ਆਖਰੀ ਓਵਰ ‘ਚ ਹੋਈ ਭਾਰਤ ਨੂੰ ਜਿੱਤ ਨਸੀਬ

India, Last, Over, Naseeb

ਮੁਹੱਮਦ ਸ਼ਮੀ ਦੀ ਹੈਟ੍ਰਿਕ, 11 ਦੌੜਾਂ ਨਾਲ ਜਿੱਤਿਆ ਭਾਰਤ

213 ਦੌੜਾਂ ‘ਤੇ ਅਫਗਾਨਿਸਤਾਨ ਆਲ ਆਊਟ

ਸਾਊਥੈਂਪਟਨ, ਏਜੰਸੀ

ਸਾਊਥੈਂਪਟਨ ‘ਚ ਵਿਸ਼ਵ ਕੱਪ 2019 ਦੇ 28ਵੇਂ ਮੈਚ ‘ਚ ਭਾਰਤ ਨੂੰ ਅਫਗਾਨਿਸਤਾਨ ਖਿਲਾਫ ਆਖਰੀ ਓਵਰ ‘ਚ ਜਾ ਕੇ ਜਿੱਤ ਨਸੀਬ ਹੋਈ। ਇਸ ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਸ਼ਮੀ ਦੀ ਹੈਟ੍ਰਿਕ ਦੇ ਦਮ ‘ਤੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ਼ਮੀ ਨੇ ਇਸ ਮੈਚ ‘ਚ ਕੁੱਲ 4 ਵਿਕਟਾਂ ਪ੍ਰਾਪਤ ਕੀਤੀਆਂ। ਇਸ ਜਿੱਤ ਨਾਲ ਭਾਰਤ ਦੇ 5 ਮੈਚਾਂ ਨਾਲ 9 ਅੰਕ ਹੋ ਗਏ ਹਨ। ਇਸ ਮੈਚ ‘ਚ ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 224 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਦੇ ਸਾਹਮਣੇ 225 ਦੌੜਾਂ ਦਾ ਟੀਚਾ ਰੱਖਿਆ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕਤਰਫਾ ਸੰਘਰਸ਼ ਕੀਤਾ ਤੇ 63 ਗੇਂਦਾਂ ‘ਚ 67 ਦੌੜਾਂ ਦੇ ਅਰਧ ਸੈਂਕੜੇ ਦੀ ਪਾਰੀ ‘ਚ ਪੰਜ ਚੌਂਕੇ ਲਾਏ। ਵਿਰਾਟ ਤੋਂ ਬਾਅਦ ਕੇਦਾਰ ਜਾਧਵ ਨੇ ਉਪਯੋਗੀ ਪ੍ਰਦਰਸ਼ਨ ਕੀਤਾ ਅਤੇ ਆਪਣਾ ਛੇਵਾਂ ਅਰਧ ਸੈਂਕੜਾ ਬਣਾ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਕੇਦਾਰ ਨੇ 68 ਗੇਂਦਾਂ ‘ਤੇ ਤਿੰਨ ਚੌਂਕੇ ਤੇ ਇੱਕ ਛੱਕੇ ਦੀ ਮੱਦਦ ਨਾਲ 52 ਦੌੜਾਂ ਬਣਾਈਆਂ ਓਪਨਰ ਲੋਕੇਸ਼ ਰਾਹੁਲ ਨੇ 53 ਗੇਂਦਾਂ ‘ਤੇ ਦੋ ਚੌਂਕਿਆਂ ਦੀ ਮੱਦਦ ਨਾਲ 30 ਦੌੜਾਂ, ਆਲਰਾਊਂਡਰ ਵਿਜੈ ਸ਼ੰਕਰ ਨੇ 41 ਗੇਂਦਾਂ ‘ਚ ਦੋ ਚੌਂਕਿਆਂ ਦੀ ਮੱਦਦ ਨਾਲ 29 ਤੇ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੇ 52 ਗੇਂਦਾਂ ‘ਚ 3 ਚੌਂਕਿਆਂ ਦੀ ਮੱਦਦ ਨਾਲ 28 ਦੌੜਾਂ ਬਣਾਈਆਂ। ਓਪਨਰ ਰੋਹਿਤ ਸ਼ਰਮਾ ਸਿਰਫ ਇੱਕ ਦੌੜ ਬਣਾ ਕੇ ਆਊਟ ਹੋਏ ਜਦੋਂ ਕਿ ਆਲਰਾਊਂਡਰ ਹਾਰਦਿਕ ਪਾਂਡਿਆ 7 ਦੌੜਾਂ ਹੀ ਬਣਾ ਸਕੇ ਮੁਹੰਮਦ ਸ਼ਮੀ ਨੇ ਇੱਕ 1 ਦੌੜ ਬਣਾਈ।

ਟੀਚੇ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ ਲਈ ਮੁਹੰਮਦ ਨਬੀ ਨੇ 52 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਮੈਚ ਆਖਰੀ ਓਵਰ ਤੱਕ ਲੈ ਗਏ ਪਰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾਂ ਦੀ ਦਰਕਾਰ ਕਾਰਨ ਨਬੀ ਨੇ ਪਹਿਲੀ ਗੇਂਦ ਤਾਂ ਸੀਮਾ ਰੇਖਾ ਦੇ ਪਾਰ 4 ਦੌੜਾਂ ਲਈ ਪਹੁੰਚਾ ਦਿੱਤੀ ਪਰ ਅਗਲੀਆਂ ਗੇਂਦਾਂ ‘ਚ ਸ਼ਮੀ ਦੀ ਹੈਟ੍ਰਿਕ ਨੇ ਅਫਗਾਨਿਸਤਾਨ ਨੂੰ 49.5 ਓਵਰਾਂ ‘ਚ 213 ਦੌੜਾਂ ‘ਤੇ ਸਮੇਟ ਦਿੱਤਾ। ਭਾਰਤ ਵੱਲੋਂ ਬੁਮਰਾਹ, ਯੁਜਵੇਂਦਰ ਚਹਿਲ, ਹਾਰਦਿਕ ਪਾਂਡਿਆ ਨੇ ਦੋ-ਦੋ ਵਿਕਟਾਂ ਪ੍ਰਾਪਤ ਕੀਤੀਆਂ। ਮੁਹੰਮਦ ਸ਼ਮੀ ਨੂੰ ਇਸ ਮੈਚ ‘ਚ ਮੈਨ ਆਫ ਦਿ ਮੈਚ ਚੁਣਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।