ਫੋਕੀ ਟੌਹਰ ਲੈ ਰਹੀ ਐ ਜਾਨਾਂ

Instead, Self Defense, Preventive, Weapons, Article

ਹਥਿਆਰ ਰੱਖਣ ਦਾ ਸ਼ੌਂਕ ਸਮਾਜ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਲਈ ਸਰਕਾਰ ਨੇ ਵੀ ਹਰ ਕਿਸੇ ਨੂੰ ਅਸਲੇ ਦਾ ਲਾਈਸੰਸ ਦੇਣ ‘ਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਹਥਿਆਰ ਰੱਖਣਾ ਕਿਸੇ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਅੱਜ ਕੱਲ੍ਹ ਹਥਿਆਰ ਰੱਖਣ ਦਾ ਕਾਰਨ ਆਤਮ ਰੱਖਿਆ ਦੀ ਬਜਾਇ ਜ਼ਿਆਦਾਤਰ ਵਿਖਾਵਾ ਤੇ ਸ਼ਾਨ ਬਣਦਾ ਜਾ ਰਿਹਾ ਹੈ।

ਅਸੀਂ ਬਗੈਰ ਕਾਨੂੰਨ ਵਿਵਸਥਾ ਵਾਲੇ ਸਮਾਜ ‘ਚ ਨਹੀਂ ਰਹਿ ਰਹੇ ਹਾਂ, ਜਿੱਥੇ ਹਰ ਕਿਸੇ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਜਾਂ ਚੁੱਕਣ ਦੀ ਜ਼ਰੂਰਤ ਹੋਵੇ। ਹਥਿਆਰ-ਕਾਨੂੰਨ ਦਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਨਾਗਰਿਕਾਂ ਨੂੰ ਆਤਮ ਰੱਖਿਆ ਲਈ ਹਥਿਆਰ ਮਿਲਣ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਨਾਗਰਿਕ ਨੂੰ ਹਥਿਆਰ ਰੱਖਣ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਹਥਿਆਰ ਸਿਰਫ਼ ਇਹ ਵਿਖਾਉਣ ਲਈ ਚਾਹੁੰਦੇ ਹਨ ਕਿ ਉਹ ਪ੍ਰਭਾਵਸ਼ਾਲੀ ਵਿਅਕਤੀ ਹੈ ਵਿਆਹਾਂ ਆਦਿ ‘ਚ ਖੁਸ਼ੀ ਦੇ ਮੌਕਿਆਂ ‘ਤੇ ਗੋਲੀਆਂ ਚਲਾਉਣ ਲਈ ਵੀ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ।

ਗੱਲ ਕਰੀਏ ਸਮਾਜ ‘ਚ ਹੁੰਦੀਆਂ ਵਾਰਦਾਤਾਂ ਦੀ ਲੋਕ ਹਥਿਆਰ ਦਾ ਲਾਇਸੰਸ ਲੈ ਲੈਂਦੇ ਹਨ ਅਤੇ ਹਥਿਆਰ ਨੂੰ ਆਪਣੇ ਘਰ ਦੀ ਕੰਧ ‘ਤੇ ਨੁਮਾਇਸ਼ ਵਾਂਗੂ ਟੰਗ ਦਿੰਦੇ ਹਨ। ਬਹੁਤ ਥਾਵਾਂ ‘ਤੇ ਆਪਣੇ ਲਾਇਸੰਸ ਰਿਵਾਲਵਰ ਜਾਂ ਬੰਦੂਕ ਨਾਲ ਹੀ ਕੀਤੀ ਖੁਦਕੁਸ਼ੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਦੇਸ਼ ਦਾ ਕਾਨੂੰਨ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸਮੇਂ ਕਾਇਮ ਹੈ। ਕਿਉਂ ਫਿਰ ਵੀ ਸਾਨੂੰ ਆਪਣੀ ਰੱਖਿਆ ਆਪ ਕਰਨ ਲਈ ਹਥਿਆਰਾਂ ਦੀ ਲੋੜ ਪੈ ਰਹੀ ਹੈ।

ਪੁਰਾਤਣ ਸਮੇਂ ‘ਚ ਲੋਕ ਵਿਆਹਾਂ ‘ਚ ਹਥਿਆਰ ਰੱਖਦੇ ਸਨ ਕਿਉਂਕਿ ਉਦੋਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਨੈੱਟਵਰਕ ਏਨਾ ਨਹੀਂ ਫੈਲਿਆ ਸੀ ਕਿ ਹਰ ਕਿਸੇ ਨੂੰ ਵਿਆਹਾਂ ਵਰਗੇ ਮਹਿੰਗੇ ਪ੍ਰੋਗਰਾਮਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ। ਉਦੋਂ ਸਮਾਂ ਵੀ ਕੁਝ ਇਸ ਤਰ੍ਹਾਂ ਹੀ ਸੀ ਜੰਗਲਾਤ ਜ਼ਿਆਦਾ ਸੀ ਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਬਰਾਤਾਂ ਪੈਦਲ ਤੇ ਘੋੜਿਆਂ-ਊਠਾਂ ‘ਤੇ ਕਈ-ਕਈ ਦਿਨਾਂ ਦੇ ਸਫ਼ਰ ਤੋਂ ਬਾਦ ਮੰਜਲ ‘ਤੇ ਪੁੱਜਦੀਆਂ ਸਨ। ਲੁੱਟਾਂ ਖੋਹਾਂ ਉਦੋਂ ਆਮ ਜਿਹੀ ਗੱਲ ਸੀ। ਇਸ ਲਈ ਧਨਾਢ ਲੋਕ ਆਪਣੇ ਗਹਿਣਿਆਂ, ਨਗਦੀ ਆਦਿ ਨੂੰ ਡਾਕੂਆਂ ਤੋਂ ਬਚਾਉਣ ਲਈ ਵਿਆਹਾਂ ‘ਚ ਹਥਿਆਰਬੰਦ ਲੋਕਾਂ ਨੂੰ ਖਾਸ ਤੌਰ ‘ਤੇ ਤਾਇਨਾਤ ਰੱਖਦੇ ਸਨ।

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਆਹਾਂ ਦੇ ਪ੍ਰੋਗਰਾਮ ਪੂਰੇ ਪਰਿਵਾਰ ਲਈ ਖੁਸ਼ੀ ਦਾ ਇੱਕ ਵਧੀਆ ਮੌਕਾ ਹੁੰਦੇ ਹਨ। ਜੇਕਰ ਇਸ ਖੁਸ਼ੀ ਦੇ ਮੌਕੇ ਕਿਸੇ ਨੌਜਵਾਨ ਤੋਂ ਕੋਈ ਅਣਹੋਣੀ ਹੋ ਜਾਵੇ ਤਾਂ ਜਸ਼ਨ ਤੇ ਖੁਸ਼ੀਆਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਕਈ ਦਹਾਕਿਆਂ ਤੋਂ ਵਿਆਹ ਵਰਗੇ ਖੁਸ਼ੀ ਦੇ ਪ੍ਰੋਗਰਾਮਾਂ ‘ਚ ਸ਼ਰਾਬ ਦਾ ਨਸ਼ਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਅਣਗਿਣਤ ਲੋਕਾਂ ਦੀ ਜਾਨ ਲੈ ਚੁੱਕਾ ਹੈ।

ਕਈ ਲੋਕ ਤਾਂ ਆਪਣੇ ਕੋਲ ਬੰਦੂਕ ਜਾਂ ਪਿਸਤੌਲ ਨਾ ਹੋਣ ਦੇ ਬਾਵਜ਼ੂਦ ਕਿਸੇ ਮਿੱਤਰ ਤੋਂ ਮੰਗ ਕੇ ਵਿਆਹਾਂ ‘ਚ ਫੋਕੀ ਟੌਹਰ ਬਣਾਉਣ ਲਈ ਲੈ ਜਾਂਦੇ ਹਨ। ਜਿਸ ਵਿਅਕਤੀ ਨੇ ਕਦੇ ਅਸਲੇ ਬਾਰੇ ਜਾਣਕਾਰੀ ਵੀ ਨਾ ਲਈ ਹੋਵੇ ਉਹ ਮੈਰਿਜ ਪੈਲੇਸਾਂ ਵਰਗੀਆਂ ਜਨਤਕ ਥਾਵਾਂ ‘ਤੇ ਬੰਦੂਕਾਂ ਲੈ ਕੇ ਇੰਜ ਘੁੰਮਦੇ ਹਨ ਜਿਵੇਂ ਜ਼ਮੀਨ ਦਾ ਕਬਜ਼ਾ ਲੈਣ ਆਏ ਹੋਣ। ਜਦੋਂ ਬਰਾਤ ਪੈਲੇਸ ‘ਚ ਪਹੁੰਚਦੀ ਹੈ ਤਾਂ ਭੂਤਰੇ ਨੌਜਵਾਨ ਇੰਜ ਫ਼ਾਇਰਿੰਗ ਕਰਦੇ ਹਨ ਜਿਵੇਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਅਸੀਂ ਲੜਕੀ ਵਿਆਹੁਣ ਨਹੀਂ ਡਰਾ-ਧਮਕਾ ਕੇ ਲੈਣ ਆਏ ਹਾਂ।

ਬੀਤੇ ਵਰ੍ਹੇ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ‘ਚ ਇੱਕ ਮੈਰਿਜ ਪੈਲੇਸ ‘ਚ ਇੱਕ ਸਿਰਫਿਰੇ ਨੌਜਵਾਨ ਦੀ ਬੰਦੂਕ ਦੀ ਗੋਲੀ ਨਾਲ ਇੱਕ ਡਾਂਸਰ ਦੀ ਮੌਤ ਹੋ ਗਈ, ਜੋ ਕਿ ਗਰਭਵਤੀ ਵੀ ਸੀ। ਇਹ ਖ਼ਬਰ ਤਾਂ ਮੀਡੀਆ ‘ਚ ਅੱਗ ਵਾਂਗ ਫੈਲ ਗਈ ਸੀ ਪਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ ਜੋ ਕਦੇ ਜਨਤਾ ਦੇ ਸਾਹਮਣੇ ਨਹੀਂ ਆਈਆਂ।

ਲੋਕ ਵਿਆਹਾਂ ‘ਚ ਦਿਖਾਵੇ ਦੇ ਚੱਲਦਿਆਂ ਕਰਜਾ ਚੁੱਕ-ਚੁੱਕ ਕੇ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਨੂੰ ਨਸ਼ੇ ਤੇ ਹਥਿਆਰਾਂ ਕਾਰਨ ਅਪਮਾਨ ਤੇ ਗਮੀ ‘ਚ ਵੀ ਬਦਲ ਰਹੇ ਹਨ ਪਰ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਜਦੋਂ ਜਨਤਕ ਥਾਵਾਂ ‘ਤੇ ਅਣਜਾਣਪੁਣੇ ‘ਚ ਗੋਲੀ ਚੱਲਣ ਦੀਆਂ ਘਟਨਾਵਾਂ ਦੀ ਗਿਣਤੀ ਵਧੀ ਤਾਂ ਸਰਕਾਰ ਨੇ ਵਿਆਹਾਂ ‘ਚ ਅਸਲਾ ਰੱਖਣ ‘ਤੇ ਧਾਰਾ 144 ਲਾ ਦਿੱਤੀ ਜੋ ਕਿ ਸਮਾਜ ਦੇ ਹਿੱਤ ‘ਚ ਬਹੁਤ ਹੀ ਜ਼ਰੂਰੀ ਹੈ।

ਕੀ ਲੋਕ ਸਰਕਾਰ ਵੱਲੋਂ ਕਾਨੂੰਨ ਬਣਾਏ ਜਾਣ ਤੋਂ ਬਾਦ ਹੀ ਸੁਧਰਨਗੇ? ਕੀ ਸਾਡਾ ਆਪਣਾ ਨੈਤਿਕ ਫਰਜ਼ ਨਹੀਂ ਕਿ ਅਸੀਂ ਖੁਦ ਸੰਭਲੀਏ? ਹਰ ਘਰ ‘ਚ ਜ਼ਿੰਮੇਵਾਰ ਸੂਝਵਾਨ ਤੇ ਤਜ਼ਰਬੇਕਾਰ ਮੈਂਬਰ ਹੁੰਦੇ ਹਨ ਤੇ ਉਹ ਵਿਆਹ ਮੌਕੇ ਵੀ ਉੱਥੇ ਮੌਜ਼ੂਦ ਹੁੰਦੇ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਦੀਆਂ ਖਤਰਨਾਕ  ਕਾਰਵਾਈਆਂ ਤੋਂ ਰੋਕਣ, ਹੁੰਦਾ ਸਗੋਂ ਇਸ ਤੋਂ ਉਲਟ ਹੈ ਕਿ ਨੌਜਵਾਨ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਹੁੰਦੇ ਹਨ ਤੇ ਬਜ਼ੁਰਗ ਤੇ ਘਰ ਦੇ ਸਿਆਣੇ ਮੈਂਬਰ ਦੂਰ ਬੈਠੇ ਖੁਸ਼ ਹੋ ਰਹੇ ਹੁੰਦੇ ਹਨ।

ਸਮਾਜ ਨੂੰ ਖੁਦ ਸੰਭਲਣਾ ਪਵੇਗਾ ਅਪਰਾਧ ਤੇ ਕੁਰੀਤੀਆਂ ਤੋਂ ਪਿੱਛਾ ਛਡਵਾਉਣ ਲਈ ਵਿਆਹਾਂ ਨੂੰ ਸ਼ਰਾਬ ਤੇ ਹਥਿਆਰਾਂ ਦੇ ਪ੍ਰਦਰਸ਼ਨ ਵਰਗੀਆਂ ਬੁਰਾਈਆਂ ਤੋਂ ਬਚਾਉਣਾ ਚਾਹੀਦਾ ਹੈ ।

ਰਵਿੰਦਰ ਸ਼ਰਮਾ, ਹੀਰਕੇ, (ਮਾਨਸਾ),ਮੋ. 94683-34603

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।