ਵਾਰਡ ਤੇ ਪਿੰਡ ਪੱਧਰ ‘ਤੇ ਫੈਲਿਆ ਕਾਂਗਰਸੀ ਵਰਕਰਾਂ ‘ਚ ਰੋਸ
ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਡੇਰਾ ਸੱਚਾ ਸੌਦਾ ਸਰਸਾ ਖਿਲਾਫ ਬੋਲਬਾਣੀ ਨੇ ਪਿੰਡ ਤੇ ਸ਼ਹਿਰ ਪੱਧਰ ‘ਤੇ ਕਾਂਗਰਸੀਆਂ ਨੂੰ ਕਸੂਤੇ ਫਸਾ ਦਿੱਤਾ ਹੈ। ਹਾਲਾਂਕਿ ਸਿੱਧੇ ਤੌਰ ‘ਤੇ ਕੋਈ ਵੀ ਕਾਂਗਰਸੀ ਆਗੂ ਆਪਣੇ ਵੱਡੇ ਆਗੂਆਂ ਨੂੰ ਕੁਝ ਕਹਿਣ ਤੋਂ ਅਸਮਰੱਥ ਹੈ ਪਰ ਅੰਦਰੋਂ-ਅੰਦਰੀ ਸਭ ਔਖੇ ਹਨ।
ਇਨ੍ਹਾਂ ਕਾਂਗਰਸੀ ਆਗੂਆਂ ਦਾ ਪ੍ਰਤੀਕਰਮ ਹੈ ਕਿ ਵੋਟਾਂ ਵੇਲੇ ਤਾਂ ਉਨ੍ਹਾਂ ਨੇ ਵੋਟਰਾਂ ਦੇ ਮੱਥੇ ਲੱਗਣਾ ਹੁੰਦਾ ਹੈ। ਇਹ ਗੱਲ ਪਾਰਟੀ ਪ੍ਰਧਾਨ ਦੇ ਪੱਲੇ ਕਿਉਂ ਨਹੀਂ ਪੈ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਇੱਕ ਟਕਸਾਲੀ ਕਾਂਗਰਸੀ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਹੋਰ ਵੀ ਵਿਧਾਇਕ ਜਾਂ ਮੰਤਰੀ ਹਨ ਪਰ ਇਨ੍ਹਾਂ ਦੋਵਾਂ ਲੀਡਰਾਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਜਮੀਨੀ ਪੱਧਰ ‘ਤੇ ਭਾਈਚਾਰਕ ਸੰਕਟ ਪੈਦਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਨੂੰ ਠੇਸ ਪਹੁੰਚਾਉਣ ਵਾਲੀ ਅਜਿਹੀ ਮੰਦੀ ਭਾਸ਼ਾ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ‘ਚ ਵੀ ਲਿਆਂਦਾ ਗਿਆ ਹੈ ਫਿਰ ਵੀ ਇਹ ਦੋਵੇਂ ਆਗੂ ਆਪਣਾ ਵਿਵਹਾਰ ਤਬਦੀਲ ਨਹੀਂ ਕਰ ਰਹੇ। ਇਸੇ ਤਰ੍ਹਾਂ ਹੀ ਬੀਤੇ ਕੱਲ੍ਹ ਧਰਨੇ ‘ਚ ਸ਼ਾਮਲ ਇੱਕ ਸ਼ਹਿਰੀ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਉਹੀ ਡੇਰਾ ਸ਼ਰਧਾਲੂ ਹਨ, ਜਿਨ੍ਹਾਂ ਨੇ ਸਾਲ 2007 ‘ਚ ਵਹੀਰਾਂ ਘੱਤ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ, ਜਿਸ ਨੂੰ ਸੀਨੀਅਰ ਲੀਡਰਸ਼ਿਪ ਭੁੱਲ ਗਈ ਹੈ। ਉਨ੍ਹਾਂ ਆਖਿਆ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਸਿਆਸੀ ਪਾਰਟੀਆਂ ਦੀ ਜਿੱਤ ਹਾਰ ਚਲਦੀ ਰਹਿੰਦੀ ਹੈ ਪਰ ਸਮਾਜ ‘ਚ ਪਾੜਾ ਪਾਉਣ ਵਾਲੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਸਲਾਹ ਦਿੱਤੀ ਕਿ ਉਹ ਕਾਂਗਰਸੀ ਆਗੂਆਂ ਦੇ ਡੇਰੇ ਪ੍ਰਤੀ ਕੀਤੇ ਜਾ ਰਹੇ ਭੰਡੀ ਪ੍ਰਚਾਰ ‘ਤੇ ਰੋਕ ਲਾਉਣ ਲਈ ਕਦਮ ਚੁੱਕੇ ਨਹੀਂ ਤਾਂ ਪਾਰਟੀ ਆਮ ਲੋਕਾਂ ਤੋਂ ਦੂਰ ਹੋ ਜਾਵੇਗੀ।
ਉਨ੍ਹਾਂ ਆਖਿਆ ਕਿ ਭਾਰਤੀ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਆਪਣੇ ਮੁਤਾਬਕ ਪਾਠ ਪੂਜਾ ਜਾਂ ਧਾਰਮਿਕ ਅਕੀਦਿਆਂ ਦੀ ਪੂਰਤੀ ਦੀ ਖੁੱਲ੍ਹ ਹੈ। ਉਨ੍ਹਾਂ ਆਖਿਆ ਕਿ ਕੁਝ ਬਾਹਰੋਂ ਆਏ ਲੀਡਰਾਂ ਨੂੰ ਕਾਂਗਰਸ ਪਾਰਟੀ ਦੇ ਅਚਾਰ ਵਿਹਾਰ ਪਤਾ ਨਾ ਹੋਣ ਕਰਕੇ ਬੋਲ ਕੁਬੋਲ ਦਾ ਦੌਰ ਚੱਲਣਾ ਸਾਧਾਰਨ ਵਰਤਾਰਾ ਬਣ ਗਿਆ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ, ‘ਅਸੀਂ ਪਾਰਟੀ ਦਾ ਹਿੱਸਾ ਹੋਣ ਕਰਕੇ ਸੀਨੀਅਰ ਲੀਡਰਸ਼ਿਪ ਖ਼ਿਲਾਫ਼ ਨਿੱਤਰ ਕੇ ਮੈਦਾਨ ‘ਚ ਨਹੀਂ ਆ ਸਕਦੇ ਪਰ ਜੋ ਜ਼ਲਾਲਤ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ, ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਮਾਲਵੇ ਦੇ ਘੱਟੋ-ਘੱਟ ਪੰਜਾਹ ਹਲਕਿਆਂ ‘ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਦਾ ਜ਼ਬਰਦਸਤ ਪ੍ਰਭਾਵ ਹੈ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਦਿੱਤੀ ਹਮਾਇਤ ਦੇ ਸਿੱਟੇ ਵਜੋਂ ਮਾਲਵੇ ਦੇ ਬਹੁਗਿਣਤੀ ਹਲਕਿਆਂ ‘ਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ।
ਸਿੱਧੂ ਤੇ ਜਾਖੜ ਦੀਆਂ ਗੱਲਾਂ ਕਰਕੇ ਮੂੰਹ ਲਕੋਣਾ ਹੋਇਆ ਔਖਾ: ਕਾਂਗਰਸੀ ਅਹੁਦੇਦਾਰ
ਦਿਹਾਤੀ ਕਾਂਗਰਸ ਦੇ ਇੱਕ ਅਹੁਦੇਦਾਰ ਦਾ ਕਹਿਣਾ ਸੀ ਕਿ ਪਿੰਡਾਂ ‘ਚ ਸਮਾਜਿਕ ਤੌਰ ਤੇ ਉਨ੍ਹਾਂ ਦਾ ਡੇਰਾ ਸ਼ਰਧਾਲੂਆਂ ਨਾਲ ਮੇਲ ਮਿਲਾਪ ਹੈ ਤੇ ਉਹ ਵੀ ਹਰ ਕਿਸੇ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਮੂੰਹ ਲੁਕਾਉਣਾ ਪੈ ਰਿਹਾ ਹੈ।
ਜਾਖੜ ਤੇ ਸਿੱਧੂ ਦੀ ਭਾਸ਼ਾ ਨੇ ਜਜ਼ਬਾਤਾਂ ਨੂੰ ਸੱਟ ਮਾਰੀ ਹੈ: ਡੇਰਾ ਸ਼ਰਧਾਲੂ
ਇਸੇ ਮੁੱਦੇ ‘ਤੇ ਗੱਲਬਾਤ ਕਰਦਿਆਂ ਕੁਝ ਡੇਰਾ ਸ਼ਰਧਾਲੂਆਂ ਨੇ ਸਖਤ ਨਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਜਾਖੜ ਤੇ ਸਿੱਧੂ ਡੇਰੇ ਪ੍ਰਤੀ ਵਰਤ ਰਹੇ ਹਨ। ਉਸ ਨੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸੱਟ ਮਾਰੀ ਹੈ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਡੇਰਾ ਸ਼ਰਧਾਲੂਆਂ ਨੇ ਲਾਈਨਾਂ ਬੰਨ੍ਹ-ਬੰਨ੍ਹ ਵੋਟਾਂ ਪਾਈਆਂ ਤੇ ਕਾਂਗਰਸੀ ਨੇਤਾ ਜਿਤਾਏ ਸਨ ਉਦੋਂ ਤਾਂ ਬੜਾ ਪਿਆਰ ਜਤਾਇਆ ਜਾ ਰਿਹਾ ਸੀ ਜਦੋਂਕਿ ਹੁਣ ਕਈ ਕਾਂਗਰਸੀ ਲੀਡਰ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਜੋ ਮਰਜੀ ਬੋਲੀ ਜਾਣ ਇਸ ਨਾਲ ਉਨ੍ਹਾਂ ਨੂੰ ਦੁੱਖ ਜਰੂਰ ਹੋ ਰਿਹਾ ਹੈ ਪਰ ਉਨ੍ਹਾਂ ਦੀ ਸ਼ਰਧਾ ‘ਚ ਕੋਈ ਫਰਕ ਨਹੀਂ ਪਵੇਗਾ। ਇਹ ਗੱਲ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਬੇਤੁਕੀਆਂ ਗੱਲਾਂ ਕਰਨ ਵਾਲੇ ਲੀਡਰਾਂ ਨੂੰ ਸਮਝ ਲੈਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫਰਮਾਏ ਪਵਿੱਤਰ ਬਚਨਾਂ ‘ਤੇ ਅਮਲ ਕਰਦਿਆਂ ਮਾਨਵਤਾ ਭਲਾਈ ਕਾਰਜਾਂ ਦਾ ਸਿਲਸਿਲਾ ਜਾਰੀ ਰਹੇਗਾ।