ਸੰਗਰੂਰ ‘ਚ ਭਾਜਪਾ ਆਗੂਆਂ ਤੇ ਕਿਸਾਨ ਜਥੇਬੰਦੀਆਂ ‘ਚ ਵੱਡਾ ਟਕਰਾਅ ਟਲ਼ਿਆ

ਕਿਸਾਨਾਂ ਬੈਰੀਕੇਡ ਤੋੜੇ, ਕੁਝ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ ਵਿਖੇ ਅੱਜ ਕਿਸਾਨਾਂ ਅਤੇ ਭਾਜਪਾ ਆਗੂਆਂ ਦਾ ਵੱਡਾ ਟਕਰਾਅ ਹੁੰਦਾ ਟਲ਼ ਗਿਆ ਪਰ ਪੁਲਿਸ ਅਤੇ ਕਿਸਾਨਾਂ ਦੀ ਆਪਸੀ ਹੋਈ ਖਿੱਚੋਤਾਣ ਕਾਰਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਭਾਜਪਾ ਆਗੂਆਂ ਦਾ ਬਚਾਅ ਕਰਦਿਆਂ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਭੇਜਿਆ ਕਾਫ਼ੀ ਲੰਮਾ ਸਮਾਂ ਕਿਸਾਨਾਂ ਦੀ ਪੁਲਿਸ ਦੇ ਖਿੱਚੋਤਾਣ ਚਲਦੀ ਰਹੀ

ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਭਾਜਪਾ ਵੱਲੋਂ ਵਰਚੂਅਲ ਰੈਲੀ ਰੱਖੀ ਹੋਈ ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਅਤੇ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਨੀ ਸੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸਰਜੀਵਨ ਜਿੰਦਲ ਅਤੇ ਸੂਬਾਈ ਆਗੂ ਜਤਿੰਦਰ ਕਾਲੜਾ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ

ਇਸ ਇਕੱਤਰਤਾ ਵਿੱਚ ਭਾਜਪਾ ਦੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਤੋਂ ਆਗੂ ਆਏ ਸਨ ਜਿਨ੍ਹਾਂ ਨਾਲ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਤੇ ਭਾਜਪਾ ਦੇ ਸੀਨੀਅਰ ਆਗੂ ਸੰਬਿਤ ਪਾਤਰਾ ਨੇ ਭਾਜਪਾ ਆਗੂਆਂ ਦੇ ਨਾਲ-ਨਾਲ ਪੱਤਰਕਾਰਾਂ ਨਾਲ ਵੀ ਖੇਤੀਬਾੜੀ ਕਾਨੂੰਨਾਂ ਬਾਰੇ ਚਰਚਾ ਕਰਨੀ ਸੀ

ਭਾਜਪਾ ਆਗੂਆਂ ਵੱਲੋਂ ਦਰਜ਼ਨ ਦੇ ਕਰੀਬ ਕਿਸਾਨਾਂ ਨੂੰ ਵੀ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ ਭਾਜਪਾ ਦੇ ਇਸ ਪ੍ਰੋਗਰਾਮ ਨੂੰ ਚੱਲਦਿਆਂ ਹਾਲੇ ਘੰਟਾ ਭਰ ਹੀ ਹੋਇਆ ਸੀ ਕਿ ਪ੍ਰੋਗਰਾਮ ਬਾਰੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਦੀ ਭਿਣਕ ਲੱਗ ਪਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ, ਬਜ਼ੁਰਗ ਕਿਸਾਨ, ਔਰਤਾਂ ਅਤੇ ਬੱਚਿਆਂ ਨੇ ਹੱਥਾਂ ਵਿੱਚ ਡਾਂਗਾ ਫੜ ਕੇ ਭਾਜਪਾ ਦੇ ਪ੍ਰੋਗਰਾਮ ਵਾਲੇ ਸਥਾਨ ਵੱਲ ਨੂੰ ਚਾਲੇ ਪਾ ਦਿੱਤੇ ਪੁਲਿਸ ਨੇ ਭਾਜਪਾ ਦੇ ਪ੍ਰੋਗਰਾਮ ਨੂੰ ਸੁਰੱਖਿਆ ਦੇਣ ਲਈ ਸਵੇਰ ਤੋਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਸੜਕਾਂ ਦੇ ਦੋਵੇਂ ਸਾਈਡਾਂ ‘ਤੇ ਲੱਗੇ ਬੈਰੀਕੇਡ ਤੋੜ ਕੇ ਕਿਸਾਨਾਂ ਨੇ ਉਕਤ ਸਥਾਨ ਵੱਲ ਵਧਣਾ ਆਰੰਭ ਕਰ ਦਿੱਤਾ ਏਨੀ ਵੱਡੀ ਗਿਣਤੀ ਵਿੱਚ ਪ੍ਰਦਸ਼ਨਕਾਰੀਆਂ ਦੇ ਵਧਦੇ ਕਦਮਾਂ ਦੀ ਆਹਟ ਸੁਣ ਕੇ ਘੱਟ ਗਿਣਤੀ ‘ਚ ਰਹਿ ਚੁੱਕੀ ਪੁਲਿਸ ਟੁਕੜੀ ਨੂੰ ਹੱਥਾਂ ਪੈਰਾਂ ਦੀ ਪੈ ਗਈ

ਜਦੋਂ ਪ੍ਰਦਰਸ਼ਨਕਾਰੀ ਭਾਜਪਾ ਆਗੂਆਂ ਤੋਂ ਮਹਿਜ਼ ਕੁੱਝ ਮੀਟਰ ਦੀ ਦੂਰੀ ਤੇ ਅੱਪੜ ਗਏ ਪੁਲਿਸ ਨੇ ਮਨੁੱਖੀ ਚੇਨ ਬਣ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਪ੍ਰਦਰਸ਼ਨਕਾਰੀ ਏਨੇ ਗੁੱਸੇ ਵਿੱਚ ਸਨ ਕਿ ਉਹ ਭਾਜਪਾ ਆਗੂਆਂ ਨਾਲ ਆਹਮੋ-ਸਾਹਮਣੇ ਹੋਣੇ ਚਾਹੁੰਦੇ ਸਨ ਪੁਲਿਸ ਨੇ ਕੁਝ ਚਿਰ ਹੋਈ ਧੱਕਾਮੁੱਕੀ ਦੌਰਾਨ ਕੁਝ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਦਰਸ਼ਨ ਸਿੰਘ ਢੰਡੋਲੀ ਪਿੰਡ ਦੇ ਕਿਸਾਨ ਦੇ ਹੱਥ ਤੇ ਕਾਫ਼ੀ ਸੱਟ ਲੱਗੀ ਜਿਸ ਦਾ ਕਾਫ਼ੀ ਖੂਨ ਬਹਿ ਗਿਆ ਪ੍ਰਦਰਸ਼ਨਕਾਰੀ ਵਾਰ ਵਾਰ ਮੰਗ ਕਰਦੇ ਰਹੇ ਭਾਜਪਾ ਦੇ ਪ੍ਰੋਗਰਾਮ ਨੂੰ ਫੌਰੀ ਰੱਦ ਕਰਵਾਇਆ ਜਾਵੇ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਹਨ

ਟਰਕਾਅ ਦੇ ਬਣੇ ਹਾਲਾਤਾਂ ਕਾਰਨ ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸ਼ੀਲ ਸੋਨੀ ਖੁਦ ਉਸ ਸਥਾਨ ‘ਤੇ ਪਹੁੰਚ ਗਏ ਅਤੇ ਕਮਾਨ ਸੰਭਾਲ ਲਈ ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਠੰਢਾ ਕਰਨ ਦਾ ਯਤਨ ਕੀਤਾ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੜਕ ਤੇ ਹੀ ਡੇਰੇ ਲਾ ਦਿੱਤੇ ਅਤੇ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਭਾਜਪਾ ਦਾ ਪ੍ਰੋਗਰਾਮ ਬੰਦ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਇੇਸੇ ਤਰ੍ਹਾਂ ਧਰਨੇ ‘ਤੇ ਬੈਠਣਗੇ ਪ੍ਰਦਰਸ਼ਨਕਾਰੀਆਂ ਵਿੱਚ ਮੌਜ਼ੂਦ ਨੌਜਵਾਨਾਂ ਨੇ ਖਾਲੀ ਪਲਾਟਾਂ ਵਿੱਚ ਖੜ੍ਹੇ ਬਕਰੈਣਾਂ ਦੇ ਦਰੱਖਤਾਂ ਦੀਆਂ ਸੋਟੀਆਂ ਘੜ ਕੇ ਹੱਥਾਂ ਵਿੱਚ ਫੜ ਲਈਆਂ

ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਦੀ ਖਹਿ ਬਾਜ਼ੀ ਲਗਭਗ ਇੱਕ ਘੰਟਾ ਚੱਲਦੀ ਰਹੀ ਪ੍ਰਦਰਸ਼ਨਕਾਰੀਆਂ ਦੇ ਇੱਕ ਧੜੇ ਦੀ ਅਗਵਾਈ ਕਰਦੇ ਕਿਸਾਨ ਆਗੂ ਰਣ ਸਿੰਘ ਚੱਠਾ ਤੇ ਨੌਜਵਾਨ ਭਾਰਤ ਸਭਾ ਦੇ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਜਪਾ ਜਾਣ ਬੁੱਝ ਕੇ ਕਿਸਾਨਾਂ ਨਾਲ ਚਾਲਾਂ ਖੇਡ ਰਹੀ ਹੈ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਭਾਜਪਾ ਦਾ ਆਗੂਆਂ ਤੇ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਂਦਾ ਰਹੇਗਾ

ਪੁਲਿਸ ਵੱਲੋਂ ਲਗਭਗ ਇਕ ਘੰਟੇ ਤੋਂ ਬਾਅਦ ਭਾਜਪਾ ਆਗੂਆਂ ਨੂੰ ਪਿਛਲੇ ਦਰਵਾਜਿਓਂ ਬਾਹਰ ਭੇਜਿਆ ਗਿਆ ਅਤੇ ਭਾਜਪਾ ਆਗੂਆਂ ਦੀਆਂ ਗੱਡੀਆਂ ਪਰ੍ਹੇ ਹਟਾਈਆਂ ਗਈਆਂ ਪੁਲਿਸ ਦੇ ਕਹਿਣ ਦੇ ਬਾਵਜ਼ੂਦ ਪ੍ਰਦਰਸ਼ਨਕਾਰੀ ਨਹੀਂ ਮੰਨੇ ਅਤੇ ਅਖ਼ੀਰ ਪ੍ਰਦਰਸ਼ਨਕਾਰੀਆਂ ਦੇ ਦੋ ਆਗੂ ਖੁਦ ਜਾ ਕੇ ਭਾਜਪਾ ਦੇ ਬੰਦ ਹੋ ਚੁੱਕੇ ਪ੍ਰੋਗਰਾਮ ਨੂੰ ਵੇਖ ਕੇ ਆਏ ਅਤੇ ਫੋਟੋਆਂ ਖਿੱਚ ਕੇ ਬਾਹਰ ਖੜ੍ਹੇ ਪ੍ਰਦਰਸ਼ਨਕਾਰੀਆਂ ਨੂੰ ਵਿਖਾਈਆਂ, ਇਸ ਪਿੱਛੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਤੇ ਵਾਪਸ ਚਲੇ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.