ਖੁਦਕੁਸ਼ੀ ਕਰ ਗਏ ਕਿਸਾਨਾਂ ਨੂੰ ਸਦਨ ‘ਚ ਪਹਿਲੀ ਵਾਰ ਸ਼ਰਧਾਂਜਲੀ

Punab Legislative, Winter Session, Capt. Amarinder Singh, CM

ਖੁਦਕੁਸ਼ੀ ‘ਤੇ ਪ੍ਰਗਟਾਇਆ ਅਫ਼ਸੋਸ
ਸੜਕ ਹਾਦਸਿਆਂ ‘ਚ ਮਾਰੇ ਗਏ ਵਿਦਿਆਰਥੀਆਂ ਤੇ ਅਧਿਆਪਕਾਂ ਅਤੇ ਲੁਧਿਆਣਾ ‘ਚ ਢਹਿ ਢੇਰੀ ਹੋਈ ਫੈਕਟਰੀ ਦੇ ਪੀੜਤਾਂ ਨੂੰ ਵੀ ਯਾਦ ਕੀਤਾ

ਅਸ਼ਵਨੀ ਚਾਵਲਾ
ਚੰਡੀਗੜ੍ਹ, 27 ਨਵੰਬਰ
ਪੰਜਾਬ ਵਿੱਚ ਕਰਜ਼ ਦੇ ਨਾਲ ਲਗਾਤਾਰ ਖ਼ੁਦਕੁਸ਼ੀ ਕਰ ਰਹੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਵਿੱਚ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਅਫ਼ਸੋਸ ਕੀਤਾ ਗਿਆ ਹੈ। ਇਨ੍ਹਾਂ 289 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਲਈ ਮੁੱਦਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਚੁੱਕਿਆ ਗਿਆ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ਼ਰਧਾਂਜਲੀ ਦੇਣ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਗਿਆ।

ਇਥੇ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਨੇ ਪਿਛਲੇ ਇਜਲਾਸ ਤੋਂ ਬਾਅਦ ਦੇ ਸ਼ਹੀਦਾਂ ਅਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਨਾਲ-ਨਾਲ ਵਿਛੜ ਚੁੱਕੀਆਂ ਰਾਜਸੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸਦਨ ਨੇ ਜੰਮੂ-ਕਸ਼ਮੀਰ ਵਿੱਚ ਫੌਜੀ ਕਾਰਵਾਈਆਂ ਵਿੱਚ ਸ਼ਹੀਦ ਹੋਏ ਪੰਜਾਬ ਦੇ ਬਹਾਦਰ ਸੈਨਿਕਾਂ ਤੇ ਹਾਲ ਹੀ ਵਿੱਚ ਲੁਧਿਆਣਾ ‘ਚ ਫੈਕਟਰੀ ਦੇ ਢਹਿ-ਢੇਰੀ ਹੋਣ ਨਾਲ ਮਾਰੇ ਜਾਣ ਵਾਲੇ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਵਿਧਾਨ ਸਭਾ ਨੇ 8 ਨਵੰਬਰ ਨੂੰ ਸੜਕ ਹਾਦਸੇ ‘ਚ ਮਾਰੇ ਗਏ ਵਿਦਿਆਰਥੀਆਂ ਅਤੇ 7 ਨਵੰਬਰ ਨੂੰ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਇੱਕ ਹੋਰ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਨੂੰ ਵੀ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਦਨ ਨੇ ਰਾਜਮਾਤਾ ਮਹਿੰਦਰ ਕੌਰ ਨੂੰ ਸਾਬਕਾ ਸੰਸਦ ਮੈਂਬਰਾਂ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਅਤੇ ਮਹਿੰਦਰ ਸਿੰਘ ਕਲਿਆਣ ਦੇ ਨਾਲ ਸ਼ਰਧਾਂਜਲੀ ਭੇਂਟ ਕੀਤੀ। 15ਵੀਂ ਵਿਧਾਨ ਸਭਾ ਦੀ ਤੀਜੇ ਇਜਲਾਸ ਦੇ ਪਹਿਲੇ ਦਿਨ ਵਿਛੜੀ ਰੂਹਾਂ ਦੀ ਯਾਦ ਵਿੱਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪ੍ਰਸਿੱਧ ਕਲਾਕਾਰ ਲੀਓਨਾਰਡੋ ਦਾ ਵਿਨਸੀ ਦੇ ਇਕ ਹਵਾਲੇ ਦਾ ਜ਼ਿਕਰ  ਕੀਤਾ ਅਤੇ ਪਿਛਲੇ ਇਜਲਾਸ ਤੋਂ ਬਾਅਦ ਵਿਛੜੇ ਸਾਰੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰਸਤਾਵ ਵੀ ਰੱਖਿਆ। 20 ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਸਪੀਕਰ ਨੇ ਸਦਨ ਵੱਲੋਂ ਜ਼ਾਹਰ ਕੀਤੀਆਂ ਭਾਵਨਾਵਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਇਕ ਮਤਾ ਵੀ ਪਾਸ ਕੀਤਾ। ਇਸ ਮਤੇ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕੀਤਾ ਗਿਆ।

ਤਿੰਨ ਸਾਬਕਾ ਸੰਸਦ ਮੈਂਬਰਾਂ ਤੋਂ ਇਲਾਵਾ ਸਾਬਕਾ ਵਿਧਾਇਕਾਂ ਹਰਮੋਹਿੰਦਰ ਸਿੰਘ ਪ੍ਰਧਾਨ, ਸਰਦਾਰ ਬਲਵੰਤ ਸਿੰਘ, ਸਰਦਾਰ ਰਾਜਾ ਸਿੰਘ, ਸਰਦਾਰ ਬਲਬੀਰ ਸਿੰਘ, ਸਰਦਾਰ ਸੁਰਜਨ ਸਿੰਘ ਜੋਗਾ ਅਤੇ ਕਾਮਰੇਡ ਰਾਜ ਕੁਮਾਰ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਦਨ ਨੇ ਅਰਜੁਨ ਸਿੰਘ, ਵੱਸਣ ਸਿੰਘ, ਜਗਤ ਸਿੰਘ, ਬਚਨ ਸਿੰਘ, ਰਾਮ ਸਰੂਪ, ਸ੍ਰੀਮਤੀ ਬਚਨ ਕੌਰ, ਚੰਨਣ ਸਿੰਘ (ਸਾਰੇ ਆਜ਼ਾਦੀ ਘੁਲਾਟੀਏ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸਬ-ਇੰਸਪੈਕਟਰ ਕਮਲਜੀਤ ਸਿੰਘ, ਨਾਇਕ ਬਖਤਾਬਰ ਸਿੰਘ ਤੇ ਮਨਜਿੰਦਰ ਸਿੰਘ (ਸਾਰੇ ਸ਼ਹੀਦ) ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਪੀਲ ‘ਤੇ ਬਟਾਲਾ ਦੇ ਪਿੰਡ ਚਾਹਲ ਖੁਰਦ ਦੇ ਸ਼ਹੀਦ ਮਨਦੀਪ ਸਿੰਘ (32) ਦਾ ਨਾਂਅ ਵੀ ਵਿਛੜੀਆਂ ਰੂਹਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਜੋ ਲੰਘੀ 22 ਨਵੰਬਰ ਨੂੰ ਉੱਤਰੀ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਅੱਤਵਾਦੀ ਖਿਲਾਫ਼ ਲੜਾਈ ਦੌਰਾਨ ਸ਼ਹੀਦ ਹੋ ਗਿਆ ਸੀ।

ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੋਂ ਇਲਾਵਾ ਵੱਖ-ਵੱਖ ਹਾਦਸਿਆਂ ‘ਚ ਮਾਰੇ ਜਾਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦੇਣ ਦਾ ਸੁਝਾਅ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਿੱਤਾ, ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।