ਕਿਸਾਨਾਂ ਅੱਗੇ ਝੁਕੀ ਪੰਜਾਬ ਸਰਕਾਰ, ਗੰਨੇ ਦੇ ਭਾਅ ‘ਚ 10 ਰੁਪਏ ਦਾ ਵਾਧਾ

farmer, punjab govt. Increase sugercane price

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਕੀਤਾ ਸੀ ਭਾਅ ਵਧਾਉਣ ‘ਤੇ ਇਤਰਾਜ਼ | Punjab Govt

  • ਮਨਪ੍ਰੀਤ ਬਾਦਲ ਨੇ ਰੱਖਿਆ ਸੀ ਭਾਅ ‘ਚ ਵਾਧਾ ਕਰਨਾ ਦਾ ਪ੍ਰਸਤਾਵ, 20 ਕਰੋੜ ਰੁਪਏ ਦਾ ਪਏਗਾ ਵਾਧੂ ਭਾਰ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਆਖ਼ਰਕਾਰ ਕਿਸਾਨਾਂ ਅੱਗੇ ਝੁਕ ਹੀ ਗਈ ਹੈ ਅਤੇ ਲਗਾਤਾਰ ਇਨਕਾਰ ਕਰਨ ਤੋਂ ਬਾਅਦ ਸੋਮਵਾਰ ਨੂੰ ਗੰਨੇ ਦੇ ਭਾਅ ਵਿੱਚ 10 ਰੁਪਏ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਧੇ ਨਾਲ ਸਰਕਾਰੀ ਖੰਡ ਮਿਲਾਂ ‘ਤੇ ਲਗਭਗ 20 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ, ਜਿਸ ਲਈ ਪੰਜਾਬ ਸਰਕਾਰ ਤਾਂ ਤਿਆਰ ਹੈ ਪਰ ਪ੍ਰਾਈਵੇਟ ਖੰਡ ਮਿਲ ਮਾਲਕ ਇਸ ਵਾਧੇ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਖੰਡ ਮਿਲਾਂ ਨੂੰ ਨੁਕਸਾਨ ਹੋਏਗਾ। ਭਾਅ ਦੇ ਵਾਧੇ ਵਿੱਚ ਖ਼ੁਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਵਲੋਂ ਇਤਰਾਜ਼ ਕੀਤਾ ਗਿਆ ਸੀ, ਕਿਉਂਕਿ ਇਨ੍ਹਾਂ ਦੀਆਂ ਖ਼ੁਦ ਦੀਆਂ ਖੰਡ ਮਿਲਾਂ ਹਨ ਪਰ ਕਿਸਾਨਾਂ ਦਾ ਇੰਨਾ ਜਿਆਦਾ ਦਬਾਓ ਸੀ ਕਿ ਪੰਜਾਬ ਸਰਕਾਰ ਵਲੋਂ ਨਾ ਚਾਹੁੰਦੇ ਹੋਏ ਵੀ ਇਸ ਵਾਧੇ ਨੂੰ ਕਰਨ ਲਈ ਆਦੇਸ਼ ਜਾਰੀ ਕਰਨੇ ਪਏ ਹਨ।

ਮੰਤਰੀ ਮੰਡਲ ਨੇ ਗੰਨੇ ਦੀ ਅਗੇਤੀ ਕਿਸਮ ਲਈ ਐਸ.ਏ.ਪੀ. 300 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 310 ਰੁਪਏ ਪ੍ਰਤੀ ਕੁਇੰਟਲ, ਦਰਮਿਆਨੀ ਕਿਸਮ ਲਈ 290 ਰੁਪਏ ਤੋਂ ਵਧਾ ਕੇ 300 ਰੁਪਏ ਅਤੇ ਪਛੇਤੀ ਕਿਸਮ ਲਈ ਇਹ ਭਾਅ 285 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 295 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ। ਬੁਲਾਰੇ ਦੇ ਅਨੁਸਾਰ ਪਿੜਾਈ ਦੇ ਮੌਜੂਦਾ ਸੀਜ਼ਨ ਦੌਰਾਨ 9 ਸਹਿਕਾਰੀ ਤੇ 7 ਨਿੱਜੀ ਸੈਕਟਰ ਦੀਆਂ ਖੰਡ ਮਿੱਲਾਂ ਸਣੇ ਕੁੱਲ 16 ਮਿੱਲਾਂ ਵਿੱਚ 675 ਲੱਖ ਕੁਇੰਟਲ ਗੰਨਾ ਪਹੁੰਚਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਅਤੇ ਸੂਬੇ ਭਰ ਦੀਆਂ ਵੱਖ-ਵੱਖ ਗੰਨਾ ਉਤਪਾਦਨ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਵਿੱਚ ਲੰਮੀ ਚੌੜੀ ਗੱਲਬਾਤ ਤੋਂ ਬਾਅਦ ਮੰਤਰੀ ਮੰਡਲ ਨੇ ਫੈਸਲਾ ਲਿਆ ਹੈ। ਇਹ ਐਸੋਸੀਏਸ਼ਨਾਂ ਅੱਜ ਸਵੇਰੇ ਕਿਸਾਨ ਭਵਨ ਵਿਖੇ ਕਮੇਟੀ ਨੂੰ ਮਿਲੀਆਂ ਸਨ। (Punjab Govt)