ਏਟੀਐਮ ਕਾਰਡ: ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ

ATM Card, 7 members, Fraudulent, Interfaith, Arrested

ਪੁਲਿਸ ਵੱਲੋਂ ਸਾਢੇ ਚਾਰ ਲੱਖ ਦੀ ਨਕਦੀ, ਸਕਿੰਮਿੰਗ ਮਸ਼ੀਨ ਤੇ ਹੋਰ ਸਮਾਨ ਕਰਵਾਇਆ ਬਰਾਮਦ

ਗੁਰਪ੍ਰੀਤ ਸਿੰਘ/ਸੰਗਰੂਰ । ਸੰਗਰੂਰ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਏਟੀਐਮ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਅੰਤਰਰਾਜੀ ਗਿਰੋਹ ਪੁਲਿਸ ਦੇ ਅੜਿੱਕੇ ਆ ਗਿਆ ਸੰਗਰੂਰ ਪੁਲਿਸ ਵੱਲੋਂ ਇਸ ਗੈਂਗ ਦੇ ਪਿੱਛੇ ਕਾਫ਼ੀ ਸਮੇਂ ਤੋਂ ਲੱਗੀ ਹੋਈ ਸੀ ਪੁਲਿਸ ਦੇ ਦੱਸਣ ਮੁਤਾਬਕ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ਏਟੀਐਮ ਕਾਰਡ, ਸਕਿਮਿੰਗ ਡਿਵਾਈਸ, ਸਾਢੇ ਚਾਰ ਲੱਖ ਦੀ ਨਕਦੀ ਇੱਕ ਕਾਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ ਇਸ ਸਬੰਧੀ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੰਗਰੂਰ ਪੁਲਿਸ ਦੇ ਹੱਥ ਅੱਜ ਇੱਕ ਵੱਡੀ ਸਫ਼ਲਤਾ ਲੱਗੀ ਹੈ ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਏਟੀਐਮ ਕਾਰਡਾਂ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 64 ਏਟੀਐਮ ਕਾਰਡ, 1 ਸਕਿਮਿੰਗ ਡਿਵਾਈਸ, 4 ਲੱਖ 54 ਹਜ਼ਾਰ ਦੀ ਨਕਦੀ, ਇੱਕ ਕਾਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਕਥਿਤ ਦੋਸ਼ੀਆਂ ਦੀ ਉਮਰ ਲਗਭਗ 23-24 ਸਾਲ ਦੇ ਕਰੀਬ ਹੈ ਅਤੇ ਇਹ ਗਿਰੋਹ ਪਿਛਲੇ ਪੰਜ ਸਾਲਾਂ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਕਰੀਬ 90 ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਲੁੱਟੀ ਗਈ ਰਕਮ ਦੀ ਰਾਸ਼ੀ 50 ਲੱਖ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਬਾਰੇ ਡੂੰਘਾਈ ਨਾਲ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਕਿਵੇਂ ਦਿੰਦੇ ਸੀ ਵਾਰਦਾਤਾਂ ਨੂੰ ਅੰਜ਼ਾਮ

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਪੁੱਛਗਿੱੱਛ ਦੌਰਾਨ ਪਤਾ ਲੱਗਿਆ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਏਟੀਐਮ ਬਦਲ ਕੇ ਉਨ੍ਹਾਂ ਨਾਲ ਧੋਖਾਧੜੀ ਕਰਦੇ ਸੀ ਭੋਲੇ-ਭਾਲੇ ਲੋਕਾਂ ਨੂੰ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੀ ਮੱਦਦ ਕਰਨ ਦਾ ਦਿਖਾਵਾ ਕਰਕੇ, ਹੱਥ ਦੀ ਸਫਾਈ ਨਾਲ ਆਪਣੇ ਹੱਥ ਵਿੱਚ ਛੁਪਾਏ ਹੋਏ ਸਕਿਮਿੰਗ ਡਿਵਾਈਸ ਦੀ ਮੱਦਦ ਉਨ੍ਹਾਂ ਦੇ ਏਟੀਐਮ ਨੂੰ ਸਵਾਈਪ ਕਰਕੇ ਬਾਅਦ ਵਿੱਚ ਸਵਾਈਪ ਕੀਤੇ ਏਟੀਐਮ ਦਾ ਕਲੋਨ ਤਿਆਰ ਲੈਂਦੇ ਸਨ ਅਤੇ ਉਨ੍ਹਾਂ ਨਾਲ ਠੱਗੀ ਮਾਰ ਲੈਂਦੇ।

ਕਿਹੜੇ-ਕਿਹੜੇ ਮੈਂਬਰ ਹੋਏ ਗ੍ਰਿਫ਼ਤਾਰ

ਡਾ. ਗਰਗ ਨੇ ਦੱਸਿਆ ਕਿ ਗ੍ਰਿਫ਼ਤਾਰ ਹੋਏ ਕਥਿਤ ਦੋਸ਼ੀਆਂ ਵਿੱਚ ਰਾਜੂ ਕੁਮਾਰ ਉਰਫ਼ ਰਾਜੂ ਵਾਸੀ ਤੇ ਬਬਲੂ ਕੁਮਾਰ ਉਰਫ਼ ਬੱਲੂ ਪੁੱਤਰ ਧਰਮਪਾਲ ਸਿੰਧੂ ਮੁਰਥਲੀ, ਪਹੇਵਾ ਜ਼ਿਲ੍ਹਾ ਕੁਰਕੂਸ਼ੇਤਰ (ਹਰਿਆਣਾ) ਇਹ ਗੈਂਗ ਦੇ ਮੁੱਖ ਸਰਗਨਾ ਸਨ ਇਸ ਤੋਂ ਇਲਾਵਾ ਪ੍ਰਵੀਨ ਕੁਮਾਰ ਪੁੱਤਰ ਸੁਰੇਸ਼ ਵਾਸੀ ਜ਼ਿਲ੍ਹਾ ਕੁਰਕੂਸ਼ੇਤਰ, ਰਾਜੇਸ਼ ਉਰਫ਼ ਲਾਲ ਪੁੱਤਰ ਹੁਕਮ ਚੰਦ ਵਾਸੀ ਪੇਹੇਵਾ, ਦਿਨੇਸ਼ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਭਿਵਾਨੀ ਖੇੜਾ ਜ਼ਿਲ੍ਹਾ ਭਿਵਾਨੀ, ਬਿੱਟੂ ਪੁੱਤਰ ਜਗਵੀਰ ਸਿੰਘ ਵਾਸੀ ਸਿਰਟਾ ਕੈਥਲ, ਰਣਧੀਰ ਉਰਫ਼ ਧੀਰਾ ਪੁੱਤਰ ਗਿਆਨਾ ਰਾਮ ਵਾਸੀ ਕਮਾਂਡ ਪੱਟੀ ਜਖੌਲੀ ਜ਼ਿਲ੍ਹਾ ਕੈਥਲ ਦੇ ਨਾਂਅ ਸ਼ਾਮਲ ਹਨ ਇਸ ਤੋਂ ਇਲਾਵਾ ਪੁਲਿਸ ਨੇ 6 ਹੋਰ ਮੈਂਬਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਗਈ।

ਕਿਵੇਂ ਕੀਤੇ ਕਾਬੂ

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੰਗਰੂਰ ਪੁਲਿਸ ਵੱਲੋਂ ਇਸ ਗੈਂਗ ਨੂੰ ਬੇਪਰਦ ਕਰਨ ਲਈ ਕਾਫ਼ੀ ਸਮੇਂ ਤੋਂ ਚੌਕੰਨੀ ਸੀ ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਏਟੀਐਮਜ਼ ਦੀਆਂ ਸੀਸੀਟੀਵੀ ਫੁਟੇਜ, ਮੁਬਾਇਲ ਟਾਵਰ ਨੈੱਟਵਰਕਿੰਗ ਤੇ ਹੋਰ ਤਰੀਕਿਆਂ ਨਾਲ ਦਬੋਚਿਆ ਗਿਆ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਇਨ੍ਹਾਂ ਕੋਲੋਂ ਹੋਰ ਵੀ ਵੱਡੇ ਮਾਮਲੇ ਸਾਹਮਣੇ ਆ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।