ਧਰਨੇ ‘ਤੇ ਬੈਠੀ ਬੇਰੁਜ਼ਗਾਰ ਅਧਿਆਪਕਾ ਹੋਈ ਬੇਹੋਸ਼

Unconscious, Unemployed, teacher, dharna

ਸੰਘਰਸ਼ਕਾਰੀ 5ਵੇਂ ਦਿਨ ਵੀ ਟੈਂਕੀ ‘ਤੇ ਚੜ੍ਹੇ ਰਹੇ

ਕੁਲਵੰਤ ਕੋਟਲੀ ਮੋਹਾਲੀ 16 ਜੂਨ: ਨੌਕਰੀਆਂ ਪ੍ਰਾਪਤ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦਾ ਸੰਘਰਸ਼ ਭਿਆਨਕ ਗਰਮੀ ‘ਚ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਦੱਸਿਆ ਕਿ ਪਾਣੀ ਵਾਲੇ ਟੈਂਕੀ ‘ਤੇ ਚੜ੍ਹੇ ਸੰਘਰਸ਼ਕਾਰੀਆਂ ਦਾ ਜਦੋਂ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਪਾਣੀ ਜਾਣਾ ਬੰਦ ਕਰ ਦਿੱਤਾ ਗਿਆ ਤਾਂ ਹੇਠਾਂ ਧਰਨਾ ਦੇ ਰਹੇ ਅਧਿਆਪਕਾਂ ਵੱਲੋਂ ਵੀ ਰੋਸ ‘ਚ ਪਾਣੀ ਪੀਣਾ ਬੰਦ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਸਾਡੇ ਸਾਥੀਆਂ ਨੂੰ ਕੁਝ ਨਹੀਂ ਮਿਲੇਗਾ ਤਾਂ ਅਸੀਂ ਵੀ ਨਹੀਂ ਖਾਵਾਂਗੇ।

ਗਰਮੀ ਦੇ ਕਾਰਨ ਅੱਜ ਹੇਠਾਂ ਬੈਠੀ ਬੇਰੁਜ਼ਗਾਰ ਅਧਿਆਪਕਾ ਰੇਣੂ ਬਾਲਾ ਬੇਹੋਸ਼ ਹੋ ਗਈ, ਜਿਸ ਨੂੰ ਤੁਰੰਤ ਐਂਬੂਲੈਂਸ ਦੇ ਰਾਹੀਂ ਸਰਕਾਰੀ ਹਸਪਤਾਲ ਫੇਜ 6 ਵਿਖੇ ਭਰਤੀ ਕਰਵਾਇਆ ਗਿਆ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਟੈਂਕੀ ‘ਤੇ ਚੜ੍ਹੇ ਸਾਥੀਆਂ ਲਈ ਖਾਣ ਦਾ ਸਮਾਨ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਧਰਨੇ ਵਾਲੀ ਥਾਂ ‘ਤੇ ਮੋਹਾਲੀ ਤੋਂ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪਹੁੰਚ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਛੇਤੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜ਼ਿਕਰਯੋਗ ਹੈ ਕਿ 14 ਜੂਨ ਤੋਂ ਬੇਰੁਜ਼ਗਾਰ ਬੀ ਐਂਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕ ਯੂਨੀਅਨ ਦੇ ਮੈਡਮ ਵਰਿੰਦਰਜੀਤ ਕੌਰ ਨਾਭਾ, ਹਰਦੀਪ ਸਿੰਘ ਭੀਖੀ, ਵਿਜੇ ਕੁਮਾਰ, ਸਤਨਾਮ ਸਿੰਘ ਦਸੂਹਾ, ਹਰਵਿੰਦਰ ਸਿੰਘ ਮਲੇਰ ਕੋਟਲਾ ਮੈਂਬਰ ਸੋਹਾਣਾ ਦੇ ਪਾਣੀ ਵਾਲੀ ਟੈਂਕੀ ਦੇ ਉਪਰ ਚੜ੍ਹੇ ਹੋਏ ਹਨ।