ਜ਼ਮੀਨ ਦੇ ਲਾਲਚੀ ਪੁੱਤ ਨੇ ਕਹੀ ਦੇ ਵਾਰ ਕਰਕੇ ਪਿਓ ਦੀ ਲਈ ਜਾਨ
ਗੁਰਪ੍ਰੀਤ ਸਿੰਘ, ਸੰਗਰੂਰ
ਨੇੜਲੇ ਪਿੰਡ ਉੱਭਾਵਾਲ ਵਿਖੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਕਲਿਯੁਗੀ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਲੌਂਗੋਵਾਲ ਦੀ ਪੁਲਿਸ ਨੇ ਕਥਿਤ ਕਾਤਲ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਬਡਰੁੱਖਾਂ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਉਭਾਵਾਲ ਦੇ ਵਸਨੀਕ ਬੀਬੀ ਬਲਵਿੰਦਰ ਕੌਰ ਨੇ ਆਪਣੇ ਲਿਖਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਸਦਾ ਲੜਕਾ ਹਰਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਜ਼ਮੀਨ ਨੂੰ ਆਪਣੇ ਨਾਂਅ ਕਰਵਾਉਣ ਲਈ ਕਹਿੰਦਾ ਆ ਰਿਹਾ ਸੀ ਅਤੇ ਉਹ ਸ਼ਰਾਬ ਆਦਿ ਪੀਣ ਦਾ ਵੀ ਆਦੀ ਸੀ ਇਸ ਕਾਰਨ ਘਰ ਵਿਖੇ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।
ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਹਰਦੀਪ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਤੇ ਬੱਚਿਆਂ ਨਾਲ ਵੀ ਮਾਰਕੁੱਟ ਕਰਦਾ ਸੀ। ਇਸ ਗੱਲ ਤੋਂ ਦੁਖੀ ਹੋ ਕੇ ਪਿਛਲੇ ਕਈ ਦਿਨਾਂ ਤੋਂ ਉਹ ਤੇ ਉਸਦਾ ਘਰ ਵਾਲਾ ਜੰਗ ਸਿੰਘ (70) ਉਸਦੇ ਪੇਕੇ ਪਿੰਡ ਕਨੋਈ ਵਿਖੇ ਰਹਿ ਰਹੇ ਸੀ। ਪਿਛਲੇ ਚਾਰ ਪੰਜ ਦਿਨਾਂ ਤੋਂ ਹਰਦੀਪ ਸਿੰਘ ਘਰ ਵਾਲੀ ਦੀ ਕੁੱਟਮਾਰ ਕਰਨ ਕਰਕੇ ਉਹ ਵੀ ਆਪਣੀ ਨੌਜਵਾਨ ਲੜਕੀ ਰਮਨਦੀਪ ਕੌਰ ਨੂੰ ਲੈ ਕੇ ਆਪਣੇ ਪੇਕੇ ਪਿੰਡ ਤੋਲਵਾਲ ਗਈ ਹੋਈ ਸੀ। ਘਰ ਵਿਖੇ ਸਿਰਫ਼ ਹਰਦੀਪ ਸਿੰਘ ਅਤੇ ਉਸ ਦਾ 10 ਸਾਲਾਂ ਦਾ ਲੜਕਾ ਪ੍ਰਭਜੋਤ ਸਿੰਘ ਰਹਿ ਰਹੇ ਸਨ।
ਬਲਵਿੰਦਰ ਕੌਰ ਨੇ ਦੱਸਿਆ ਕਿ 15 ਜੁਲਾਈ ਨੂੰ ਸਵੇਰੇ ਹਰਦੀਪ ਸਿੰਘ ਉਸ ਦੇ ਪੋਤਰੇ ਪ੍ਰਭਜੋਤ ਸਿੰਘ ਤੋਂ ਵਾਰ-ਵਾਰ ਫੋਨ ਕਰਵਾ ਰਿਹਾ ਸੀ ਕਿ ਉਹ ਰੋਟੀ ਬਿਨਾਂ ਭੁੱਖੇ ਬੈਠੇ ਹਨ, ਘਰ ਆ ਜਾਵੋ। ਅਖੀਰ ਉਹ 12 ਵਜੇ ਦੇ ਕਰੀਬ ਉਭਾਵਾਲ ਘਰ ਆ ਗਏ। ਉਨ੍ਹਾਂ ਦੱਸਿਆ ਕਿ ਰਾਤ ਨੂੰ 10 ਵਜੇ ਦੇ ਕਰੀਬ ਉਸ ਦੇ ਲੜਕੇ ਹਰਦੀਪ ਸਿੰਘ ਉਰਫ਼ ਗੋਰਾ ਨੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਪਿਤਾ ਜੰਗ ਸਿੰਘ ‘ਤੇ ਕਹੀ ਨਾਲ ਸਿਰ ਵਿੱਚ ਸਿੱਧਾ ਵਾਰ ਕਰ ਦਿੱਤਾ।
ਜੰਗ ਸਿੰਘ ਖੂਨ ਨਾਲ ਲੱਥ ਪੱਥ ਹੋ ਕੇ ਧਰਤੀ ‘ਤੇ ਡਿੱਗ ਪਿਆ ਤੇ ਉਹ ਆਪਣੇ ਪੋਤਰੇ ਪ੍ਰਭਜੋਤ ਸਿੰਘ ਨੂੰ ਨਾਲ ਲੈ ਕੇ ਘਰੋਂ ਬਾਹਰ ਭੱਜ ਗਈ ਤੇ ਰੌਲਾ ਪਾ ਕੇ ਗੁਆਂਢੀਆਂ ਨੂੰ ਜਗਾਇਆ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਇਆ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਪੁਲਿਸ ਦੇ ਦੱਸਣ ਮੁਤਾਬਕ ਕਥਿਤ ਦੋਸ਼ੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਉਸ ਖਿਲਾਫ਼ ਧਾਰਾ 302 ਆਈਪੀਸੀ ਤਹਿਤ ਪੁਲਿਸ ਚੌਂਕੀ ਬਡਰੁੱਖਾਂ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।