Kisan Mahapanchayat: ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਵਿਖੇ ਕਿਸਾਨ ਮਹਾਂ ਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ

Kisan Mahapanchayat
Kisan Mahapanchayat

ਜਗਜੀਤ ਸਿੰਘ ਡੱਲੇਵਾਲ ਕਰਨਗੇ ਸੰਬੋਧਨ, ਸਵੇਰੇ 8 ਵਜੇ ਪਟਿਆਲਾ ਤੋਂ ਵੱਡੇ ਕਾਫਲੇ ਰਾਹੀਂ ਹੋਣਗੇ ਰਵਾਨਾ | Kisan Mahapanchayat

Kisan Mahapanchayat: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਇੱਥੇ ਤਿੰਨ ਘੰਟਿਆਂ ਤੱਕ ਲੰਮੀ ਮੀਟਿੰਗ ਕੀਤੀ ਗਈ। ਇਸ ਦੌਰਾਨ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਕਿ 3 ਅਪਰੈਲ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਵਿਖੇ ਵੱਡੀ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਪੰਜਾਬ ਵਿੱਚ 6 ਹੋਰ ਮਹਾਂ ਪੰਚਾਇਤਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪਹਿਲਾਂ ਇੱਥੇ ਤਿੰਨ ਘੰਟਿਆਂ ਤੱਕ ਆਪਣੀ ਮੀਟਿੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਇੱਥੋਂ ਦੇ ਪਾਰਕ ਹਸਪਤਾਲ ਵਿੱਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਇਸ ਤੋਂ ਬਾਅਦ ਸ਼ਾਮ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਅਤੇ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ 19 ਮਾਰਚ ਨੂੰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਸਮੇਤ ਸ਼ੰਭੂ ਅਤੇ ਖਨੌਰੀ ਮੋਰਚੇ ਜਬਰੀ ਢਾਹੁਣ, ਕਿਸਾਨਾਂ ਦਾ ਸਮਾਨ ਚੋਰੀ ਕਰਨ ਆਦਿ ਖਿਲਾਫ ਪੰਜਾਬ ਵਿੱਚ ਦੋਹਾਂ ਫੋਰਮਾਂ ਵੱਲੋਂ ਕਿਸਾਨ ਮਹਾਂ ਪੰਚਾਇਤਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Railway News: ਰੇਲਵੇ ਫਿਰੋਜ਼ਪੁਰ ਡਿਵੀਜ਼ਨ ਨੇ ਵਿੱਤੀ ਸਾਲ ‘ਚ ਟਿਕਟ ਚੈਕਿੰਗ ਰਾਹੀਂ ਕਰੋੜਾਂ ਰੁਪਏ ਦਾ ਮਾਲੀਆ ਕੀਤਾ ਇਕੱਠ…

ਉਹਨਾਂ ਕਿਹਾ ਕਿ 3 ਅਪਰੈਲ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਗਜੀਤ ਸਿੰਘ ਡੱਲੇਵਾਲ ਸਵੇਰੇ 8 ਵਜੇ ਪਟਿਆਲਾ ਤੋਂ ਵੱਡੇ ਕਾਫਲੇ ਰਾਹੀਂ ਆਪਣੇ ਪਿੰਡ ਵੱਲ ਰਵਾਨਾ ਹੋਣਗੇ ਅਤੇ ਇਸ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਨਗੇ।

6 ਅਪਰੈਲ ਤੋਂ 12 ਅਪਰੈਲ ਤੱਕ ਹੋਣਗੀਆਂ ਕਿਸਾਨ ਮਹਾਂ ਪੰਚਾਇਤਾਂ

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 6 ਅਪਰੈਲ ਨੂੰ ਸਰਹੰਦ ਵਿਖੇ ,7 ਅਪਰੈਲ ਨੂੰ ਧਨੌਲਾ ਵਿਖੇ , 8 ਅਪਰੈਲ ਨੂੰ ਦੋਦਾ ਵਿਖੇ , 9 ਅਪਰੈਲ ਨੂੰ ਫਾਜਲਿਕਾ ਵਿਖੇ, 10 ਅਪਰੈਲ ਨੂੰ ਮਾਨਸਾ ਵਿਖੇ , 12 ਅਪਰੈਲ ਨੂੰ ਅੰਮ੍ਰਿਤਸਰ ਵਿਖੇ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ। ਇਹਨਾਂ ਸਾਰੀਆਂ ਮਹਾਂ ਪੰਚਾਇਤਾਂ ਨੂੰ ਜਗਜੀਤ ਸਿੰਘ ਡੱਲੇਵਾਲ ਸੰਬੋਧਨ ਕਰਨਗੇ। ਇਧਰ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸ਼ਾਮਿਲ ਨਹੀਂ ਸਨ । ਜਦੋਂ ਇਸ ਸਬੰਧੀ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਕਤ ਆਗੂ ਕਿਉਂ ਨਹੀਂ ਪੁੱਜੇ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਫੋਰਮ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਉਹਨਾਂ ਦੱਸਿਆ ਕਿ ਇਹ ਜੋ ਕਿਸਾਨ ਮਹਾਂ ਪੰਚਾਇਤਾਂ ਦੇ ਪ੍ਰੋਗਰਾਮ ਹੋ ਰਹੇ ਹਨ ਇਹ ਦੋਹਾਂ ਫੋਰਮਾਂ ਦੇ ਸਾਂਝੇ ਹਨ। Kisan Mahapanchayat

ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਸਮੇਤ ਕਿਸਾਨਾਂ ਦੀਆਂ ਜੋ 12 ਮੰਗਾਂ ਹਨ ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੋ ਧੋਖੇਬਾਜੀ ਕੀਤੀ ਗਈ ਹੈ ਉਸਦਾ ਖਮਿਆਜਾ ਇਸ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ।