ਖਹਿਰਾ ਨੇ ਰਾਣਾ ਗੁਰਜੀਤ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਰੋਕਿਆ | Rana Gurjit
- ਅਮਰਿੰਦਰ ਸਿੰਘ ਨੇ ਦਿੱਤੀ ਚਿਤਾਵਨੀ, ਕਿਹਾ ਗਲਤ ਧੱਕਾ ਕੀਤਾ ਤਾਂ ਸਿੱਟਾ ਭੁਗਤਣ ਲਈ ਤਿਆਰ ਰਹਿਣ ਖਹਿਰਾ | Rana Gurjit
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੀ ਭਾਸ਼ਾ ਕਾਰਨ ਚਰਚਿਤ ਰਹਿਣ ਵਾਲੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਅੱਜ ਫਿਰ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਸੀ, ਸਗੋਂ ਉਨ੍ਹਾਂ ਨੂੰ ਗੰਦਾ ਪਾਣੀ ਪਿਆਉਣ ਦੀ ਚਿਤਾਵਨੀ ਤੱਕ ਦੇ ਦਿੱਤੀ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਅੰਮ੍ਰਿਤਸਰ ਦੇ ਪਿੰਡ ਬੁੱਟਰ ਵਿਖੇ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ, ਜਿੱਥੇ ਪੁਲਿਸ ਵੱਲੋਂ ਰੋਕਣ ‘ਤੇ ਖਹਿਰਾ ਵੱਲੋਂ ਪੁਲਿਸ ਨਾਲ ਹੀ ਧੱਕਾ ਕਰਨ ਕਾਫ਼ੀ ਕੋਸ਼ਿਸ਼ ਕੀਤੀ।
ਸੁਖਪਾਲ ਖਹਿਰਾ ਦੇ ਜਬਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਆਪਣੀ ਹੱਦ ‘ਚ ਰਹਿਣ ਦੀ ਸਲਾਹ ਦਿੰਦਿਆਂ ਇਸ ਦੇ ਗੰਭੀਰ ਸਿੱੱਟੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਹਿ ਦਿੱਤਾ ਹੈ। ਐਤਵਾਰ ਨੂੰ ਸੁਖਪਾਲ ਖਹਿਰਾ ਨੇ ਬਿਆਸ ਦਰਿਆ ਦਾ ਪਾਣੀ ਖਰਾਬ ਕਰਨ ਲਈ ਪਿੰਡ ਬੁੱਟਰ ਵਿਖੇ ਸਥਿਤ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫੈਕਟਰੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਜ਼ਿਲ੍ਹਾ ਪੁਲਿਸ ਵੱਲੋਂ ਮੌਕੇ ‘ਤੇ ਖਹਿਰਾ ਨੂੰ ਰੋਕਦਿਆਂ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ, ਕਿਉਂਕਿ ਇਸ ਨਾਲ ਮੌਕੇ ‘ਤੇ ਦੋਵਾਂ ਧਿਰਾਂ ਦਰਮਿਆਨ ਲੜਾਈ ਹੋਣ ਦਾ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗਣ ਨਾਲ ਲੜਕੀ ਦੀ ਮੌਤ, ਤਿੰਨ ਜਖ਼ਮੀ
ਪੁਲਿਸ ਵੱਲੋਂ ਬੇਨਤੀ ਕਰਨ ਦੇ ਬਾਵਜ਼ੂਦ ਵੀ ਸੁਖਪਾਲ ਖਹਿਰਾ ਨੇ ਧੱਕੇ ਨਾਲ ਫੈਕਟਰੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਖਹਿਰਾ ਵੱਲੋਂ ਪੁਲਿਸ ਨਾਲ ਕਾਫ਼ੀ ਜਿਆਦਾ ਧੱਕਾ-ਮੁੱਕੀ ਵੀ ਕੀਤੀ, ਜਿਸ ਤੋਂ ਬਾਅਦ ਖਹਿਰਾ ਨੂੰ ਬੇਰੰਗ ਪਰਤਣਾ ਪਿਆ। ਇਸ ਤੋਂ ਬਾਅਦ ਦੇਰ ਸ਼ਾਮ ਸੁਖਪਾਲ ਖਹਿਰਾ ਨੇ 2 ਫੋਟੋਆਂ ਜਾਰੀ ਕਰਦਿਆਂ ਲਿਖਿਆ ਕਿ ਉਹ ਵਿਧਾਨ ਸਭਾ ਦੇ ਅੰਦਰ ਧੱਕੇ ਨਾਲ ਗੰਦੇ ਪਾਣੀ ਦਾ ਗਿਲਾਸ ਮੁੱਖ ਮੰਤਰੀ ਨੂੰ ਪਿਆਉਣਗੇ। ਇਸ ਨਾਲ ਹੀ ਰਾਣਾ ਗੁਰਜੀਤ ਸਿੰਘ ਬਾਰੇ ਵੀ ਕਾਫ਼ੀ ਕੁਝ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਸੁਖਪਾਲ ਖਹਿਰਾ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਆਪਣੀ ਮਰਿਆਦਾ ਤੇ ਹੱਦ ਨੂੰ ਲੰਘਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਨੇ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਹਿੰਸਾ ਭੜਕ ਸਕਦੀ ਸੀ। ਉਨ੍ਹਾਂ ਕਿਹਾ ਕਿ ਨਾ ਹੀ ਸੂਬਾ ਪੁਲਿਸ ਤੇ ਨਾ ਹੀ ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਆਪਣੇ ਸੌੜੇ ਸਿਆਸੀ ਹਿੱਤ ਪੂਰਨ ਖਾਤਰ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।