ਡਰੱਗ ਸਬੰਧੀ ਬਣੇ ਕੌਮਾਂਤਰੀ ਨੀਤੀ

Trafficking

ਭਾਰਤ ਸਮੇਤ ਬਹੁਤ ਸਾਰੇ ਦੇਸ਼ ਨਸ਼ਾਖੋਰੀ ਤੇ ਨਸ਼ਾ ਤਸਕਰੀ ਦਾ ਸਾਹਮਣਾ ਕਰ ਰਹੇ ਹਨ ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਦੇਸ਼ਾਂ ’ਚ ਖਤਰਨਾਕ ਡਰੱਗ (ਨਸ਼ੇ) ਰੱਖਣ ਦੀ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਹੈ। ਤਾਜ਼ੀ ਘਟਨਾ ਜਰਮਨ ਦੀ ਹੈ ਜਿੱਥੇ ਸਰਕਾਰ ਨੇ ਗਾਂਜੇ ਦੇ ਸੇਵਨ ਤੇ ਖੇਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ ਭਾਰਤ ਵਰਗੇ ਮੁਲਕ ’ਚ ਗਾਂਜੇ ਦਾ ਸੇਵਨ ਤੇ ਵਿੱਕਰੀ ਅਪਰਾਧ ਹੈ ਸਾਡੇ ਦੇਸ਼ ’ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਗਾਂਜਾ ਤਸਕਰ ਗਿ੍ਰਫ਼ਤਾਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਕੁਝ ਦੇਸ਼ਾਂ ’ਚ ਸਮੈਕ ਰੱਖਣ ਦੀ ਮਨਜ਼ੂਰੀ ਹੈ। ਅਸਲ ’ਚ ਨਸ਼ਿਆਂ ਖਿਲਾਫ ਕੋਈ ਕੌਮਾਂਤਰੀ ਨੀਤੀ ਨਹੀਂ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਕੁਝ ਨਸ਼ਿਆਂ ਦੀ ਵਿੱਕਰੀ ਦਾ ਸਿੱਧਾ ਸਬੰਧ ਅੱਤਵਾਦ ਨਾਲ ਹੈ ਤੇ ਅੱਤਵਾਦ ਦਾ ਸਾਹਮਣਾ ਦੁਨੀਆ ਦੇ ਕਈ ਮੁਲਕ ਕਰ ਰਹੇ ਹਨ। (International Drug Policy)

ਹੈਰੋਇਨ ਤਸਕਰੀ ਤੋਂ ਆਉਣ ਵਾਲਾ ਪੈਸਾ ਅੱਤਵਾਦ ਲਈ ਵਰਤਿਆ ਜਾਂਦਾ ਹੈ

ਸੰਯੁਕਤ ਰਾਸ਼ਟਰ ਵਰਗੀ ਆਲਮੀ ਸੰਸਥਾ ਅੱਤਵਾਦ ਖਿਲਾਫ਼ ਇੱਕ ਵੱਡਾ ਮੰਚ ਹੈ। ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਜੇਕਰ ਨਸ਼ਾ ਤਸਕਰੀ ਜਾਂ ਨਸ਼ਿਆਂ ਦਾ ਸੇਵਨ ਜਾਰੀ ਰਹੇਗਾ ਤਾਂ ਅੱਤਵਾਦ ਨੂੰ ਖੁਰਾਕ ਮਿਲੇਗੀ ਹੀ। ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਵੱਡੇ ਪੱਧਰ ’ਤੇ ਹੁੰਦੀ ਰਹੀ ਹੈ ਤੇ ਇਹ ਵੀ ਚਰਚਾ ਰਹੀ ਹੈ ਕਿ ਹੈਰੋਇਨ ਤਸਕਰੀ ਤੋਂ ਆਉਣ ਵਾਲਾ ਪੈਸਾ ਅੱਤਵਾਦ ਲਈ ਵਰਤਿਆ ਜਾਂਦਾ ਹੈ। ਭਾਰਤ ’ਚ ਲਗਭਗ ਰੋਜ਼ਾਨਾ ਹੀ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ। ਡਰੋਨ ਨੇ ਨਸ਼ਾ ਤਸਕਰਾਂ ਦਾ ਕੰਮ ਸੌਖਾ ਕਰ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਨਸ਼ਾ ਤਸਕਰੀ ਖਿਲਾਫ ਕੌਮਾਂਤਰੀ ਪੱਧਰ ’ਤੇ ਕੋਈ ਠੋਸ ਨੀਤੀ ਬਣੇ। ਨਸ਼ਾ ਕਿਸੇ ਵੀ ਦੇਸ਼ ਦੇ ਹਿੱਤ ’ਚ ਨਹੀਂ ਖਾਸ ਕਰਕੇ ਉਹਨਾਂ ਮੁਲਕਾਂ ਲਈ ਜੋ ਅੱਤਵਾਦ ਦੇ ਪੂਰੀ ਤਰ੍ਹਾਂ ਖਿਲਾਫ਼ ਹਨ।

ਸਹਿਮਤੀ ਤੇ ਇੱਕਜੁਟਤਾ

ਜ਼ਰੂਰਤ ਤਾਂ ਇਸ ਗੱਲ ਦੀ ਵੀ ਹੈ ਕਿ ਸ਼ਰਾਬ ਨੂੰ ਨਸ਼ੇ ਦੀ ਸ੍ਰੇਣੀ ’ਚ ਲਿਆਂਦਾ ਜਾਵੇ। ਸ਼ਰਾਬ ਮਨੁੱਖ ਦੀ ਸਿਹਤ, ਆਰਥਿਕਤਾ, ਮਾਨਸਿਕਤਾ ਤੇ ਸਮਾਜਿਕ ਜ਼ਿੰਦਗੀ ਨੂੰ ਖਰਾਬ ਹੀ ਕਰਦੀ ਹੈ। ਵਿਕਸਿਤ ਮੁਲਕਾਂ ਨੂੰ ਦੋਗਲੀ ਨੀਤੀ ਵਰਤਣ ਦੀ ਬਜਾਇ ਮਨੁੱਖਤਾ ਦੇ ਹਿੱਤ ’ਚ ਸਰਵ ਸਾਂਝੇ ਨੁਕਤਿਆਂ ’ਤੇ ਸਹਿਮਤੀ ਤੇ ਇੱਕਜੁਟਤਾ ਕਾਇਮ ਕਰਨੀ ਚਾਹੀਦੀ ਹੈ। ਬਹੁਤ ਸਾਰੇ ਦੇਸ਼ਾਂ ’ਚ ਸ਼ਰਾਬ ਪੀਣੀ ਤੇ ਵੇਚਣੀ ਮਨ੍ਹਾ ਹੈ ਫਿਰ ਵੀ ਉਹਨਾਂ ਦੇਸ਼ਾਂ ਦੀ ਆਰਥਿਕਤਾ ਮਜ਼ਬੂਤ ਹੈ। ਸਾਡੇ ਆਪਣੇ ਮੁਲਕ ਦੇ ਗੁਜਰਾਤ ਵਰਗੇ ਸੂਬੇ ਸ਼ਰਾਬਬੰਦੀ ਦੇ ਬਾਵਜੂਦ ਆਰਥਿਕ ਖੁਸ਼ਹਾਲੀ ਪੱਖੋਂ ਅੱਗੇ ਹਨ। ਸ਼ਰਾਬ ਦੀ ਵਰਤੋਂ ’ਤੇ ਪਾਬੰਦੀ ਲਾਉਣ ਦੀ ਭਾਰਤ ’ਚ ਮੁਹਿੰਮ ਚੱਲਣੀ ਚਾਹੀਦੀ ਹੈ। ਦੁਨੀਆ ਦੇ ਅਗਾਂਹਵਧੂ ਮੁਲਕਾਂ ਨੂੰ ਇਸ ਸਬੰਧੀ ਸੰਯੁਕਤ ਰਾਸ਼ਟਰ ’ਚ ਅਵਾਜ਼ ਉਠਾਉਣੀ ਚਾਹੀਦੀ ਹੈ ਕਿ ਸਮੈਕ ਹੋਵੇ ਜਾਂ ਗਾਂਜਾ ਕੋਈ ਵੀ ਨਸ਼ਾ ਮਨੁੱਖਤਾ ਦੇ ਹਿੱਤ ’ਚ ਨਹੀਂ ਹੈ।

ਇਹ ਵੀ ਪੜ੍ਹੋ : ਮੋਹਾਲੀ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਭਗੌੜਾ ਕਰਾਰ