ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ : ਅਫ਼ਗਾਨਿਸਤਾਨ ਦੇ ਇਤਿਹਾਸ ਦਾ ਹਿੱਸਾ ਬਣੇਗਾ ਭਾਰਤ

ਬੰਗਲੁਰੂ (ਏਜੰਸੀ) ਅੱਤਵਾਦ, ਗਰੀਬੀ ਤੇ ਅਸ਼ਾਂਤੀ ਤੋਂ ਪੀੜਤ ਹੋਣ ਦੇ ਬਾਵਜ਼ੂਦ ਅਫ਼ਗਾਨਿਸਤਾਨ ਦੇ ਕ੍ਰਿਕਟਰਾਂ ਨੇ ਦੁਨੀਆਂ ਸਾਹਮਣੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਅਤੇ ਇਸ ਰਾਹ ‘ਤੇ ਉਸ ਦੀ ਟੀਮ ਅੱਜ ਤੋਂ ਟੈਸਟ ਮੈਚਾਂ ‘ਚ ਸ਼ੁਰੂਆਤ ਕਰਕੇ ਇਤਿਹਾਸ ਲਿਖਣ ਨਿੱਤਰੇਗੀ ਜਿਸ ਵਿੱਚ ਭਾਰਤੀ ਕ੍ਰਿਕਟ ਟੀਮ ਉਸਦਾ ਹਿੱਸਾ ਬਣੇਗੀ।

ਅਫ਼ਗਾਨ ਟੀਮ ਅਸਗਰ ਸਤਾਨਿਕਜ਼ਈ ਦੀ ਕਪਤਾਨੀ ‘ਚ ਆਪਣਾ ਪਹਿਲਾ ਮੈਚ ਖੇਡੇਗੀ ਜਦੋਂਕਿ ਭਾਰਤੀ ਟੀਮ ਅਜਿੰਕਾ ਰਹਾਣੇ ਦੀ ਕਪਤਾਨੀ ‘ਚ ਇਸ ਮੈਚ ‘ਚ ਖੇਡੇਗੀ ਭਾਰਤੀ ਟੀਮ ਜਿੱਥੇ ਟੈਸਟ ਮੈਚਾਂ ਦੇ ਫਾਰਮੇਟ ‘ਚ ਅੱਵਲ ਟੀਮ ਹੈ ਤਾਂ ਅਫ਼ਗਾਨਿਸਤਾਨ ਨੇ ਹਾਲ ਹੀ ‘ਚ ਦੇਹਰਾਦੂਨ ‘ਚ ਹੋਈ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ‘ਚ ਬੰਗਲਾਦੇਸ਼ ਵਿਰੁੱਧ 3-0 ਦੀ ਇਕਤਰਫਾ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਉਸਦੇ ਵੀ ਹੌਂਸਲੇ ਬੁਲੰਦ ਹਨ ਅਤੇ ਭਾਰਤ ਵਿਰੁੱਧ ਵੀ ਆਪਣੇ ਪੰਜ ਚੋਟੀ ਦੇ ਸਪਿੱਨਰਾਂ ਦੀ ਬਦੌਲਤ ਵੱਡਾ ਉਲਟਫੇਰ ਕਰਨ ਦੀ ਸੋਚ ਰਹੀ ਹੈ।

ਅਫ਼ਗਾਨ ਜਾਣੂ ਹਨ ਭਾਰਤੀ ਪਿੱਚਾਂ ਤੋਂ

ਅਫ਼ਗਾਨ ਟੀਮ ਆਪਣੇ ਦੇਸ਼ ‘ਚ ਅਸ਼ਾਂਤ ਮਾਹੌਲ ਕਾਰਨ 2015 ਤੋਂ ਹੀ ਭਾਰਤ ‘ਚ ਆਪਣੇ ਘਰੇਲੂ ਮੈਚ ਖੇਡ ਰਹੀ ਹੈ ਇਸ ਤੋਂ ਇਲਾਵਾ ਰਾਸ਼ਿਦ ਅਤੇ ਮੁਜ਼ੀਬ ਕੋਲ ਆਈ.ਪੀ.ਐਲ. ਦਾ ਚੰਗਾ ਤਜ਼ਰਬਾ ਹੈ ਜੋ ਭਾਰਤੀ ਖਿਡਾਰੀਆਂ ਨਾਲ ਅਤੇ ਉਹਨਾਂ ਵਿਰੁੱਧ ਖੇਡ ਚੁੱਕੇ ਹਨ ਹਾਲਾਂਕਿ ਇਹ ਤੱਥ ਸਾਫ਼ ਹੈ ਕਿ ਟੀਮ ਕੋਲ ਟੈਸਟ ਮੈਚਾਂ ਦਾ ਤਜ਼ਰਬਾ ਨਹੀਂ ਹੈ।

ਰਹਾਣੇ ਦੀ ਕਮਾਨ ‘ਚ ਮਜ਼ਬੂਤ ਤੀਰ

ਭਰੋਸੇਮੰਦ ਬੱਲੇਬਾਜ਼ ਰਹਾਣੇ ਦੀ ਕਪਤਾਨੀ ‘ਚ ਭਾਰਤੀ ਟੀਮ ਕੋਲ ਤਜ਼ਰਬੇਕਾਰ ਸ਼ਿਖਰ ਧਵਨ, ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ, ਕਰੁਣ ਨਾਇਰ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ ਜਿਹੀ ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਹੈ ਜੋ ਹਰ ਤਰ੍ਹਾਂ ਦੇ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰ ਸਕਦੇ ਹਨ ਫਿਰ ਵੀ ਦੁਨੀਆਂ ਦੀ ਨੰਬਰ ਇੱਕ ਟੀਮ ਲਈ ਅਫ਼ਗਾਨਿਸਤਾਨ ਵਿਰੁੱਧ ਚੁਣੌਤੀ ਚਾਹੇ ਬਹੁਤੀ ਵੱਡੀ ਨਹੀਂ ਹੈ ਪਰ ਉਸਨੂੰ ਮਹਿਮਾਨ ਟੀਮ ਤੋਂ ਚੌਕਸ ਰਹਿਣਾ ਹੋਵੇਗਾ।

ਰਾਸ਼ਿਦ ਤੋਂ ਚੌਕਸ ਰਹਿਣਾ ਹੋਵੇਗਾ ਭਾਰਤ ਨੂੰ

ਆਈ.ਪੀ.ਐਲ. ‘ਚ 21 ਵਿਕਟਾਂ ਲੈ ਕੇ ਸਟਾਰ ਰਹੇ ਅਤੇ ਬੰਗਲਾਦੇਸ਼ ਵਿਰੁੱਧ ਇੱਕ ਰੋਜ਼ਾ ਲੜੀ ‘ਚ ਵੀ ਮੈਨ ਆਫ ਦ ਸੀਰੀਜ਼ ਰਹੇ 19 ਸਾਲ ਦੇ ਰਾਸ਼ਿਦ ਖਾਨ ਇਸ ਸਮੇਂ ਕਰੀਅਰ ਦੇ ਸਿਖ਼ਰ ‘ਤੇ ਹਨ ਪਰ ਰਾਸ਼ਿਦ ਟੈਸਟ ‘ਚ ਜਲਵਾ ਦਿਖਾ ਸਕਣਗੇ ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਹਨ ਮਾਰਚ ‘ਚ ਰਾਸ਼ਿਦ 100 ਇੱਕ ਰੋਜ਼ਾ ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਗੇਂਦਬਾਜ਼ ਬਣੇ ਸਨ ਅਤੇ ਫਿਲਹਾਲ ਟਵੰਟੀ20 ‘ਚ ਦੁਨੀਆਂ ਦੇ ਨੰਬਰ ਇੱਕ ਗੇਂਦਬਾਜ਼ ਵੀ ਹਨ ਸਪਿੱਨਰਾਂ ਦੀ ਨਰਸਰੀ ਕਹੇ ਜਾ ਰਹੇ ਅਫ਼ਗਾਨਿਸਤਾਨ ਕੋਲ ਰਾਸ਼ਿਦ ਤੋਂ ਇਲਾਵਾ ਮੁਜ਼ੀਬ, ਨਬੀ, ਰਹਿਮਤ ਸ਼ਾਹ ਅਤੇ ਜ਼ਹੀਰ ਵੀ ਮਜ਼ਬੂਤ ਗੇਂਦਬਾਜ਼ ਹਨ।