ਭਾਰਤ-ਰੂਸ ਮਿੱਤਰਤਾ ਤੇ ਭਵਿੱਖ

 

ਭਾਰਤ-ਰੂਸ ਮਿੱਤਰਤਾ ਤੇ ਭਵਿੱਖ

ਭਾਰਤ-ਰੂਸ 21ਵੇਂ ਸਾਲਾਨਾ ਸ਼ਿਖਰ ਸੰਮੇਲਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਦਿੱਲੀ ਫੇਰੀ ਮਾਸਕੋ ਲਈ ਭਾਰਤ ਦੇ ਮਹੱਤਵ ਨੂੰ ਦਰਸਾਉਂਦੀ ਹੈ। ਰੂਸੀ ਰਾਸ਼ਟਰਪਤੀ ਨੇ ਭਾਰਤ ਨੂੰ ਸਿਰਫ ਅਜ਼ਮਾਇਆ ਹੋਇਆ ਦੋਸਤ ਹੀ ਨਹੀਂ ਕਿਹਾ, ਸਗੋਂ ਇਸ ਦੋਸਤੀ ਨੇ ਪੰਜ ਦਹਾਕਿਆਂ ਦਾ ਅਟੁੱਟ ਸਫਰ ਤੈਅ ਕੀਤਾ ਹੈ। ਇਸ ਦੀ ਨੀਂਹ 9 ਅਗਸਤ, 1971 ਨੂੰ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੋਵੀਅਤ ਆਗੂ ਲਿਓਨਿਡ ਬ੍ਰੇਜਨੇਵ ਦੁਆਰਾ ਰੱਖੀ ਗਈ ਸੀ ਅਤੇ ਸਾਲ ਦਰ ਸਾਲ ਇਸ ਨੂੰ ਮਜਬੂਤ ਕੀਤਾ ਗਿਆ ਸੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਵੀ ਜਦੋਂ ਸੰਸਾਰ ਇਕ ਧਰੁਵੀ ਹੋ ਗਿਆ ਤਾਂ ਨਵੀਂ ਦਿੱਲੀ ਅਤੇ ਮਾਸਕੋ ਨੇ ਆਪਸੀ ਰਿਸ਼ਤਿਆਂ ਦੀ ਚਮਕ ਨੂੰ ਫਿੱਕਾ ਨਹੀਂ ਪੈਣ ਦਿੱਤਾ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੀਆਂ ਸਾਰੀਆਂ ਸਾਰਥਿਕ ਮੰਗਾਂ ਪੂਰੀਆਂ ਕਰਕੇ ਦੇਸ਼ ਦੇ ਹਿੱਤ ਵਿਚ ਨਵੇਂ ਰਿਸ਼ਤੇ ਬੰਨ੍ਹਦਿਆਂ ਹਮੇਸ਼ਾ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ।

ਰੱਖਿਆ ਨਾਲ ਸਬੰਧਤ ਰਵਾਇਤੀ ਸਹਿਯੋਗ ਦਾ ਜ਼ਿਕਰ ਇਸ ਵਾਰ ਵੀ ਕੀਤਾ ਗਿਆ ਹੈ ਅਤੇ ਇਸ ਦਾ ਵਿਸਥਾਰ ਵੀ ਕੀਤਾ ਗਿਆ ਹੈ, ਪਰ ਇਸ ਵਾਰ ਉੱਭਰ ਰਹੇ ਨਵੇਂ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਹ ਊਰਜਾ, ਆਰਥਿਕ ਵਪਾਰ, ਵਿਗਿਆਨ ਅਤੇ ਤਕਨਾਲੋਜੀ ਸੰਪਰਕ ਵਧਾਉਣ ਅਤੇ ਵਿੱਦਿਅਕ ਅਤੇ ਸੱਭਿਆਚਾਰਕ ਸਹਿਯੋਗ ਦੀ ਸੰਭਾਵਨਾ ਨੂੰ ਮਹਿਸੂਸ ਕਰਨ ’ਤੇ ਮਹੱਤਵਪੂਰਨ ਫੋਕਸ ਹੈ। ਦੋਵੇਂ ਦੇਸ਼ ਰਣਨੀਤਕ ਅਤੇ ਕੂਟਨੀਤਕ ਸਹਿਯੋਗ ਨੂੰ ਹੋਰ ਤੇਜ ਕਰਨ ਦੀ ਜਰੂਰਤ ਨੂੰ ਜੋ ਮਹੱਤਵ ਦਿੰਦੇ ਹਨ, ਇਸ ਗੱਲ ਨੂੰ ਇਸ ਤੱਥ ਦੁਆਰਾ ਰੇਖਾਂਕਿਤ ਕੀਤਾ ਗਿਆ ਹੈ ਕਿ ਭਾਰਤ ਅਤੇ ਰੂਸ ਵਿਚਕਾਰ ਪਹਿਲੀ ਵਾਰ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਸਾਂਝੀ ਬੈਠਕ (2+2) ਦੀ ਵਿਵਸਥਾ ਕੀਤੀ ਗਈ ਹੈ।

ਖਾਸ ਤੌਰ ’ਤੇ ਰੱਖਿਆ ਖੇਤਰ ’ਚ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਮਜਬੂਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐੱਸ-400 ਮਿਜਾਈਲ ਸਿਸਟਮ ਸੌਦੇ ਨੂੰ ਲੈ ਕੇ ਅਮਰੀਕਾ, ਚੀਨ, ਤੁਰਕੀ ਸਮੇਤ ਕਈ ਦੇਸਾਂ ਦੀ ਨਾਖੁਸ਼ੀ ਨੂੰ ਦੋਵਾਂ ਦੇਸ਼ਾਂ ਨੇ ਅਹਿਮੀਅਤ ਨਹੀਂ ਦਿੱਤੀ। ਹਾਲਾਂਕਿ ਰੂਸ ਸ਼ੁਰੂ ਵਿੱਚ ਤਾਲਿਬਾਨ ਨੂੰ ਲੈ ਕੇ ਭੰਬਲਭੂਸੇ ਦਾ ਸ਼ਿਕਾਰ ਸੀ ਅਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਜਾਪਦਾ ਸੀ, ਪਰ ਮਾਸਕੋ ਨੇ ਆਪਣੀ ਅਫਗਾਨ ਨੀਤੀ ਨੂੰ ਉਦੋਂ ਦੇਖਿਆ ਜਦੋਂ ਭਾਰਤ ਨੇ ਇਸ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਪੇਸ਼ ਕੀਤੀਆਂ। ਦੋਵਾਂ ਆਗੂਆਂ ਤੇ ਮੰਤਰੀਆਂ ਦੀਆਂ ਮੀਟਿੰਗਾਂ ਵਿੱਚ ਹੋਏ ਸਮਝੌਤਿਆਂ ਵਿੱਚ ਕੁਝ ਹੋਰ ਅਹਿਮ ਨੁਕਤੇ ਵੀ ਹਨ।

ਊਰਜਾ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦਾ ਸਹਿਯੋਗ 2007-08 ਤੋਂ ਚੱਲ ਰਿਹਾ ਹੈ, ਪਰ ਇਸ ਵਾਰ ਇਸ ਨੂੰ ਵਧਾਉਣ ਲਈ ਠੋਸ ਫੈਸਲੇ ਲਏ ਗਏ ਹਨ। ਰੂਸ ਆਰਕਟਿਕ ਖੇਤਰ ਤੋਂ ਤੇਲ ਅਤੇ ਕੁਦਰਤੀ ਗੈਸ ਕੱਢਣ ਵਿੱਚ ਭਾਰਤ ਦੇ ਸਹਿਯੋਗ ਦੀ ਉਮੀਦ ਕਰਦਾ ਹੈ। ਇਸ ਮਾਮਲੇ ’ਚ ਹੁਣ ਤੱਕ 15 ਅਰਬ ਡਾਲਰ ਦਾ ਨਿਵੇਸ਼ ਹੋ ਚੁੱਕਾ ਹੈ। ਇਹ ਸਹਿਯੋਗ ਸਾਡੇ ਆਰਥਿਕ ਸਬੰਧਾਂ ਦਾ ਮਹੱਤਵਪੂਰਨ ਥੰਮ੍ਹ ਹੋ ਸਕਦਾ ਹੈ। 2025 ਤੱਕ ਦੁਵੱਲਾ ਵਪਾਰ ਘੱਟੋ-ਘੱਟ 30 ਅਰਬ ਡਾਲਰ ਹੋਣ ਦੀ ਉਮੀਦ ਹੈ। ਮੁੰਬਈ ਅਤੇ ਸੇਂਟ ਪੀਟਰਸਬਰਗ ਵਿਚਕਾਰ ਵਪਾਰਕ ਕੋਰੀਡੋਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਕਾਰੋਬਾਰ ਦੇ ਵਾਧੇ ’ਚ ਕਾਫੀ ਮਦਦ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ