੀ ਪੱਤਰ ਰੱਦ ਕੀਤੇ ਗਏ ਹਨ ਜੋ ਉਮੀਦਵਾਰਾਂ ਦੇ ਪਰਚੇ ਰੱਦ ਹੋਏ ਹਨ ਬਿਲਕੁਲ ਕਾਨੂੰਨੀ ਪ੍ਰਕਿਰਿਆ ਦੌਰਾਨ ਹੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.