ਭਾਰਤ ਨੇ ਅਸਟਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾਇਆ
- ਵਿਰਾਟ ਕੋਹਲੀ ਨੇ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ
ਦੁਬਈ। ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਕੇਐਲ ਰਾਹੁਲ ਨੇ ਭਾਰਤ ਨੂੰ ਛੱਕਾ ਮਾਰ ਜਿੱਤ ਦਿਵਾਈ। ਇਸ ਜਿੱਤ ਨਾਲ ਭਾਰਤ ਫਾਈਨਲ ’ਚ ਪਹੁੰਚ ਗਈ। ਭਾਰਤ ਦੀ ਇਸ ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ ਜਿਸ ਨੇ ਮੁਸ਼ਕਲ ਹਾਲਾਤਾਂ ’ਚ 84 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੂੰ ਭਾਰਤ ਨੂੰ 265 ਦੌੜਾਂ ਦੀ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ 4.6 ਓਵਰਾਂ ’ਚ ਸੁਭਮਨ ਗਿੱਲ 8 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਇਸ ਤੋਂ ਬਾਅਦ 7.5 ਓਵਰਾਂ ’ਚ ਭਾਰਤ ਨੂੰ ਵੱਡਾ ਝਟਕਾ ਲੱਗਾ, ਰੋਹਿਤ ਸ਼ਰਮਾ 28 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਸ੍ਰੇਅਸ ਅਈਅਰ ਨੇ ਮੁਸ਼ਕਲ ਹਾਲਾਤਾਂ ’ਚ ਪਾਰੀ ਨੂੰ ਸੰਭਾਲਿਆ।
ਜਦੋਂ ਲੱਗ ਰਿਹਾ ਸੀ ਸ੍ਰੇਅਸ ਅਈਅਰ ਪੂਰੀ ਤਰਾਂ ਸੈਟ ਹੋ ਗਏ ਹਨ ਤੇ ਉਹ ਭਾਰਤ ਨੂੰ ਕੋਹਲੀ ਨਾਲ ਮਿਲ ਕੇ ਜਿੱਤ ਦੇ ਕਰੀਬ ਲੈ ਜਾਣਗੇ ਪਰ ਸ੍ਰੇਅਸ ਅਈਅਰ 26ਵੇਂ ਓਵਰ ’ਚ 45 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਅਕਸ਼ਰ ਪਟੇਲ ਨੇ ਵੀ ਵਿਰਾਟ ਕੋਹਲੀ ਦਾ ਚੰਗਾ ਸਾਥ ਦਿੱਤਾ ਤੇ ਉਹ 27 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਹਾਰਦਿਕ ਪਾਂਂਡਿਆ ਨੇ (28) ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਕੇਐਲ ਰਾਹੁਲ ਨੇ ਨਾਬਾਦ (42) ਤੇ ਰਵਿੰਦਰ ਜਡੇਜਾ ਨੇ ਨਾਬਾਦ 2 ਦੌੜਾਂ ਬਣਾਈਆਂ। ਭਾਰਤ ਨੇ 265 ਦੌੜਾਂ ਦਾ ਟੀਚਾ 48.1 ਓਵਰਾਂ ’ਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਆਸਟਰੇਲੀਆ 264 ਦੌੜਾਂ ’ਤੇ ਆਲਆਊਟ
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 49.3 ਓਵਰਾਂ ਵਿੱਚ 264 ਦੌੜਾਂ ‘ਤੇ ਆਲ ਆਊਟ ਹੋ ਗਈ। ਕਪਤਾਨ ਸਟੀਵ ਸਮਿਥ ਨੇ 96 ਗੇਂਦਾਂ ‘ਤੇ 73 ਦੌੜਾਂ ਦੀ ਪਾਰੀ ਖੇਡੀ। ਐਲੇਕਸ ਕੈਰੀ ਨੇ 61 ਅਤੇ ਟ੍ਰੈਵਿਸ ਹੈੱਡ ਨੇ 39 ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਹਾਸਲ ਕੀਤੀਆਂ।