ਡੀਸੀ ਬਰਨਾਲਾ ਨੂੰ ਐਸਐਸਪੀ ਖਿਲਾਫ਼ ਸੌਂਪਿਆ ਰੋਸ ਪੱਤਰ
ਬਰਨਾਲਾ, (ਜਸਵੀਰ ਸਿੰਘ/ ਰਜਿੰਦਰ) ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਜਿੱਥੇ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਦੇ ਐਸ.ਐਸ.ਪੀ. ਵੱਲੋਂ ਅਖਬਾਰਾਂ ਰਾਹੀਂ ਕੋਰੋਨਾ ਫੈਲਣ ਦੀਆਂ ਅਫਵਾਹਾਂ ਫੈਲਾਅ ਕੇ ਲੋਕਾਂ ਵਿੱਚ ਸਹਿਮ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਬਰਨਾਲਾ ਦੇ ਐਸ.ਐਸ.ਪੀ ਨੇ ਬੀਤੇ ਕੱਲ੍ਹ ਧਨੌਲਾ ਵਿਖੇ ਪੁਲਿਸ ਦੇ ਰਾਸ਼ਨ ਵੰਡ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਸਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਅਖਬਾਰਾਂ ਤੋਂ ਕੋਰੋਨਾ ਫੈਲਣ ਦੀ ਗੱਲ ਕੀਤੀ ਸੀ। ਐਸਐਸਪੀ ਦੇ ਇਸ ਤੱਥਹੀਣ ਬਿਆਨ ਪਿੱਛੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ‘ਚ ਡਾਹਢਾ ਰੋਸ ਪਾਇਆ ਜਾ ਰਿਹਾ ਹੈ।
ਜਿਸ ਸਬੰਧੀ ਬਰਨਾਲਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮਿਲਕੇ ਜਿੱਥੇ ਰੋਸ ਪੱਤਰ ਦੀ ਕਾਪੀ ਡੀਸੀ ਬਰਨਾਲਾ ਨੂੰ ਸੌਂਪੀ ਉੱਥੇ ਹੀ ਐਸ.ਐਸ.ਪੀ. ਬਰਨਾਲਾ ਨੂੰ ਅਜਿਹੀਆਂ ਬੇਤੁਕੀਆਂ ਅਫਵਾਹਾਂ ਫੈਲਾਉਣ ਤੋਂ ਰੋਕਣ ਤੇ ਆਪਣੇ ਅਹੁਦੇ ਮੁਤਾਬਿਕ ਆਪਣੀਆਂ ਸੀਮਾਵਾਂ ਅੰਦਰ ਰਹਿਣ ਦੀ ਹਦਾਇਤ ਦੇਣ ਦੀ ਮੰਗ ਕੀਤੀ।
ਕਲੱਬ ਦੇ ਪ੍ਰਧਾਨ ਐਡਵੋਕੇਟ ਚੇਤਨ ਸ਼ਰਮਾ ਨੇ ਕਿਹਾ ਕਿ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਪਹਿਲਾਂ ਹੀ ਅਖਬਾਰਾਂ ਰਾਹੀਂ ਕਰੋਨਾ ਫੈਲਣ ਦਾ ਖੰਡਨ ਕੀਤਾ ਜਾ ਚੁੱਕਾ ਹੈ ਅਤੇ ਨਾ ਹੀ ਸਿਹਤ ਵਿਭਾਗ ਵੱਲੋਂ ਅਜਿਹਾ ਕੋਈ ਸਰਕੂਲੇਸ਼ਨ ਸਾਹਮਣੇ ਆਇਆ ਹੈ, ਫਿਰ ਪਤਾ ਨਹੀਂ ਕਿਸ ਅਧਾਰ ‘ਤੇ ਐਸ.ਐਸ.ਪੀ. ਬਰਨਾਲਾ ਵੱਲੋਂ ਅਖਬਾਰਾਂ ਪ੍ਰਤੀ ਤੱਥਹੀਣ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪੱਤਰਕਾਰ ਭਾਈਚਾਰੇ ਨੇ ਇਹ ਵੀ ਰੋਸ ਪ੍ਰਗਟ ਕੀਤਾ ਕਿ ਐਸ.ਐਸ.ਪੀ. ਬਰਨਾਲਾ ਦਾ ਮੀਡੀਆ ਪ੍ਰਤੀ ਵਿਵਹਾਰ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਅਕਸਰ ਪੁਲਿਸ ਸਮਾਗਮਾਂ ਦੀ ਕਵਰੇਜ ਦੌਰਾਨ ਮੀਡੀਆ ਕਰਮੀਆਂ ਨਾਲ ਵਿਵਹਾਰ ਹਾਂ ਪੱਖੀ ਨਹੀਂ ਹੁੰਦਾ।
ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਐਸ.ਐਸ.ਪੀ. ਵੱਲੋਂ ਜਿਲ੍ਹੇ ਅੰਦਰ ਲਾਗੂ ਧਾਰਾ 144 ਦੀਆਂ ਸਰੇਆਮ ਧੱਜੀਆਂ ਉਡਾਉਦੇ ਹੋਏ ਪੁਲਿਸ ਦੇ ਰਾਸ਼ਨ ਵੰਡ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਜਦ ਕਿ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀਆਂ ਹਦਾਇਤਾ ਦਿੱਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਦਾ ਇੱਕ ਉਤਾਰਾ ਡਿਪਟੀ ਕਮਿਸਨਰ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਅਤੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਨੂੰ ਵੀ ਭੇਜਿਆ ਗਿਆ ਹੈ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਨੇ ਉਨ੍ਹਾਂ ਦੀ ਮੰਗ ‘ਤੇ ਗੌਰ ਨਾ ਕੀਤਾ ਤਾਂ ਪ੍ਰਸਾਸਨ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।