ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਔਲਖ ਦੀ ਯਾਦ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ
ਸੱਚ ਕਹੂੰ ਨਿਊਜ਼
ਬਰਨਾਲਾ
ਦਾਣਾ ਮੰਡੀ ਬਰਨਾਲਾ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਦਾ ਹੋਕਾ ਦੇ ਗਿਆ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ ਹੋਏ ਸੂਬਾਈ ਸਾਲਾਨਾ ਨਾਟਕ ਤੇ ਗੀਤ ਸੰਗੀਤ ਮੇਲੇ ਦਾ ਆਗਾਜ਼ ਸ਼ਮਾ ਰੌਸ਼ਨ ਕਰਨ ਨਾਲ ਹੋਇਆ। ਸ਼ਮਾ ਰੌਸ਼ਨ ਮੌਕੇ ਮਨਜੀਤ ਕੌਰ ਔਲਖ, ਡਾ. ਨਵਸ਼ਰਨ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੰਚ ਦੇ ਸਹਾਇਕ ਸਕੱਤਰ ਰਾਮ ਕੁਮਾਰ, ਖਜਾਨਚੀ ਕਸਤੂਰੀ ਨਾਲ, ਮੀਤ ਪ੍ਰਧਾਨ ਹੰਸਾ ਸਿੰਘ, ਕਿਸਾਨ ਆਗੂ ਜੋਗਿੰਦਰ ਉਗਰਾਹਾਂ, ਮਨਜੀਤ ਧਨੇਰ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਸਮੇਤ ਪੰਜ ਦਰਜਨ ਆਗੂ ਹਾਜ਼ਰ ਸਨ। ਖਚਾ-ਖਚ ਭਰੇ ਵਿਸ਼ਾਲ ਪੰਡਾਲ ਨੂੰ ਮਨਜੀਤ ਕੌਰ ਔਲਖ, ਡਾ. ਨਵਸ਼ਰਨ ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਾਰਲ ਮਾਰਕਸ ਦੀ 200ਵੀਂ ਜਨਮ ਵਰ੍ਹੇਗੰਢ, ਜਲਿਆਂ ਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਜ਼ੇ, ਖੁਦਕੁਸ਼ੀਆਂ, ਮਹਿੰਗਾਈ, ਬੇਰੁਜ਼ਗਾਰੀ, ਫਿਰਕੂ ਫਾਸੀਪੁਣੇ ਦੀਆਂ ਨਾ-ਮੁਰਾਦ ਮਰਜ਼ਾਂ ਤੋਂ ਮੁਕਤ ਸਮਾਜ ਸਿਰਜਣ ਦੇ ਲੋਕ ਸੰਗਰਾਮ ਨਾਲ ਗਲਵੱਕੜੀ ਪਾਉਣ ਵਾਲੇ ਸੱਭਿਆਚਾਰ ਦੀ ਸਿਰਜਣਾ ਸਾਡੇ ਸਮਿਆਂ ਦੀ ਲੋੜ ਹੈ।
ਇਸ ਰਾਤ ਲੋਕ ਕਲਾ ਮੰਚ ਮਾਨਸਾ ਨੇ ‘ਐਸੇ ਜਨ ਵਿਰਲੇ ਸੰਸਾਰਿ’, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ‘ਜੇ ਅਸੀਂ ਚੁੱਪ ਹੀ ਰਹੇ’, ਚੰਡੀਗੜ੍ਹ ਸਕੂਲ ਆਫ ਡਰਾਮਾ, ‘ਹਵਾਈ ਗੋਲੇ’ ਦਸਤਕ ਰੰਗ ਮੰਚ ਵੱਲੋਂ ‘ਦਸਤਕ’ ਨਾਟਕ ਖੇਡੇ ਗਏ। ਆਜ਼ਾਦ ਰੰਗ ਮੰਚ ਬਰਨਾਲਾ ਵੱਲੋਂ ‘ਰੰਗਲਾ ਪੰਜਾਬ’ ਤੇ ‘ਆਜ਼ਾਦੀ’ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਤੋਂ ਇਲਾਵਾ ਅੰਮ੍ਰਿਤਪਾਲ, ਗਗਨ ਲੌਂਗੋਵਾਲ ਅਤੇ ਬੇਅੰਤ ਜੇਠੂਕੇ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੇਲੇ ‘ਚ ਮਤੇ ਪਾਸ ਕੀਤੇ ਗਏ ਕਿ ਬੁੱਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ, ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕੀਤੀ ਜਾਵੇ ਅਤੇ ਧਾਰਾ 295 ਏ ਖ਼ਤਮ ਕੀਤੀ ਜਾਵੇ। ਮੇਲੇ ‘ਚ ਮੰਚ ਸੰਚਾਲਕ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।