ਨਵਜੋਤ ਸਿੱਧੂ ਖਿਲਾਫ਼ ਮਾਣਹਾਣੀ ਦਾ ਕੇਸ ਕਰਨਗੇ ਲਾਲੀ ਬਾਦਲ

ਰੌਲੇ ਵਾਲੀ ਥਾਂ ਕੌਡੀਆਂ ਦੇ ਭਾਅ ਖਰੀਦਣ ਦੇ ਦੋਸ਼ਾਂ ਬਾਰੇ ਰੱਖਿਆ ਪੱਖ

ਅਸ਼ੋਕ ਵਰਮਾ ਬਠਿੰਡਾ, 18ਜੂਨ :ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਪਰਮਜੀਤ ਸਿੰਘ ਲਾਲੀ ਬਾਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਬੋਹਰ ਵਿਖੇ ਰੌਲੇ ਵਾਲੀ ਥਾਂ ਕੌਡੀਆਂ ਦੇ ਭਾਅ ਖਰੀਦਣ ਦੇ ਲਾਏ ਦੋਸ਼ਾਂ ਬਾਰੇ ਅੱਜ ਬਠਿੰਡਾ ਪ੍ਰੈਸ ਕਲੱਬ ਵਿਖੇ ਸਬੂਤਾਂ ਸਮੇਤ ਆਪਣਾ ਪੱਖ ਰੱਖਿਆ

ਲਾਲੀ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਲਾਏ ਦੋਸ਼ਾਂ ‘ਚ ਕੋਈ ਸੱਚਾਈ ਨਹੀਂ ਹੈ ਬਲਕਿ ਮਨਘੜਤ ਤੇ ਝੂਠ ਦਾ ਪੁਲੰਦਾ ਹਨ ਉਨ੍ਹਾਂ ਆਖਿਆ ਕਿ ਇਸ ਨਾਲ ਪੰਜਾਬ ‘ਚ ਉਨ੍ਹਾਂ ਦੇ ਮਾਣ ਸਨਮਾਨ ਨੂੰ ਵੱਡੀ ਸੱਟ ਵੱਜੀ ਹੈ ਜਿਸ ਕਰਕੇ ਹੁਣ ਉਹ ਨਵਜੋਤ ਸਿੰਘ ਸਿੱਧੂ ਖਿਲਾਫ ਅਦਾਲਤ ‘ਚ ਮਾਣਹਾਨੀ ਦਾ ਕੇਸ ਦਾਇਰ ਕਰਨਗੇ ਅਤੇ ਵਿਧਾਨ ਸਭਾ ਦੇ ਸਪੀਕਰ ਤੱਕ ਵੀ ਪਹੁੰਚ ਕੀਤੀ ਜਾਏਗੀ

ਨਵਜੋਤ ਸਿੰਘ ਸਿੱਧੂ ਨੇ ਪਵਿੱਤਰ ਸਦਨ ਨੂੰ ਗੁੰਮਰਾਹ ਕੀਤਾ

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਬਗੈਰ ਤੱਥਾਂ ਦੀ ਪੜਤਾਲ ਕੀਤਿਆਂ ਵਿਧਾਨ ਸਭਾ ‘ਚ ਝੂਠੀ ਬਿਆਨਬਾਜੀ ਕਰਕੇ ਪਵਿੱਤਰ ਸਦਨ ਨੂੰ ਗੁੰਮਰਾਹ ਕੀਤਾ ਹੈ ਉਨ੍ਹਾਂ ਮਾਲ ਵਿਭਾਗ ਦਾ ਰਿਕਾਰਡ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਬੋਹਰ ‘ਵਿਖੇ  ਸੋਹਣ ਸਿੰਘ ਪੁੱਤਰ ਮੰਗਲ ਸਿੰਘ ਤੋਂ ਖਸਰਾ ਨੰਸਰ 2060/2 ਵਿਚਲਾ ਸਵਾ ਨੌਂ ਮਰਲੇ ਪਲਾਟ ਵਸੀਕਾ ਨੰਬਰ 6225 ਮਿਤੀ 5 ਫਰਵਰੀ 2008 ਨੂੰ ਖਰੀਦਿਆ ਸੀ ਜੋ ਸੋਹਣ ਸਿੰਘ ਦੀ ਪੁਸ਼ਤੈਣੀ ਮਲਕੀਅਤ ਵਾਲਾ ਸੀ

ਉਨ੍ਹਾਂ ਦੱਸਿਆ ਕਿ ਕਿਸੇ ਵਰਤੋਂ ‘ਚ ਨਾ ਆਉਣ ਕਾਰਨ ਉਨ੍ਹਾਂ ਅੱਗਿਓਂ ਇਹ ਪਲਾਟ ਸ਼੍ਰੀਮਤੀ ਸੁਲੇਖਾ ਰਾਣੀ ਪਤਨੀ ਰਮੇਸ਼ ਕੁਮਾਰ ਅਤੇ ਪ੍ਰੇਮ ਲਤਾ ਪਤਨੀ ਪ੍ਰਦੀਪ ਕੁਮਾਰ ਨੂੰ ਵੇਚ ਦਿੱਤੀ ਸੀ ਇਸ ਜਗ੍ਹਾ ਦਾ ਇੰਤਕਾਲ ਖਰੀਦਦਾਰਾਂ ਦੇ ਨਾਂਅ ਹੋ ਗਿਆ ਹੈ ਤੇ ਉਹੀ ਕਾਬਜ ਹਨ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਇਸ ਥਾਂ ਦਾ ਮਿਉਂਸਿਪਲ ਕਮੇਟੀ ਅਬੋਹਰ ਨੂੰ 43 ਹਜਾਰ 885 ਰੁਪਏ ਜੋ ਟੈਕਸ ਵਗੈਰਾ ਦੇ ਬਾਕੀ ਸਨ, ਨਕਦ ਅਦਾ ਕੀਤੇ ਹਨ ਕਿਉਂਕਿ ਸੋਹਣ ਸਿੰਘ ਕਮੇਟੀ ਤਰਫੋਂ ਕੀਤਾ ਕੇਸ ਦੋ ਅਦਾਲਤਾਂ ਚੋਂ ਹਾਰ ਗਿਆ ਸੀ

ਲਾਲੀ ਬਾਦਲ ਦੀ ਬਦਨਾਮੀ ਹੋਈ ਹੈ

ਲਾਲੀ ਬਾਦਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕਾਨੂੰਨੀ ਤੌਰ ਤੇ ਖਰੀਦੀ ਤੇ ਵੇਚੀ ਜਗ੍ਹਾ ਨੂੰ ਝਗੜੇ ਵਾਲੀ ਜਮੀਨ ਖਰੀਦਣ ਸਬੰਧੀ ਬੇਬੁਨਿਆਦ ਬਿਆਨ ਦੇਕੇ ਸਦਨ ਨੂੰ ਗੁੰਮਰਾਹ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਅਖਬਾਰਾਂ ‘ਚ ਖਬਰ ਪ੍ਰਕਾਸ਼ਿਤ ਹੋਣ ਅਤੇ ਇਲੈਕਟਰਾਨਿਕ ਮੀਡੀਆ ‘ਚ ਇਸ ਗੱਲ ਦੇ ਉਛਲਣ ਕਾਰਨ ਉਨ੍ਹਾਂ ਦੀ ਬਦਨਾਮੀ ਹੋਈ ਹੈ ਤੇ ਅਕਸ ਨੂੰ ਠੇਸ ਪੁੱਜੀ ਹੈ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਤੋਂ ਇਸ ਸਬੰਧੀ ਜਾਂਚ ਕਰਕੇ ਸ੍ਰੀ ਸਿੱਧੂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਮਾਮਲੇ ਬਾਰੇ ਪੱਖ ਜਾਨਣ ਲਈ ਕੋਸ਼ਿਸ਼ ਕਰਨ ਦੇ ਬਾਵਜੂਦ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ ਹੈ