ਤਿਉਹਾਰਾਂ ਦੌਰਾਨ ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਵਧਦਾ ਖਤਰਾ!

ਤਿਉਹਾਰਾਂ ਦੌਰਾਨ ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਵਧਦਾ ਖਤਰਾ!

ਸਾਡੇ ਸਮਾਜ ‘ਚ ਵਿਆਪਕ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਖੁਰਾਕੀ ਵਸਤਾਂ ਦੀ ਮਿਲਾਵਟ ਅਹਿਮ, ਆਮ ਤੇ ਖਤਰਨਾਕ ਸਮੱਸਿਆ ਹੈ ਖੁਰਾਕੀ ਵਸਤਾਂ ‘ਚ ਕੀਤੀ ਜਾ ਰਹੀ ਮਿਲਾਵਟ ਇਨਸਾਨਾਂ ਲਈ ਬਹੁਤ ਸਾਰੀਆਂ ਬਿਮਾਰੀਆਂ ਦਾ ਸਬੱਬ ਬਣ ਰਹੀ ਹੈ ਖੁਰਾਕੀ ਵਸਤਾਂ ‘ਚ ਜ਼ਹਿਰੀਲੇ ਤੱਤਾਂ ਦੀ ਮੌਜ਼ੂਦਗੀ ਦਾ ਖ਼ਤਰਾ ਫਸਲਾਂ ਦੇ ਉਤਪਾਦਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਖੇਤੀ ਇਨਕਲਾਬ ਦੇ ਦੌਰ ਦੌਰਾਨ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਆਮਦ ਅਜੋਕੇ ਸਮੇਂ ‘ਚ ਸਾਡੇ ਲਈ ਸਰਾਪ ਬਣ ਗਈ ਹੈ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੇ ਖੁਰਾਕੀ ਵਸਤਾਂ ਨੂੰ ਇੱਕ ਤਰ੍ਹਾਂ ਜ਼ਹਿਰਾਂ ਵਿੱਚ ਹੀ ਤਬਦੀਲ ਕਰ ਦਿੱਤਾ ਹੈ

ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਇੱਥੋਂ ਤੱਕ ਹੀ ਸੀਮਤ ਨਹੀਂ ਖੁਰਾਕੀ ਵਸਤਾਂ ‘ਚ ਮਿਲਾਵਟ ਇੱਕ ਧੰਦਾ ਬਣ ਗਿਆ ਹੈ ਮੁਨਾਫੇਖੋਰ ਲੋਕਾਂ ਵੱਲੋਂ ਜਿਆਦਾ ਤੋਂ ਜਿਆਦਾ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਮਿਲਾਵਟ ਦੇ ਇਨਸਾਨੀ ਸਰੀਰਾਂ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ ਖੁਰਾਕੀ ਵਸਤਾਂ ‘ਚ ਮਿਲਾਵਟ ਕਰਨ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਤਸਵੀਰਾਂ ਅਤੇ ਵੀਡੀਓਜ਼ ਵੇਖ ਕੇ ਪਤਾ ਲੱਗਦਾ ਹੈ ਕਿ ਖੁਰਾਕੀ ਵਸਤਾਂ ਦੀ ਮਿਲਾਵਟ ਦਾ ਰੂਪ ਦਿਨ-ਪ੍ਰਤੀਦਿਨ ਕਿੰਨਾ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਖੁਰਾਕੀ ਵਸਤਾਂ ਦੀ ਤਿਆਰੀ ਸਮੇਂ ਸਾਫ-ਸਫਾਈ ਤੇ ਹੋਰ ਪੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਾਰੀਗਰਾਂ ਵੱਲੋਂ ਖੁਰਾਕੀ ਵਸਤਾਂ ਤਿਆਰ ਕਰਨ ਸਮੇਂ ਆਟਾ ਆਦਿ ਗੁੰਨ੍ਹਣ ਲਈ ਪੈਰਾਂ ਦਾ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਇਹ ਵਸਤਾਂ ਇਨਸਾਨਾਂ ਨੇ ਨਹੀਂ ਪਸ਼ੂਆਂ ਨੇ ਖਾਣੀਆਂ ਹੋਣ

ਇਨ੍ਹਾਂ ਕਾਰੀਗਰਾਂ ਵੱਲੋਂ ਤੰਬਾਕੂ ਆਦਿ ਵਾਲੇ ਗੰਦੇ-ਮੰਦੇ ਹੱਥ ਧੋਣ ਦੀ ਵੀ ਖੇਚਲ ਨਹੀਂ ਕੀਤੀ ਜਾਂਦੀ ਖੁਰਾਕੀ ਵਸਤਾਂ ਤਿਆਰ ਕਰਨ ਵਾਲੀਆਂ ਥਾਵਾਂ ‘ਤੇ ਚੂਹੇ ਅਤੇ ਮੱਖੀਆਂ ਆਦਿ ਦੀ ਭਰਮਾਰ ਆਮ ਵੇਖੀ ਜਾ ਸਕਦੀ ਹੈ ਕਾਮਿਆਂ ਵੱਲੋਂ ਕਈ ਵਾਰ ਮੱਖੀਆਂ ਆਦਿ ਨੂੰ ਉਡਾਉਣ ਦੀ ਬਜਾਏ ਤਿਆਰ ਕੀਤੀ ਜਾ ਰਹੀ ਖੁਰਾਕੀ ਵਸਤੂ ਦੇ ਵਿੱਚ ਹੀ ਰਲਾ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਤਿਆਰ ਕੀਤੇ ਜਾ ਰਹੇ ਗੁੜ ਦੀ ਵੀਡੀਓ ਸ਼ਾਇਦ ਸਭ ਨੇ ਵੇਖੀ ਹੋਣੀ ਹੈ ਇਸ ਵੀਡੀਓ ਨਾਲ ਬਾਜ਼ਾਰਾਂ ਵਿੱਚ ਤਾਜ਼ੇ ਗੁੜ ਦੇ ਨਾਂਅ ‘ਤੇ ਵੇਚੇ ਜਾ ਰਹੇ ਗੁੜ ਦੀ ਅਸਲੀਅਤ ਬਾਖੂਬੀ ਜੱਗ-ਜ਼ਾਹਿਰ ਹੁੰਦੀ ਹੈ ਅਤਿ ਘਟੀਆ ਦਰਜ਼ੇ ਦੀ ਖੰਡ ਨੂੰ ਕਾਮੇ ਵੱਲੋਂ ਪੈਰਾਂ ਨਾਲ ਗੁੜ ਤਿਆਰ ਕਰਨ ਵਾਲੀ ਸਮੱਗਰੀ ਵਿੱਚ ਰਲਾਇਆ ਜਾ ਰਿਹਾ ਹੈ ਕਿਸੇ ਸਮੇਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਦਾ ਹੀ ਆਲਮ ਸੀ ਪਰ ਹੁਣ ਇਹ ਵਰਤਾਰਾ ਸਬਜ਼ੀਆਂ, ਫਲਾਂ ਤੇ ਹਰ ਖੁਰਾਕੀ ਵਸਤ ਤੱਕ ਵਿਆਪਕ ਹੋ ਗਿਆ ਹੈ

ਪਾਣੀ ਦੀ ਮਿਲਾਵਟ ਬਦੌਲਤ ਪਤਲੇ ਹੋਏ ਦੁੱਧ ਨੂੰ ਸੰਘਣਾ ਕਰਨ ਲਈ ਇਨਸਾਨੀ ਸਰੀਰਾਂ ਲਈ ਹਾਨੀਕਾਰਕ ਰਸਾਇਣਾਂ ਦਾ ਇਸਤੇਮਾਲ ਧੜੱਲੇ ਨਾਲ ਹੋ ਰਿਹਾ ਹੈ ਦੁੱਧ ਦੇ ਸੰਘਣੇਪਣ ਲਈ ਪਾਊਡਰ ਤੋਂ ਲੈ ਕੇ ਯੂਰੀਆ ਤੱਕ ਦੀ ਮਿਲਾਵਟ ਕੀਤੀ ਜਾਣ ਲੱਗੀ ਹੈ ਹੋਰ ਤਾਂ ਹੋਰ ਇਨ੍ਹਾਂ ਰਸਾਇਣਾਂ ਦੇ ਸਹਾਰੇ ਨਕਲੀ ਦੁੱਧ ਵੀ ਤਿਆਰ ਕੀਤਾ ਜਾਣ ਲੱਗਾ ਹੈ ਸੂਬੇ ਵਿੱਚ ਦੁਧਾਰੂ ਪਸ਼ੂਆਂ ਦੀ ਘਟਦੀ ਗਿਣਤੀ ਦੇ ਬਾਵਜੂਦ ਦੁੱਧ ਉਤਪਾਦਨ ਵਿੱਚ ਹੋ ਰਿਹਾ ਇਜ਼ਾਫਾ ਨਕਲੀ ਦੁੱਧ ਦੇ ਉਤਪਾਦਨ ਦਾ ਪ੍ਰਤੱਖ ਪ੍ਰਮਾਣ ਹੈ

ਫਲਾਂ ਨੂੰ ਆਕਰਸ਼ਕ ਬਣਾਉਣ ਲਈ ਮੋਮ ਤੱਕ ਦੀ ਪਰਤ ਚੜ੍ਹਾ ਦਿੱਤੇ ਜਾਣ ਦੀਆਂ ਖਬਰਾਂ ਹਨ ਫਲਾਂ ਨੂੰ ਚਮਕਦਾਰ ਦਿੱਖ ਦੇਣ ਲਈ ਇਨ੍ਹਾਂ ਨੂੰ ਖਤਰਨਾਕ ਰਸਾਇਣਾਂ ਦੇ ਘੋਲ ਵਿੱਚੋਂ ਲੰਘਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਰਸਾਇਣ ਮਿਲੇ ਗੰਦੇ-ਮੰਦੇ ਪਾਣੀ ਨਾਲ ਸਬਜੀਆਂ ਧੋਣ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਅਕਸਰ ਵੇਖਣ ਨੂੰ ਮਿਲ ਜਾਂਦੀਆਂ ਹਨ ਰਸੋਈ ‘ਚ ਇਸਤੇਮਾਲ ਹੋਣ ਵਾਲੇ ਮਸਾਲਿਆਂ, ਮਿਰਚਾਂ ਤੇ ਹਲਦੀ ਆਦਿ ਵਿੱਚ ਮਿਲਾਵਟ ਦਾ ਆਲਮ ਆਪਣੀਆਂ ਸਿਖਰਾਂ ਨੂੰ ਪੁੱਜ ਚੁੱਕਾ ਹੈ

ਤਿਉਹਾਰਾਂ ਦੇ ਦਿਨਾਂ ‘ਚ ਖੁਰਾਕੀ ਵਸਤਾਂ ਦੀ ਮਿਲਾਵਟ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ ਇਨ੍ਹਾਂ ਦਿਨਾਂ ‘ਚ ਮਠਿਆਈਆਂ ਤੇ ਹੋਰ ਖੁਰਾਕੀ ਵਸਤਾਂ ਦੀ ਮੰਗ ‘ਚ ਹੋਏ ਇਜ਼ਾਫੇ ਦੀ ਪੂਰਤੀ ਲਈ ਮਿਲਾਵਟਖੋਰ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ‘ਚ ਮਿਲਾਵਟ ਆਮ ਹੋ ਜਾਂਦੀ ਹੈ ਨਕਲੀ ਖੋਏ ਤੇ ਨਕਲੀ ਪਨੀਰ ਦੀ ਵਿੱਕਰੀ ਕਰਕੇ ਚੋਖੀ ਕਮਾਈ ਕਰਦੇ ਮਿਲਾਵਟਖੋਰ ਆਮ ਵੇਖੇ ਜਾ ਸਕਦੇ ਹਨ

ਦੀਵਾਲੀ ਦੇ ਮੌਕੇ ‘ਤੇ ਮਠਿਆਈਆਂ ਦੀ ਮੰਗ ਪੂਰੀ ਕਰਨ ਲਈ ਮੁਨਾਫਾਖੋਰਾਂ ਵੱਲੋਂ ਕਈ-ਕਈ ਦਿਨ ਪਹਿਲਾਂ ਹੀ ਮਠਿਆਈਆਂ ਦੇ ਭੰਡਾਰ ਇਸ ਤਰ੍ਹਾਂ ਜਮ੍ਹਾ ਕੀਤੇ ਜਾਂਦੇ ਹਨ ਕਿ ਉਹ ਇਨਸਾਨਾਂ ਦੇ ਖਾਣਯੋਗ ਹੀ ਨਹੀਂ ਰਹਿੰਦੇ ਤਿਆਰ ਕਰਤਾਵਾਂ ਵੱਲੋਂ ਖੁਰਾਕੀ ਵਸਤਾਂ ਦੀ ਤਿਆਰੀ ਲਈ ਇੰਨੇ ਘਟੀਆ ਦਰਜ਼ੇ ਦੇ ਤੇਲ ਤੇ ਘਿਉ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਉਹ ਦਿਲ ਤੇ ਸਾਹ ਸਮੇਤ ਅਨੇਕਾਂ ਹੋਰ ਖਤਰਨਾਕ ਬਿਮਾਰੀਆਂ ਦਾ ਕਾਰਨ ਹੋ ਨਿੱਬੜਦੇ ਹਨ

ਸਾਡੇ ਮੁਲਕ ‘ਚ ਖੁਰਾਕੀ ਵਸਤਾਂ ‘ਚ ਮਿਲਾਵਟ ਨੂੰ ਬਕਾਇਦਾ ਕਾਨੂੰਨੀ ਅਪਰਾਧ ਘੋਸ਼ਿਤ ਕਰਕੇ ਮਿਲਾਵਟਖੋਰਾਂ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਪਰ ਖੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਨੂੰ ਫੜਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਤੋਂ ਆਪਾਂ ਸਾਰੇ ਵਾਕਿਫ ਹਾਂ ਇਹ ਕਾਰਵਾਈਆਂ ਮਹਿਜ਼ ਰਸਮੀ ਬਣ ਕੇ ਰਹਿ ਗਈਆਂ ਹਨ ਸ਼ਾਇਦ ਇਸੇ ਲਈ ਮਿਲਾਵਟਖੋਰ ਬੇਖੌਫ ਤਰੀਕੇ ਨਾਲ ਘਟੀਆ ਤੇ ਨਕਲੀ ਸਮੱਗਰੀ ਦੀ ਵਰਤੋਂ ਕਰਕੇ ਖੁਰਾਕੀ ਵਸਤਾਂ ਦੀ ਤਿਆਰੀ ਨੂੰ ਅੰਜ਼ਾਮ ਦੇ ਜਾਂਦੇ ਹਨ ਹੁਣ ਤਿਉਹਾਰਾਂ ਦੇ ਦਿਨਾਂ ‘ਚ ਥੋੜ੍ਹੀ-ਬਹੁਤੀ ਚੁਸਤੀ-ਫੁਰਤੀ ਵਿਖਾਉਣ ਉਪਰੰਤ ਮਿਲਾਵਟਖੋਰਾਂ ਦੀਆਂ ਲਗਾਮਾਂ ਮੁੜ ਤੋਂ ਖੁੱਲ੍ਹੀਆਂ ਛੱਡ ਦਿੱਤੀਆਂ ਜਾਂਦੀਆਂ ਹਨ ਜੇਕਰ ਮਿਲਾਵਟਖੋਰਾਂ ਨੂੰ ਸਬਕ ਸਿਖਾਉਣ ਲਈ ਅਮਲੀ ਰੂਪ ਨਾਲ ਕਾਰਵਾਈਆਂ ਕੀਤੀਆਂ ਜਾਦੀਆਂ ਤਾਂ ਇਨ੍ਹਾਂ ਸਮਾਜ ਦੇ ਦੁਸ਼ਮਣ ਲੋਕਾਂ ਦੇ ਹੌਂਸਲੇ ਇੰਨੇ ਜਿਆਦਾ ਬੁਲੰਦ ਨਾ ਹੁੰਦੇ

ਖੁਰਾਕੀ ਵਸਤਾਂ ਖਾਸਕਰ ਮਠਿਆਈਆਂ ਦੇ ਵਿਕ੍ਰੇਤਾਵਾਂ ਵੱਲੋਂ ਕਿਸੇ ਵੀ ਵਸਤੂ ਦੀ ਤਿਆਰ ਕਰਨ ਤੇ ਉਸ ਦੇ ਖਾਣਯੋਗ ਨਾ ਰਹਿਣ ਦੀ ਮਿਤੀ ਨਹੀਂ ਦਰਸਾਈ ਜਾਂਦੀ ਗ੍ਰਾਹਕ ਨੂੰ ਕੀ ਪਤਾ ਲੱਗੇ ਕਿ ਉਸ ਵੱਲੋਂ ਖਰੀਦੀ ਜਾ ਰਹੀ ਖੁਰਾਕੀ ਵਸਤੂ ਖਾਣ ਦੇ ਯੋਗ ਵੀ ਹੈ ਜਾਂ ਨਹੀਂ? ਇਨਸਾਨਾਂ ਦੀਆਂ ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਜ਼ੁਰਮ ਆਪਣੇ-ਆਪ ‘ਚ ਬਹੁਤ ਵੱਡਾ ਅਪਰਾਧ ਹੈ ਖੁਰਾਕ ਖਰੀਦਣ ਆਏ ਇਨਸਾਨ ਨੂੰ ਜ਼ਹਿਰ ਦੇ ਕੇ ਭੇਜ ਦੇਣਾ ਕਿੱਧਰ ਦੀ ਇਨਸਾਨੀਅਤ ਹੈ?

ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਸਿੱਧੇ ਤੌਰ ‘ਤੇ ਮੁਨਾਫਾਖੋਰੀ ਨਾਲ ਜੁੜਿਆ ਹੋਇਆ ਹੈ ਪਰ ਮੁਨਾਫਾ ਕਮਾਉਣ ਲਈ ਇਨਸਾਨਾਂ ਨੂੰ ਖਤਰਨਾਕ ਬਿਮਾਰੀਆਂ ਵੱਲ ਧੱਕਣਾ ਮਰ ਰਹੀ ਇਨਸਾਨੀਅਤ ਦਾ ਪ੍ਰਮਾਣ ਹੈ ਬੇਸ਼ੱਕ ਖੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਸਾਰਾ ਵਰ੍ਹਾ ਹੀ ਚੱਲਦਾ ਰਹਿੰਦਾ ਹੈ ਤੇ ਇਸ ਤੋਂ ਚੁਕੰਨੇ ਰਹਿਣਾ ਸਾਡਾ ਫਰਜ਼ ਹੈ ਪਰ ਤਿਉਹਾਰਾਂ ਦੇ ਦਿਨਾਂ ‘ਚ ਮਿਲਾਵਟਖੋਰੀ ‘ਚ ਹੋਣ ਵਾਲਾ ਅਸਾਧਾਰਨ ਇਜ਼ਾਫਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ ਇਸ ਤੋਂ ਬਚਣ ਲਈ ਬਜ਼ਾਰੂ ਵਸਤਾਂ ਦੀ ਖਰੀਦ ਤੋਂ ਬਚਣਾ ਹੀ ਚੰਗਾ ਹੈ ਅਤੇ ਘਰਾਂ ‘ਚ ਵਸਤਾਂ ਤਿਆਰ ਕਰਨ ਨੂੰ ਤਰਜ਼ੀਹ ਦਿੱਤੇ ਜਾਣ ਦੀ ਜਰੂਰਤ ਹੈ ਤਿਉਹਾਰਾਂ ਦੇ ਦਿਨਾਂ ‘ਚ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਚੁਕੰਨਾਪਣ ਵੀ ਬੇਹੱਦ ਜ਼ਰੂਰੀ ਹੈ

ਮੋ. 98786-05965

ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.