ਹੁਣ ਸਰਕਾਰੀ ਸਕੂਲ ਦੇ ਗੇਟ ‘ਤੇ ਲਾਇਆ ਖਾਲਿਸਤਾਨ ਦਾ ਬੈਂਨਰ

ਪੁਲਿਸ ਨੇ ਲਿਆ ਕਬਜ਼ੇ ‘ਚ, ਜਾਂਚ ਜਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅੰਦਰ ਖਾਲਿਸਤਾਨੀ ਪੋਸਟਰ ਅਤੇ ਬੈਂਨਰ ਲਗਾਉਣ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਸਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਗੇਟ ਅੱਗੇ ਖਾਲਿਸਤਾਨੀ ਬੈਨਰ ਲਾ ਦਿੱਤਾ ਗਿਆ। ਇਸ ਬੈਨਰ ਉੱਪਰ ਖਾਲਿਸਤਾਨ ਤੋਂ ਇਲਾਵਾ 2020 ਵੋਟ ਬਣਾਉਣ ਲਈ ਵੀ ਇਕ ਨੰਬਰ ਲਿਖਿਆ ਹੋਇਆ ਹੈ। ਪੁਲਿਸ ਨੂੰ ਭਿਣਕ ਪੈਣ ਤੇ ਉਕਤ ਬੈਨਰ ਉਤਾਰ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਿਕ ਇਹ ਖਾਲਿਸਤਾਨ ਲਿਖਿਆ ਬੈਨਰ ਕਿਸੇ ਵੱਲੋਂ ਰਾਤ ਸਮੇਂ ਲਾਇਆ ਗਿਆ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਕੂਲ ਵਾਲੇ ਰੋਡ ‘ਤੇ ਬਹੁਤ ਜ਼ਿਆਦਾ ਆਵਾਜਾਈ ਹੈ, ਜਿਸ ਕਰਕੇ ਅਜਿਹਾ ਕੰਮ ਦਿਨ ਵੇਲੇ ਨਹੀਂ ਹੋ ਸਕਦਾ। ਇਸ ਕਰਕੇ ਇਹ ਕੰਮ ਰਾਤ ਵੇਲੇ ਦਾ ਹੀ ਹੈ।

ਇਸ ਝੰਡੇ ਦੇ ਉਪਰ ਖਾਲਿਸਤਾਨ ਤੋਂ ਇਲਾਵਾ 2020 ‘ਚ ਵੋਟ ਬਣਾਉਣ ਲਈ ਵੀ ਇਕ ਨੰਬਰ ਦਿੱਤਾ ਹੋਇਆ ਹੈ। ਜਿਕਰਯੋਗ ਹੈ ਕਿ ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਵੱਲੋਂ 31 ਅਕਤੂਬਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੇ ਖਾਲਿਸਤਾਨ ਦੇ ਝੰਡੇ ਲਾਉਣ ਲਈ ਕਿਹਾ ਸੀ। ਸਾਇਦ ਇਸੇ ਤਹਿਤ ਅੱਜ ਸਵੇਰੇ  ਸਨੌਰ ਵਿਖੇ ਸਰਕਾਰੀ ਸਕੂਲ ਦੇ ਗੇਟ ਤੇ ਖਾਲਿਸਤਾਨ ਦਾ ਬੈਨਰ ਲਗਾ ਦਿੱਤਾ ਗਿਆ।

ਪਿਛਲੇ ਦਿਨੀ ਹੀ  ਪੰਜਾਬੀ ਯੂਨੀਵਰਿਸਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਰੈਫਰੰਡਮ-2020 ਦਾ ਪੋਸਟਰ ਲੱਗਾ ਹੋਇਆ ਦਿਖਾਈ ਦਿੱਤਾ ਸੀ, ਜਿਸ ਦੀ ਜਾਂਚ ਵੀ ਜਾਰੀ ਹੈ। ਜਦਕਿ ਅੱਜ ਮੁੜ ਫਿਰ ਅਜਿਹਾ ਹੀ ਬੈਨਰ ਲੱਗਿਆ ਦਿਖਾਈ ਦਿੱਤਾ। ਇੱਧਰ ਜਦੋਂ ਸਨੌਰ ਪੁਲਿਸ ਕੋਲ ਉਕਤ ਬੈਨਰ ਦੀ ਭਿਣਕ ਲੱਗੀ ਤਾਂ ਇਸ ਤੋਂ ਬਾਅਦ ਇਸ ਨੂੰ ਉਤਰਵਾ ਦਿੱਤਾ ਗਿਆ। ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗੇਟ ਆਦਿ ਤੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਿਆ ਹੋਇਆ ਤਾ ਜੋ ਸਰਾਰਤੀ ਅਨਸਰ ਦੀ ਪਛਾਣ ਹੋ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਸਰਾਰਤੀ ਅਨਸਰ ਦੀ ਕਾਰਵਾਈ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.