ਪੰਜਾਬ ਆ ਰਿਹੈ ਆਈਟੀ ਕੰਪਨੀਆਂ ਨੂੰ ਪਸੰਦ, ਮੁੱਖ ਮੰਤਰੀ ਨਾਲ ਮੀਟਿੰਗ ਜਲਦ

Punjab, IT, Companies, Meeting, Chief, Minister

ਆਈਟੀ ਕੰਪਨੀਆਂ ਕਰਨ ਪੰਜਾਬ ‘ਚ ਨਿਵੇਸ਼, ਜਲਦ ਆਏਗੀ ਆਈਟੀ ਪਾਲਿਸੀ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜ ਦਰਿਆਵਾਂ ਦਾ ਪੰਜਾਬ ਹੁਣ ਆਈਟੀ ਕੰਪਨੀਆਂ ਨੂੰ ਪਸੰਦ ਆ ਰਿਹਾ ਹੈ, ਜਿਸ ਕਾਰਨ ਬੈਂਗਲੁਰੂ ਜਾਂ ਫਿਰ ਕੋਲਕਾਤਾ ਨੂੰ ਛੱਡ ਕੇ ਵੱਡੀਆਂ ਆਈਟੀ ਕੰਪਨੀਆਂ ਪੰਜਾਬ ‘ਚ ਨਿਵੇਸ਼ ਕਰਕੇ ਕੰਮ ਕਰਨਾ ਚਾਹੁੰਦੀਆਂ ਹਨ। ਇਸ ਸਾਰੇ ਮਾਮਲੇ ਵਿੱਚ ਜਲਦ ਹੀ ਵੀਵੋ ਅਤੇ ਫਾਕਸਕਾਨ ਵਰਗੀਆਂ ਵੱਡੀਆਂ ਕੰਪਨੀਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਲਈ ਪੰਜਾਬ ‘ਚ ਆ ਰਹੀਆਂ ਹਨ।

ਪੀਡਬਲੂਡੀ ਅਤੇ ਆਈਟੀ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਜਲਦ ਹੀ ਆਈਟੀ ਕੰਪਨੀਆਂ ਦੇ ਨਿਵੇਸ਼ ਦੀ ਖ਼ਬਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਦੇਣ ਜਾ ਰਹੇ ਹਨ। ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ‘ਚ ਆਈਟੀ ਹੱਬ ਬਣਨ ਨਾਲ ਹੀ ਉਨ੍ਹਾਂ ਹਜ਼ਾਰ ਆਈਟੀ ਡਿਗਰੀ ਹੋਲਡਰ ਨੌਜਵਾਨਾਂ ਨੂੰ ਫਾਇਦਾ ਹੋਏਗਾ, ਜਿਹੜੇ ਕਿ ਪੰਜਾਬ ਤੋਂ ਬਾਹਰ ਹੋਰ ਸ਼ਹਿਰਾਂ ਵਿੱਚ ਨੌਕਰੀ ਲਈ ਜਾਂਦੇ ਹਨ। ਸ੍ਰੀ ਸਿੰਗਲਾ ਨੇ ਦੱਸਿਆ ਕਿ ਸਰਕਾਰ ਆਈਟੀ ਨੂੰ ਲੈ ਕੇ ਨਵੀਂ ਪਾਲਿਸੀ ਬਣਾਉਣ ਜਾ ਰਹੀ, ਜਿਸ ‘ਚ ਆਈ.ਟੀ. ਸੈਕਟਰ ਨਾਲ ਜੁੜੇ ਹੋਏ ਮਾਹਿਰਾਂ ਦੀ ਟੀਮ ਨਾਲ ਗੱਲਬਾਤ ਕਰਕੇ ਸਿਫ਼ਾਰਸ਼ਾਂ ਮੰਗੀਆਂ ਜਾ ਰਹੀਆਂ ਹਨ ਤਾਂ ਕਿ ਆਈ.ਟੀ. ਪਾਲਿਸੀ ਚੰਗੇ ਤਰੀਕੇ ਨਾਲ ਤਿਆਰ ਹੋ ਕੇ ਜਮੀਨ ‘ਤੇ ਆ ਸਕੇ। ਉਨਾਂ ਦੱਸਿਆ ਕਿ ਜਲਦ ਹੀ ਫਾਕਸਕਾਨ ਅਤੇ ਵੀਵੋ ਕੰਪਨੀ ਦੇ ਪ੍ਰਤੀਨਿਧ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਆ ਰਹੇ ਹਨ, ਕਿਉਂਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।