ਫ਼ੌਜ ਦੀ ਭਰਤੀ ਲਈ ਪੁਖਤਾ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ

Indian Army

ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਸਹਾਇਕ ਕਮਿਸ਼ਨਰ

  • ਪਟਿਆਲਾ, ਸੰਗਰੂਰ, ਮਲੇਰਕੋਟਲਾ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਭਰਤੀ ’ਚ ਲੈਣਗੇ ਹਿੱਸਾ

(ਸੱਚ ਕਹੂੰ ਨਿਊਜ) ਪਟਿਆਲਾ। 17 ਸਤੰਬਰ ਤੋਂ 30 ਸਤੰਬਰ ਤੱਕ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਇੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨੂੰ ਭਰਤੀ ਰੈਲੀ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਕਿਰਪਾਲਵੀਰ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸਹਾਇਕ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਭਰਤੀ ਸਮੇਂ ਟ੍ਰੈਫਿਕ ਤੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪਟਿਆਲਾ ਸੰਗਰੂਰ ਰੋਡ ’ਤੇ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਮੀਟਿੰਗ ਦੌਰਾਨ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਾਫ਼ ਸਫ਼ਾਈ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ। ਇਸ ਮੌਕੇ ਆਰਮੀ ਭਰਤੀ ਡਾਇਰੈਕਟਰ ਕਰਨਲ ਅਸੀਸ ਨੇ ਕਿਹਾ ਕਿ ਪਟਿਆਲਾ ਸਮੇਤ ਸੰਗਰੂਰ, ਮਲੇਰਕੋਟਲਾ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਨੌਜਵਾਨ ਇਸ ਭਰਤੀ ਰੈਲੀ ’ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਐਡਮਿਟ ਕਾਰਡ ਈਮੇਲ ਰਾਹੀਂ ਜਾਰੀ ਕੀਤੇ ਜਾ ਰਹੇ ਹਨ ਤੇ ਜਿਨ੍ਹਾਂ ਉਮੀਦਵਾਰਾਂ ਨੂੰ ਐਡਮਿਟ ਕਾਰਡ ਪ੍ਰਾਪਤ ਨਹੀਂ ਹੁੰਦੇ ਉਹ 1 ਸਤੰਬਰ ਤੋਂ 10 ਸਤੰਬਰ ਤੱਕ ਆਰਮੀ ਭਰਤੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

ਆਰਮੀ ’ਚ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ : ਕਰਨਲ ਅਸੀਸ

ਕਰਨਲ ਅਸੀਸ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਾਊਟਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਆਰਮੀ ’ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ’ਤੇ ਪਾਰਦਰਸ਼ੀ ਢੰਗ ਨਾਲ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਫ਼ੌਜ ’ਚ ਭਰਤੀ ਹੋਣ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਟਾਊਟਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ। ਕਰਨਲ ਅਸੀਸ ਨੇ ਦੱਸਿਆ ਕਿ ਉਮੀਦਵਾਰ ਆਪਣੇ ਦਾਖਲਾ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ 20 ਫੋਟੋਗ੍ਰਾਫ਼ਸ ਸਮੇਤ ਰਿਹਾਇਸ਼, ਜਾਤੀ ਸਰਟੀਫਿਕੇਟ ਰੈਲੀ ਵਾਲੀ ਥਾਂ ’ਤੇ ਲੈਕੇ ਆਉਣਗੇ। ਮੀਟਿੰਗ ’ਚ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਜ਼ਿਲ੍ਹਾ ਮੰਡੀ ਅਫ਼ਸਰ ਅਜੈ ਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ