ਸੀਬੀਆਈ ਅਦਾਲਤ ਨੇ ਦੋ ਰੋਜ਼ਾ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈਡੀ) ਵੱਲੋਂ ਕੱਲ੍ਹ ਮੋਹਾਲੀ ਦੀ ਅਦਾਲਤ ਤੋਂ ਬਾਹਰ ਗ੍ਰਿਫਤਾਰ ਕੀਤੇ ਗਏ ਜਗਜੀਤ ਸਿੰਘ ਚਾਹਲ ਨੂੰ ਅੱਜ ਪਟਿਆਲਾ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਗਜੀਤ ਚਾਹਲ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਜਗਜੀਤ ਸਿੰਘ ਚਾਹਲ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਐੱਸ. ਐੱਸ. ਮਾਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਕਿ ਈਡੀ ਵੱਲੋਂ ਜੁਆਇੰਟ ਡਾਇਰੈਕਟਰ ਨਿਰੰਜਨ ਸਿੰਘ ਤੇ ਵਕੀਲ ਜੇਪੀਐੱਸ ਸਰਾਓਂ ਪੇਸ਼ ਹੋਏ। ਇਸ ਮੌਕੇ ਈਡੀ ਦੇ ਵਕੀਲ ਵੱਲੋਂ ਜਗਜੀਤ ਸਿੰਘ ਚਾਹਲ ਦੇ ਸੱਤ ਦਿਨਾਂ ਰਿਮਾਂਡ ਦੀ ਮੰਗ ਕੀਤੀ ਗਈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਗਜੀਤ ਚਾਹਲ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਦੱਸਣਯੋਗ ਹੈ ਕਿ ਈਡੀ ਵੱਲੋਂ ਬੀਤੇ ਕੱਲ੍ਹ ਜਗਜੀਤ ਚਾਹਲ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਮੋਹਾਲੀ ਦੀ ਅਦਾਲਤ ‘ਚ ਕਿਸੇ ਹੋਰ ਮਾਮਲੇ ‘ਚ ਪੇਸ਼ੀ ਭੁਗਤ ਕੇ ਬਾਹਰ ਆ ਰਿਹਾ ਸੀ। ਈਡੀ ਵੱਲੋਂ ਉਸ ਨੂੰ ਸਿੰਥੈਟਿਕ ਡਰੱਗ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਪਰ ਨਸ਼ਾ ਤਸਕਰੀ ਰਾਹੀਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਉਣ ਦੇ ਦੋਸ਼ ਵੀ ਹਨ, ਜਿਸ ਕਾਰਨ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਗਈਆਂ ਹਨ। ਪ੍ਰਵੇਸ਼ਨ ਆਫ਼ ਮਨੀ ਲਾਡਰਿੰਗ ਕੇਸ ‘ਚ ਵੀ ਉਸ ਦਾ ਨਾਂਅ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਦੇ ਭਰਾ ਸਮੇਤ ਇੱਕ ਰਿਸ਼ਤੇਦਾਰ ਦਾ ਨਾਂਅ ਵੀ ਸ਼ਾਮਲ ਹੈ। ਈਡੀ ਵੱਲੋਂ ਇਨ੍ਹਾਂ ਦੋ ਦਿਨਾਂ ਰਿਮਾਂਡ ਦੌਰਾਨ ਉਸ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।