ਪੁਲਿਸ ਵੱਲੋਂ 8 ਕਾਰਾਂ ਅਤੇ ਹੋਰ ਸਾਜ਼ੋ-ਸਮਾਨ ਬਰਾਮਦ
ਅਸ਼ੋਕ ਵਰਮਾ/ਬਠਿੰਡਾ। ਬਠਿੰਡਾ ਪੁਲਿਸ ਨੇ ਇੱਕ ਅੰਤਰਾਰਜੀ ਕਾਰ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਗਿਰੋਹ ਦੇ ਸਰਗਣੇ ਤੋਂ ਇਲਾਵਾ ਬਾਕੀ ਮੈਂਬਰਾਂ ਦੀ ਉਮਰ 20 ਤੋਂ 24 ਸਾਲ ਹੈ ਇਸ ਮਾਮਲੇ ‘ਚ ਕਬਾੜੀਏ ਦੀ ਗ੍ਰਿਫਤਾਰੀ ਬਾਕੀ ਹੈ, ਜੋ ਚੋਰੀ ਕੀਤੀਆਂ ਕਾਰਾਂ ਨੂੰ ਖਪਾਉਣ ਦਾ ਮਾਹਿਰ ਦੱਸਿਆ ਜਾ ਰਿਹਾ ਹੈ ਸੀਆਈਏ ਸਟਾਫ (ਟੂ) ਨੂੰ ਮਿਲੀ ਸਫਲਤਾ ਦਾ ਖੁਲਾਸਾ ਐਸਪੀ (ਡੀ) ਗੁਰਵਿੰਦਰ ਸਿੰਘ ਸੰਘਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਕਾਰ ਮਕੈਨਿਕ ਹੈ, ਜਿਸ ਨੂੰ ਕਾਰਾਂ ਦੇ ਪੁਰਜਿਆਂ ਦੀਆਂ ਬਰੀਕੀਆਂ ਤੇ ਜਰੂਰਤਾਂ ਦੀ ਜਾਣਕਾਰੀ ਹੈ ਉਨ੍ਹਾਂ ਦੱਸਿਆ ਕਿ ਚੜ੍ਹਦੀ ਉਮਰ ਦੇ ਮੁੰਡਿਆਂ ਨਾਲ ਸਬੰਧਤ ਇਸ ਗਿਰੋਹ ਨੇ ਵਾਹਨ ਚੋਰੀ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ, ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਦਬੋਚਣ ਲਈ ਜਾਲ ਵਿਛਾਇਆ ਸੀ ਐਸਪੀ ਨੇ ਦੱਸਿਆ ਕਿ ਇਸ ਦੌਰਾਨ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਜਗਰੂਪ ਸਿੰਘ ਨੇ ਇਸ ਚੋਰ ਗਿਰੋਹ ਨੂੰ ਸਰਹੰਦ ਨਹਿਰ ਦੇ ਨਜ਼ਦੀਕ ਸੰਤਪੁਰਾ ਰੋਡ ਤੋਂ ਕਾਬੂ ਕਰ ਲਿਆ।
ਐਸਪੀ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਗਿਰੋਹ ਦੇ ਮਾਸਟਰਮਾਈਂਡ ਚਰਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਮਾਂ ਮੰਡੀ, ਬੇਅੰਤ ਸਿੰਘ (20) ਪੁੱਤਰ ਜੰਗੀਰ ਸਿੰਘ ਵਾਸੀ ਬਹਿਮਣ ਦੀਵਾਨਾ , ਸੁਖਚੈਨ ਸਿੰਘ (21) ਪੁੱਤਰ ਬੀਰਾ ਸਿੰਘ ਵਾਸੀ ਤਲਵੰਡੀ ਸਾਬੋ, ਹਰਦੀਪ ਸਿੰਘ ਉਰਫ ਦੀਪ (21) ਪੁੱਤਰ ਜਸਪਾਲ ਸਿੰਘ ਵਾਸੀ ਨੰਦਗੜ੍ਹ, ਪਰਗਟ ਸਿੰਘ (24) ਪੁੱਤਰ ਬੰਤਾ ਸਿੰਘ ਵਾਸੀ ਘੁੱਦਾ, ਸੁਖਜਿੰਦਰ ਸਿੰਘ ਉਰਫ ਸੁੱਖੀ (22) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਦੌਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਜਤਿੰਦਰ ਸਿੰਘ ਉਰਫ ਸੂਰਜ (22) ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਮਿੱਠੜਾ ਜਿਲ੍ਹਾ ਜਲੰਧਰ ਹਾਲ ਅਬਾਦ ਖੁੱਡਾ ਅਲੀਸ਼ੇਰ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਤਵਾਲੀ ‘ਚ ਮੁਕੱਦਮਾ ਦਰਜ ਕੀਤਾ ਹੈ ਪੁਲਿਸ ਨੂੰ ਇਸੇ ਮਾਮਲੇ ‘ਚ ਸ਼ਾਮਲ ਵਿੱਕੀ ਕਬਾੜੀਆ ਵਾਸੀ ਜੀਂਦ ਹਰਿਆਣਾ ਨੂੰ ਫੜ੍ਹਨਾ ਬਾਕੀ ਰਹਿ ਗਿਆ ਹੈ।
ਵਿੱਕੀ ਕਬਾੜੀਆ ਖੋਲ੍ਹਦਾ ਸੀ ਕਾਰਾਂ
ਇਸ ਗਿਰੋਹ ਦੇ ਮੈਂਬਰ ਕਾਰ ਚੋਰੀ ਕਰਨ ਉਪਰੰਤ ਕਿਸੇ ਏਜੰਸੀ ਦੇ ਨਾਂਅ ‘ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵਿੱਕੀ ਕਬਾੜੀਏ ਦੀ ਕਥਿਤ ਮਿਲੀਭੁਗਤ ਨਾਲ ਕਾਰ ਖੋਲ੍ਹ ਲੈਂਦੇ ਸਨ ਕਾਰ ਖੋਲ੍ਹਣ ਤੋਂ ਬਾਅਦ ਇਨ੍ਹਾਂ ਦੇ ਪਾਰਟਸ ਅਤੇ ਗੱਡੀਆਂ ਫਰਜ਼ੀ ਕਾਗਜ਼ਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਵੇਚ ਦਿੰਦੇ ਸਨ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ ਅਤੇ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ।
ਐਸ.ਪੀ ਜੀਐਸ ਸੰਘਾ ਨੇ ਦੱਸਿਆ ਕਿ ਇਸ ਗਿਰੋਹ ਨੇ ਪੰਜਾਬ , ਹਰਿਆਣਾ ਅਤੇ ਦਿੱਲੀ ਤੋਂ ਕਾਰਾਂ ਚੋਰੀ ਕੀਤੀਆਂ ਹਨ ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਵਰੁਨਾ ਕਾਰ, ਦੋ ਵੈਗਨਾਰ ,ਇੱਕ ਬਿਨਾਂ ਨੰਬਰ ਸਮੇਤ 4 ਸਵਿਫਟ ਕਾਰਾਂ ਅਤੇ ਇੱਕ ਆਲਟੋ ਕਾਰ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੀਆਂ ਤਿੰਨ ਕਾਰਾਂ ਦੇ ਇੰਜਣ, ਅਲੱਗ-ਅਲੱਗ ਕਾਰਾਂ ਦੀਆਂ 15 ਚਾਬੀਆਂ ਅਤੇ ਤਿੰਨ ਰਜਿਸਟਰੇਸ਼ਨ ਕਾਪੀਆਂ ਬਰਾਮਦ ਕੀਤੀਆਂ ਹਨ ਐਸ.ਪੀ. ਨੇ ਦੱਸਿਆ ਕਿ ਗਿਰੋਹ ਦੇ ਮੁਖੀਆਂ ਚਰਨਜੀਤ ਸਿੰਘ ਖਿਲਾਫ ਇੱਕ ਦਰਜਨ ਤੋਂ ਵੱਧ ਚੋਰੀਆਂ ਦੇ ਕੇਸ ਦਰਜ ਹਨ ਜਦੋਂਕਿ ਬਾਕੀ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।