ਅਧਿਆਪਕਾਂ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਪੁਲਿਸ ਰੋਕਾਂ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ

ਗੁਰਦਾਸਪੁਰ, 18 ਜੂਨ:
ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਉਦੇਸ਼ ਅਤੇ ਅਧਿਆਪਕ ਵਿਰੋਧੀ ਫ਼ੈਸਲੇ ਲਏ ਜਾਣ ਖ਼ਿਲਾਫ਼ ਅੱਜ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਸ਼ਹਿਰ ਅੰਦਰ ਵੱਡਾ ਇਕੱਠ ਕੀਤਾ ਅਤੇ ਫਿਰ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧੇ। ਜਿੱਥੇ ਪਹਿਲਾਂ ਤੋਂ ਹੀ ਤਾਇਨਾਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਦੋਵਾਂ ਧਿਰਾਂ ‘ਚ ਧੱਕਾ-ਮੁੱਕੀ ਵੀ ਹੋਈ।

ਗੌਰਮਿੰਟ ਟੀਚਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਕੂਲੀ ਸਿੱਖਿਆ ਅਤੇ ਅਧਿਅਪਕ ਮਸਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸਨ, ਪਰ ਉਨ੍ਹਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ।

ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ

ਸਗੋਂ ਆਪਣੇ ਚਹੇਤਿਆਂ ਦੀਆਂ ਬਿਨਾ ਅਪਲਾਈ ਕੀਤਿਆਂ ਅਤੇ ਬਿਨਾ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤਿਆਂ ਬਦਲੀਆਂ ਕਰਨ ਵਿੱਚ ਰੁੱਝ ਗਏ, ਜਿਸ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਆਪਕ ਆਗੂਆਂ ਦੋਸ਼ ਲਗਾਇਆ ਕਿ ਸਿੱਖਿਆ ਮੰਤਰੀ ਨੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਦਹਾਕਿਆਂ ਤੋਂ ਖ਼ਾਲੀ ਪਈਆਂ ਪੋਸਟਾਂ ‘ਤੇ ਨਿਯੁਕਤੀ ਕਰਨ ਦੀ ਬਜਾਏ ਪਹਿਲਾਂ ਤੋਂ ਕੰਮ ਕਰਦੇ ਅਧਿਅਪਕਾਂ ਨੂੰ ਇੱਧਰ ਉੱਧਰ ਕਰਕੇ ਕੰਮ ਚਲਾਉਣ ਨੂੰ ਤਰਜ਼ੀਹ ਦਿੱਤੀ ਹੈ। ਜੋ ਅਧਿਆਪਕ ਵਿਰੋਧੀ ਫ਼ੈਸਲਾ ਹੈ ਅਤੇ ਉਹ ਇਸਦੀ ਸਖ਼ਤ ਨਿਖੇਧੀ ਕਰਦੇ ਹਨ। ਇਸੇ ਤਰ੍ਹਾਂ 2015 ਵਿੱਚ ਤਿੰਨ ਸਾਲ ਲਈ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਸੀ, ਪਰ ਤਿੰਨ ਸਾਲ ਦੀ ਬਜਾਏ ਹੁਣ ਦੋ ਸਾਲ ਬਾਅਦ ਹੀ ਰੈਸ਼ਨੇਲਾਈਜ਼ੇਸ਼ਨ ਕਰਨਾ 2015 ਦੀ ਪਾਲਿਸੀ ਦੇ ਵਿਰੁੱਧ ਹੈ।

ਆਗੂਆਂ ਕਿਹਾ ਕਿ ਮੰਗ ਪੱਤਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਉਨ੍ਹਾਂ ਵੱਲੋਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਚੁੱਪ ਵੱਟੀ ਹੋਈ ਹੈ। ਇਸ ਦੌਰਾਨ ਅਧਿਆਪਕ ਪੁਲਿਸ ਰੋਕਾਂ ਨੂੰ ਤੋੜਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਕੋਲ ਪਹੁੰਚੇ ਅਤੇ ਕਰੀਬ ਅੱਧਾ ਘੰਟਾ ਕੋਠੀ ਦਾ ਘਿਰਾਓ ਕਰਕੇ ਧਰਨਾ ਦਿੱਤਾ।

5 ਜੁਲਾਈ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਦਿਵਾਇਆ

ਮੌਕੇ ‘ਤੇ ਪੁੱਜੇ ਨਾਇਬ ਤਹਿਸੀਲਦਾਰ ਪ੍ਰੇਮ ਕੁਮਾਰ ਵੱਲੋਂ ਸਿੱਖਿਆ ਮੰਤਰੀ ਨਾਲ ਫ਼ੋਨ ‘ਤੇ ਗੱਲ ਕਰਕੇ ਅਧਿਆਪਕਾਂ ਨੂੰ ਤਮਾਮ ਮਸਲਿਆਂ ‘ਤੇ ਵਿਚਾਰ ਕਰਨ ਲਈ 5 ਜੁਲਾਈ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਦਿਵਾਇਆ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ। ਇਸ ਮੌਕੇ ਧਰਨੇ ‘ਚ ਸੂਬਾ ਜਾਇੰਟ ਸਕੱਤਰ ਕੁਲਦੀਪ ਪੁਰੇਵਾਲ, ਮੰਗਲ ਟਾਂਡਾ, ਕੁਲਵਿੰਦਰ ਸਿੰਘ ਮੁਕਤਸਰ, ਰਣਜੀਤ ਸਿੰਘ ਮਾਨ, ਗੁਰਬਿੰਦਰ ਸਿੰਘ ਸਸਕੋਰ, ਪਿੰ੍ਰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਕਰਨੈਲ ਫਿਲੌਰ, ਭਗਵੰਤ ਭਟੇਜਾ, ਹਰਮੀਤ ਸਿੰਘ ਬਰਾੜ, ਸੱਤਪਾਲ, ਬਖਸ਼ੀਸ਼ ਸਿੰਘ ਜਵੰਦਾ, ਹਰਜੀਤ ਸਿੰਘ ਗਲਵੱਟੀ, ਨਰਿੰਦਰ ਮਾਖਾ, ਜਗਦੀਪ ਸਿੰਘ ਜੌਹਲ, ਸੁਰਿੰਦਰ ਸਿੰਘ ਔਜਲਾ, ਸਰਬਜੀਤ ਸਿੰਘ ਬਰਾੜ, ਸੁਰਿੰਦਰ ਕੁਮਾਰ ਅਤੇ ਕੇਵਲ ਸਿੰਘ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕ ਪਹੁੰਚੇ ਹੋਏ ਸਨ

ਕੀ ਹਨ ਅਧਿਆਪਕਾਂ ਦੀਆਂ ਮੰਗਾਂ

ਘੱਟ ਬੱਚਿਆਂ ਦੇ ਬਹਾਨੇ ਬੰਦ ਕੀਤੇ ਸਕੂਲ ਮੁੜ ਚਾਲੂ ਕੀਤੇ ਜਾਣ ਮਾਣਯੋਗ ਇਲਾਹਾਬਾਦ ਹਾਈਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਮਾਡਲ ਸਕੂਲ, ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਤੇ ਅੰਗਰੇਜ਼ੀ ਸਕੂਲ ਆਦਿ ਚੋਣਵੇਂ ਸਕੂਲ ਖੋਲ੍ਹਣ ਦੀ ਪ੍ਰਥਾ ਬੰਦ ਕਰਕੇ ਸਾਰੇ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ। ਬੱਚਿਆਂ ਦੀਆਂ ਰਹਿੰਦੀਆਂ ਪਾਠ ਪੁਸਤਕਾਂ 30 ਜੂਨ ਤੱਕ ਮੁਹੱਈਆ ਕਰਵਾਈਆਂ ਜਾਣ ਬੱਚਿਆਂ ਦੀ ਵਰਦੀ ਲਈ ਘੱਟੋ-ਘੱਟ 1000 ਰੁਪਏ ਪ੍ਰਤੀ ਬੱਚਾ ਗਰਾਂਟ ਦਿੱਤੀ ਜਾਵੇ। ਬੱਚਿਆਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਬੈਠਣ ਦਾ ਪ੍ਰਬੰਧ ਹਰ ਸਕੂਲ ਵਿੱਚ ਕੀਤਾ ਜਾਵੇ। ਸਕੂਲਾਂ ਦੀ ਮੁਰੰਮਤ, ਬਿਜਲੀ ਦੇ ਬਿੱਲ, ਇੰਟਰਨੈਟ ਦੇ ਬਿੱਲ, ਸਟੇਸ਼ਨਰੀ, ਟੈਲੀਫ਼ੋਨ ਆਦਿ ਦੇ ਖ਼ਰਚਿਆਂ ਲਈ ਗਰਾਂਟ ਵਿੱਚ ਵਾਧਾ ਕੀਤਾ ਜਾਵੇ। ਪ੍ਰਾਇਮਰੀ ਸਕੂਲਾਂ ਦੇ ਟੂਰਨਾਮੈਂਟਾਂ ਲਈ ਲੋੜੀਂਦਾ ਫ਼ੰਡ ਜਾਰੀ ਕੀਤਾ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰਖਿਆਵਾਂ, ਰੀ ਚੈਕਿੰਗ ਅਤੇ ਰੀ ਅਪੀਅਰ ਫ਼ੀਸਾਂ ਘਟਾਈਆਂ ਜਾਣ।