ਜਾਣੋ, ਕਿਸ ਹਾਲ ’ਚ ਨੇ ਕੱਲ੍ਹ ਨਹਿਰ ’ਚ ਡਿੱਗੀ ਬੱਸ ਦੇ ਡਰਾਈਵਰ-ਕਡੰਕਟਰ

Bus-Accident
ਸ੍ਰੀ ਮੁਕਤਸਰ ਸਾਹਿਬ : ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡਿੰਪੀ ਢਿੱਲੋਂ।

ਕਿਉਂ ਵਾਪਰਿਆ ਹਾਦਸਾ, ਬੱਸ ਮਾਲਕ ਨੇ ਦਿੱਤੀ ਜਾਣਕਾਰੀ | Bus Accident

ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਦੀਪ ਬੱਸ ਕੰਪਨੀ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅੱਜ ਕੱਲ੍ਹ ਨਹਿਰ ’ਚ ਬੱਸ ਡਿੱਗਣ ਵਾਲੇ ਦੁਖਾਂਤਕ ਮਾਮਲੇ ਪ੍ਰਤੀ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਇਸ ਮੌਕੇ ਬੱਸ ’ਚ ਕਿੰਨੀਆਂ ਸਵਾਰੀਆਂ ਸੀ ਅਤੇ ਹਾਦਸਾ ਕਿਉਂ ਵਾਪਰਿਆ ਅਤੇ ਡਰਾਈਵਰ-ਕਡੰਕਟਰ ਇਸ ਵੇਲੇ ਕਿੱਥੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਹਾਦਸੇ ’ਚ ਜਿੱਥੇ ਕਈ ਸਵਾਰੀਆਂ ਦੀ ਮੌਤ ਹੋ ਗਈ ਉੱਥੇ ਹੀ ਉਨ੍ਹਾਂ ਦੇ ਡਰਾਈਵਰ-ਕਡੰਕਟਰ ਨੂੰ ਵੀ ਸੱਟਾਂ ਲੱਗੀਆਂ ਸੀ। (Bus Accident)

ਡਰਾਈਵਰ ਕਡੰਕਟਰ ਦੋਵਾਂ ਜਣਿਆਂ ਨੂੰ ਮੁੱਢਲੇ ਇਲਾਜ ਉਪਰੰਤ ਪੁਲਿਸ ਸਟੇਸ਼ਨ ’ਚ ਪੇਸ਼ ਕਰ ਦਿੱਤਾ, ਜੋ ਇਸ ਵੇਲੇ ਬਰੀਵਾਲਾ ਥਾਣੇ ’ਚ ਹਨ। ਬੱਸ ’ਚ ਸਵਾਰੀਆਂ ਸਬੰਧੀ ਪੁੱਛੇ ਜਾਣ ’ਤੇ ਢਿੱਲੋਂ ਨੇ ਦੱਸਿਆ ਕਿ ਕਡੰਕਟਰ ਨੇ ਦੱਸਿਆ ਹੈ ਕਿ ਬੱਸ ’ਚ ਕਰੀਬ 35 ਸਵਾਰੀਆਂ ਸੀ, ਜਿਸ ’ਚੋਂ 20 ਸਵਾਰੀਆਂ ਦੀਆਂ ਟਿਕਟਾਂ ਕੱਟੀਆਂ ਜਾ ਚੁੱਕੀਆਂ ਸੀ ਤੇ ਕੁੱਝ ਬਾਕੀ ਸੀ। ਬੱਸ ਦੀ ਫਿਟਨੈਸ ਅਤੇ ਬੀਮੇ ਬਾਰੇ ਉੱਠ ਰਹੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਬੱਸ ਦੀ ਫਿਟਨੈਸ ਅਤੇ ਬੀਮਾ ਨਹੀਂ ਹੋਵੇਗਾ ਤਾਂ ਮਾਣਯੋਗ ਅਦਾਲਤ ਉਨ੍ਹਾਂ ਨੂੰ ਕਲੇਮ ਪਾ ਦੇਵੇਗੀ ਇਹ ਮਾਣਯੋਗ ਅਦਾਲਤ ਨੇ ਵਿਚਾਰਨਾ ਹੈ।

ਹਾਦਸਾ ਪੁਲ ਚੌੜਾ ਨਾ ਹੋਣ ਕਰਕੇ ਵਾਪਿਰਆ | Bus Accident

ਹਾਦਸੇ ਦੇ ਬਾਰੇ ਡਰਾਈਵਰ ਨਾਲ ਕੀਤੀ ਗੱਲਬਾਤ ਬਾਰੇ ਉਨ੍ਹਾਂ ਦੱਸਿਆ ਕਿ ਪੁਲ ਦੇ ਅੱਗੇ ਪਿੱਛੇ ਸੜਕ 7-8 ਫੁੱਟ ਚੌੜੀ ਹੈ। ਇਸੇ ਦੌਰਾਨ ਮੀਂਹ ਪੈਂਦੇ ’ਚ ਬੱਸ ਦੇ ਅੱਗੇ ਕਾਰ ਜਾ ਰਹੀ ਤੇ ਦੋਵੇਂ ਹੀ ਸਾਈਡ ’ਤੇ ਸੀ। ਪੁਲ ਦੇ ਕੋਲ ਆ ਕੇ ਜਿੱਥੇ ਸੜਕ ਤੰਗ ਹੈ, ਉੱਥੋਂ ਕਾਰ ਡਰਾਈਵਰ ਨੇ ਗੱਡੀ ਕੱਢ ਲਈ ਪਰ ਬੱਸ ਡਰਾਈਵਰ ਨੇ ਬਰੇਕ ਮਾਰੇ ਤਾਂ ਬੱਸ ਸਲਿਪ ਹੋ ਕੇ ਪੁਲ ’ਚ ਜਾ ਵੱਜੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੁਲ ਚੌੜਾ ਨਾ ਹੋਣ ਕਰਕੇ ਵਾਪਿਰਆ ਹੈ ਕਿਉਂਕਿ ਜੇ ਪੁਲ ਚੌੜਾ ਹੁੰਦਾ ਤਾਂ ਕਾਰ ਅਤੇ ਬੱਸ ਦੋਵਾਂ ਨੇ ਆਪਣੀ-ਆਪਣੀ ਸਾਈਡ ਜਾਣਾ ਸੀ ਬਰੇਕ ਮਾਰਨ ਦੀ ਲੋੜ ਨਹੀਂ ਪੈਣੀ ਸੀ।

ਇਸ ਹਾਦਸੇ ’ਚ ਟੋਲ ਪਲਾਜੇ ਵਾਲਿਆਂ ਦੀ ਜਿੰਮੇਵਾਰੀ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਟੋਲ ਪਲਾਜੇ ਦੀ ਜਿੰਮੇਵਾਰੀ ਬਾਰੇ ਕੁੱਝ ਨਹੀਂ ਕਹਿ ਸਕਦੇ ਪਰ ਸੜਕ ਬਣਾਉਣ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਜਦੋਂ ਸੜਕ ਅੱਗੇ-ਪਿੱਛੇ ਚੌੜੀ ਹੈ ਤੇ ਪੁਲ ਤੰਗ ਹੈ, ਜੋ ਹਾਦਸੇ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ : ਕੈਨੇਡਾ ਦੀ ਕਾਰਵਾਈ ਦਾ ਭਾਰਤ ਨੇ ਦਿੱਤਾ ਜਵਾਬ, ਕੈਨੇਡਾਈ ਰਾਜਦੂਤ ਨੂੰ ਪੰਜ ਦਿਨਾਂ ’ਚ ਦੇਸ਼ ਛੱਡਣ ਲਈ ਕਿਹਾ

ਦੱਸਣਯੋਗ ਹੈ ਕਿ ਕੱਲ੍ਹ ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਕੰਪਨੀ ਦੀ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ ਸੀ। ਇਸ ਦਰਦਨਾਕ ਹਾਦਸੇ ਕਰੀਬ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਕਈ ਸਵਾਰੀਆਂ ਜ਼ਖਮੀ ਤੇ ਕਈ ਲਾਪਤਾ ਹੋ ਗਈਆਂ ।