
T20 World Cup 2024: ਸਪੋਰਟਸ ਡੈਸਕ। 29 ਜੂਨ 2024 ਭਾਰਤੀ ਕ੍ਰਿਕੇਟ ਟੀਮ ਲਈ ਇੱਕ ਯਾਦਗਾਰੀ ਦਿਨ ਹੈ ਕਿਉਂਕਿ ਇੱਕ ਸਾਲ ਪਹਿਲਾਂ ਅੱਜ ਹੀ ਦੇ ਦਿਨ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਭਾਰਤ ਨੇ ਬਾਰਬਾਡੋਸ ’ਚ ਖੇਡੇ ਗਏ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਆਈਸੀਸੀ ਟਰਾਫੀ ਜਿੱਤਣ ਦੇ ਸੋਕੇ ਨੂੰ ਖਤਮ ਕੀਤਾ ਸੀ ਤੇ ਕਰੋੜਾਂ ਦੇਸ਼ ਵਾਸੀਆਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਸੀ। ਰੋਹਿਤ ਦੀ ਟੀਮ ਨੇ ਬਾਰਬਾਡੋਸ ’ਚ ਤਿਰੰਗਾ ਲਹਿਰਾਇਆ ਸੀ। T20 World Cup 2024
ਇਹ ਖਬਰ ਵੀ ਪੜ੍ਹੋ : Yamunotri Cloudburst News: ਯਮੁਨੋਤਰੀ ਹਾਈਵੇਅ ’ਤੇ ਸਿਲਾਈ ਬੈਂਡ ਨੇੜੇ ਬੱਦਲ ਫਟਿਆ… ਕਈ ਮਜ਼ਦੂਰ ਲਾਪਤਾ, ਰੈਸਕ…
ਰੋਹਿਤ-ਕੋਹਲੀ ਹੋ ਗਏ ਸਨ ਭਾਵੁਕ | T20 World Cup 2024
ਇਹ ਸਿਰਫ਼ ਇੱਕ ਖਿਤਾਬ ਜਿੱਤ ਨਹੀਂ ਸੀ, ਇਹ ਭਾਰਤੀ ਟੀਮ ਦੇ ਕਰੋੜਾਂ ਪ੍ਰਸ਼ੰਸਕਾਂ ਲਈ ਇੱਕ ਯਾਦਗਾਰੀ ਜਿੱਤ ਸੀ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। 17 ਸਾਲਾਂ ਬਾਅਦ, ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ ’ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਤੋਂ ਬਾਅਦ, ਭਾਰਤੀ ਖਿਡਾਰੀਆਂ ਦੀਆਂ ਅੱਖਾਂ ਨਮ ਹੋ ਗਈਆਂ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਇੱਕ ਦੂਜੇ ਨੂੰ ਜੱਫੀ ਪਾਉਂਦੇ ਵੇਖੇ ਗਏ। ਇਸ ਦੌਰਾਨ, ਦੋਵੇਂ ਭਾਵੁਕ ਦਿਖਾਈ ਦਿੱਤੇ।
ਦੂਜੀ ਵਾਰ ਜਿੱਤਿਆ ਸੀ ਖਿਤਾਬ | T20 World Cup 2024
ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਫਾਈਨਲ ਮੈਚ ’ਚ, ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 176 ਦੌੜਾਂ ਬਣਾਈਆਂ। ਜਿਸ ਵਿੱਚ ਮਹਾਨ ਖਿਡਾਰੀ ਵਿਰਾਟ ਕੋਹਲੀ ਦੀ 76 ਦੌੜਾਂ ਦੀ ਪਾਰੀ ਸ਼ਾਮਲ ਰਹੀ ਸੀ, ਪੂਰੇ ਟੀ20 ਵਿਸ਼ਵ ਕੱਪ ’ਚ ਵਿਰਾਟ ਦਾ ਬੱਲਾ ਨਹੀਂ ਚੱਲਿਆ ਸੀ, ਅਜਿਹੇ ’ਚ ਲੋਕ ਸੁਆਲ ਚੁੱਕ ਰਹੇ ਸਨ ਕਿ ਵਿਰਾਟ ਦਾ ਬੱਲਾ ਨਹੀਂ ਚੱਲ ਰਿਹਾ। T20 World Cup 2024
ਪਰ ਵਿਰਾਟ ਨੇ ਫਾਈਨਲ ’ਚ ਸਭ ਨੂੰ ਮੂੰਹ ਤੋੜ ਜਵਾਬ ਦਿੱਤੇ ਤੇ 76 ਦੌੜਾਂ ਦੀ ਪਾਰੀ ਖੇਡੀ। ਜਵਾਬ ’ਚ, ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 169 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ, ਭਾਰਤ ਨੇ 11 ਸਾਲਾਂ ਦੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰ ਦਿੱਤਾ। ਭਾਰਤ ਨੇ ਇਸ ਤੋਂ ਪਹਿਲਾਂ 2013 ’ਚ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ, ਭਾਰਤ ਨੇ 17 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਤੇ 13 ਸਾਲਾਂ ਬਾਅਦ ਇੱਕ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੇ 2011 ’ਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। T20 World Cup
ਟੀ-20 ਵਿਸ਼ਵ ਕੱਪ 2024 ’ਚ ਭਾਰਤ ਦਾ ਸਫ਼ਰ | T20 World Cup 2024
ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਨੂੰ ਗਰੁੱਪ-ਏ ’ਚ ਸ਼ਾਮਲ ਕੀਤਾ ਗਿਆ ਸੀ, ਜਿਸ ’ਚ ਪਾਕਿਸਤਾਨ, ਆਇਰਲੈਂਡ, ਅਮਰੀਕਾ ਤੇ ਕੈਨੇਡਾ ਸ਼ਾਮਲ ਸਨ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ, ਭਾਰਤ ਨੇ ਬੰਗਲਾਦੇਸ਼ ਵਿਰੁੱਧ ਇੱਕੋ-ਇੱਕ ਅਭਿਆਸ ਮੈਚ ਖੇਡਿਆ ਜਿਸ ’ਚ ਉਸਨੇ ਜਿੱਤ ਹਾਸਲ ਕੀਤੀ। ਭਾਰਤ ਨੇ ਗਰੁੱਪ ਪੜਾਅ ਦੇ ਆਪਣੇ ਸਾਰੇ ਮੈਚ ਅਮਰੀਕਾ ’ਚ ਖੇਡੇ। ਟੂਰਨਾਮੈਂਟ ’ਚ ਭਾਰਤ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਵਿਰੁੱਧ ਸੀ, ਜਿਸ ’ਚ ਟੀਮ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਇਸ ਤੋਂ ਬਾਅਦ, ਟੀਮ ਨੇ 9 ਜੂਨ ਨੂੰ ਨਿਊਯਾਰਕ ’ਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕੀਤਾ। ਇਸ ਮੈਚ ’ਚ ਭਾਰਤੀ ਟੀਮ ਚੰਗੀ ਸਥਿਤੀ ’ਚ ਨਹੀਂ ਸੀ, ਪਰ ਅਖੀਰ ’ਚ, ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਜਿਸ ਵਿੱਚ ਜਸਪ੍ਰੀਤ ਬੁਮਰਾਹ ਦਾ ਵੱਡਾ ਯੋਗਦਾਨ ਰਿਹਾ, ਭਾਰਤ ਨੇ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਫਿਰ ਟੀਮ ਦਾ ਸਾਹਮਣਾ 12 ਜੂਨ ਨੂੰ ਅਮਰੀਕਾ ਨਾਲ ਹੋਇਆ, ਜਿੱਥੇ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਤੇ ਸੁਪਰ-8 ਪੜਾਅ ਲਈ ਕੁਆਲੀਫਾਈ ਕੀਤਾ।
ਭਾਰਤ ਦਾ ਗਰੁੱਪ ਪੜਾਅ ਦਾ ਆਖਰੀ ਮੈਚ ਫਲੋਰੀਡਾ ’ਚ ਕੈਨੇਡਾ ਵਿਰੁੱਧ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ। ਭਾਰਤ ਅਗਲੇ ਦੌਰ ਲਈ ਵੈਸਟਇੰਡੀਜ਼ ਗਿਆ, ਜਿੱਥੇ ਟੀਮ ਇੰਡੀਆ ਦਾ ਪਹਿਲਾ ਮੈਚ 20 ਜੂਨ ਨੂੰ ਅਫਗਾਨਿਸਤਾਨ ਵਿਰੁੱਧ ਸੀ। ਭਾਰਤੀ ਟੀਮ ਨੇ ਇਸ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 47 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ, ਟੀਮ ਨੇ 22 ਜੂਨ ਨੂੰ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ। ਫਿਰ ਭਾਰਤ ਦਾ ਸਾਹਮਣਾ 24 ਜੂਨ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਅਸਟਰੇਲੀਆ ਨਾਲ ਹੋਇਆ। ਇਹ ਇਸ ਟੂਰਨਾਮੈਂਟ ’ਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਮੈਚ ਸੀ।
ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੀ ਤੂਫਾਨੀ ਪਾਰੀ ਦੀ ਬਦੌਲਤ ਇਹ ਮੈਚ 24 ਦੌੜਾਂ ਨਾਲ ਜਿੱਤਿਆ ਤੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਫਿਰ ਸੈਮੀਫਾਈਨਲ ’ਚ ਭਾਰਤ ਦਾ ਮੁਕਾਬਲਾ ਪਿਛਲੀ ਵਾਰ ਦੀ ਟੀ20 ਚੈਂਪੀਅਨ ਟੀਮ ਇੰਗਲੈਂਡ ਨਾਲ ਹੋਇਆ, ਇਹ ਇੰਗਲੈਂਡ ਹੀ ਸੀ ਜਿਸ ਨੇ 2022 ’ਚ ਸੈਮੀਫਾਈਨਲ ’ਚ ਭਾਰਤ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ। ਭਾਰਤ ਨੇ ਇਸ ਦਾ ਬਦਲਾ ਮੌਜ਼ੂਦਾ ਚੈਂਪੀਅਨ ਟੀਮ ਨੂੰ 68 ਦੌੜਾਂ ਨਾਲ ਹਰਾ ਕੇ ਲਿਆ ਤੇ ਫਾਈਨਲ ’ਚ ਦਾਖਲ ਹੋਏ। ਅੰਤ ’ਚ, ਭਾਰਤ ਨੇ ਫਾਈਨਲ ਦੀ ਰੁਕਾਵਟ ਨੂੰ ਵੀ ਪਾਰ ਕੀਤਾ ਤੇ ਖਿਤਾਬ ਜਿੱਤ ਕੇ ਸੋਕੇ ਨੂੰ ਖਤਮ ਕੀਤਾ।
ਰੋਹਿਤ ਤੇ ਕੋਹਲੀ ਨੇ ਕਿਹਾ ਸੀ ਟੀ20 ਅੰਤਰਰਾਸ਼ਟਰੀ ਨੂੰ ਅਲਵਿਦਾ
ਜਦੋਂ ਭਾਰਤੀ ਪ੍ਰਸ਼ੰਸਕ ਇਸ ਖਿਤਾਬ ਜਿੱਤ ਦੇ ਜਸ਼ਨ ’ਚ ਡੁੱਬੇ ਹੋਏ ਸਨ, ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਭਾਰਤ ਦੀ ਜਿੱਤ ਤੋਂ ਬਾਅਦ ਹੀ ਕੋਹਲੀ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਭਾਰਤ ਲਈ ਇਸ ਫਾਰਮੈਟ ’ਚ ਨਹੀਂ ਖੇਡਣਗੇ, ਪਰ ਆਈਪੀਐਲ ’ਚ ਖੇਡਣਾ ਜਾਰੀ ਰੱਖਣਗੇ।
ਇਸ ਤੋਂ ਬਾਅਦ, ਪ੍ਰੈਸ ਕਾਨਫਰੰਸ ’ਚ, ਰੋਹਿਤ ਨੇ ਟੀ-20 ਅੰਤਰਰਾਸ਼ਟਰੀ ਨੂੰ ਅਲਵਿਦਾ ਕਹਿ ਕੇ ਪ੍ਰਸ਼ੰਸਕਾਂ ਨੂੰ ਦੋਹਰਾ ਝਟਕਾ ਦਿੱਤਾ। ਇਨ੍ਹਾਂ ਦੋ ਸਟਾਰ ਖਿਡਾਰੀਆਂ ਤੋਂ ਇਲਾਵਾ, ਇਹ ਉਸ ਸਮੇਂ ਦੇ ਭਾਰਤੀ ਕੋਚ ਰਾਹੁਲ ਦ੍ਰਾਵਿੜ ਦਾ ਕੋਚ ਵਜੋਂ ਆਖਰੀ ਮੈਚ ਵੀ ਸੀ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ। ਦ੍ਰਾਵਿੜ ਅੱਗੇ ਅਹੁਦੇ ’ਤੇ ਨਹੀਂ ਰਹਿਣਾ ਚਾਹੁੰਦੇ ਸਨ। ਇਸ ਤਰ੍ਹਾਂ, ਰੋਹਿਤ-ਕੋਹਲੀ ਤੇ ਦ੍ਰਾਵਿੜ ਦੀ ਤਿੱਕੜੀ ਨੇ ਖਿਤਾਬ ਜਿੱਤ ਨਾਲ ਅਲਵਿਦਾ ਕਹਿ ਦਿੱਤਾ।













