ਮੋਗਾ (ਵਿੱਕੀ ਕੁਮਾਰ): ਮੋਗਾ ‘ਚ 307 ਦੇ ਇਕ ਕੇਸ ਵਿਚ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਮੋਗਾ ਪੁਲਿਸ ਨੇ ਭਾਰੀ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਲਿਆਂਦਾ ਤੇ ਚਾਰਜ ਫਰੇਮ ਕਰਨ ਲਈ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਚਾਰਜ ਫਰੇਮ ਕਰਨ ਉਪਰੰਤ 17 ਜੁਲਾਈ ਤਕ ਜੁਡੀਸ਼ੀਅਲ ਬਠਿੰਡਾ ਜੇਲ੍ਹ ਭੇਜ ਦਿੱਤਾ।
ਦਸੰਬਰ 2021 ਨੂੰ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ (ਨੀਲਾ) ਨੂੰ ਗੋਲ਼ੀ ਮਾਰਨ ਲਈ ਲਾਰੈਂਸ ਗਰੁੱਪ ਦੇ ਜੋਧਾ ਤੇ ਮੋਨੂੰ ਡਾਗਰ ਨੂੰ ਮੋਗਾ ਵਿਖੇ ਭੇਜਿਆ ਸੀ ਜਿਨ੍ਹਾਂ ਨੇ ਗਲਤੀ ਨਾਲ ਜਿਤੇਂਦਰ ਧਮੀਜਾ (ਨੀਲਾ) ਨੂੰ ਨਾ ਮਾਰ ਕੇ ਉਸਦੇ ਭਰਾ ਸੁਨੀਲ ਧਮੀਜਾ ਤੇ ਉਸਦੇ ਬੇਟੇ ਪ੍ਰਥਮ ਦੇ ਉੱਪਰ ਹਮਲਾ ਕੀਤਾ ਸੀ। ਪਿਸਟਲ ਲੋਕ ਹੋਣ ਕਰਕੇ ਮੋਨੂੰ ਗੋਲੀ ਨਹੀਂ ਚਲਾ ਸਕਿਆ ਤਾਂ ਸੁਨੀਲ ਦੇ ਨਾਲ ਹੱਥੋਪਾਈ ਹੋਣ ਲੱਗ ਗਈ। ਇਸ ਦੌਰਾਨ ਜੋਧਾ ਨੇ ਪ੍ਰਥਮ ਦੇ ਪੈਰ ‘ਤੇ ਗੋਲੀ ਮਾਰ ਦਿੱਤੀ ਸੀ। (Lawrence Bishnoi)
ਇਹ ਵੀ ਪੜ੍ਹੋ ; ਕੱਚੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਜ਼ੋਰਦਾਰ ਝੜਪ, ਕਈ ਜਖ਼ਮੀ, ਹਿਰਾਸਤ ’ਚ ਲਈਆਂ ਅਧਿਆਪਕਾਵਾਂ
ਸੁਨੀਲ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਮੋਨੂੰ ਡਾਗਰ ਨੂੰ ਫੜ ਕੇ ਰੱਖਿਆ ਤੇ ਬਾਅਦ ‘ਚ ਪੁਲਿਸ ਹਵਾਲੇ ਕਰ ਦਿੱਤਾ ਅਤੇ ਜੋਧਾ ਭੱਜਣ ‘ਚ ਕਾਮਯਾਬ ਹੋ ਗਿਆ ਸੀ। ਦੋਵੇਂ ਹਮਲਾਵਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜੇ ਹੋਏ ਸਨ। ਇਸ ਮਾਮਲੇ ਸਬੰਧੀ ਮੋਗਾ ਸਿਟੀ ਪੁਲਿਸ ਨੇ ਜੋਧਾ ਤੇ ਮੋਨੂੰ ਡਾਗਰ ਖਿਲਾਫ਼ ਐਫਆਈਆਰ ਨੰਬਰ 209 ‘ਚ ਆਈਪੀਸੀ 307 ਆਰਮ ਐਕਟ 25 ਅਤੇ ਐਨਡੀਪੀਐਸ 22 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦਾ ਨਾਂ ਦਰਜ ਕੀਤਾ ਗਿਆ ਸੀ। ਅੱਜ ਉਸ ਕੇਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।