ਮੋਹਾਲੀ ’ਚ ਆਡ-ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣ ਸਬੰਧੀ ਪਾਬੰਦੀ ਹਟੀ

Removes odd-even Restriction Sachkahoon

ਪ੍ਰਾਈਵੇਟ ਦਫ਼ਤਰ 33 ਫ਼ੀਸਦੀ ਦੀ ਥਾਂ 50 ਫ਼ੀਸਦੀ ਸਟਾਫ ਨਾਲ ਕਰ ਸਕਦੇ ਹਨ ਕੰਮ

ਮੋਹਾਲੀ,(ਕੁਲਵੰਤ ਕੋਟਲੀ)। ਐਸ.ਏ.ਐੱਸ. ਨਗਰ ’ਚ ਪੜਾਅਵਾਰ/ਆਡ-ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣ ਸਬੰਧੀ ਲਾਈ ਪਾਬੰਦੀ ਹਟਾ ਦਿੱਤੀ ਗਈ ਹੈ। ਇਹ ਐਲਾਨ ਡਿਪਟੀ ਕਮਿਸਨਰ ਗਿਰੀਸ ਦਿਆਲਨ ਨੇ ਮਾਰਕੀਟ ਐਸੋਸੀਏਸਨਾਂ ਦੇ ਨੁਮਾਇੰਦਿਆਂ ਅਤੇ ਹੋਰ ਭਾਈਵਾਲਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਕੋਵਿਡ ਦੇ ਐਕਟਿਵ ਮਾਮਲਿਆਂ ਦੀ ਗਿਣਤੀ ’ਚ ਕਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੀ ਮੰਗ ’ਤੇ ਸਹਿਮਤੀ ਜਤਾਈ ਤੇ ਪ੍ਰਾਈਵੇਟ ਦਫਤਰਾਂ ਨੂੰ ਵੀ 33 ਫ਼ੀਸਦੀ ਸਟਾਫ਼ ਦੀ ਥਾਂ 50 ਫ਼ੀਸਦੀ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ।

ਕੋਵਿਡ ਸਬੰਧੀ ਪਾਬੰਦੀਆਂ ਦੀ ਪਾਲਣਾ ਕਰਨ ਲਈ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸਨਰ ਨੇ ਕਿਹਾ ਕਿ ਜ਼ਰੂਰੀ ਗਤੀਵਿਧੀਆਂ ਤੋਂ ਇਲਾਵਾ ਜਨਤਕ ਆਵਾਜਾਈ ’ਤੇ ਰੋਕ, ਪੜਾਅਵਾਰ ਢੰਗ ਨਾਲ ਦੁਕਾਨਾਂ ਖੋਲ੍ਹਣ, ਵੀਕੈਂਡ ਅਤੇ ਰਾਤ ਦੇ ਕਰਫਿਊ ਦੇ ਨਾਲ ਨਾਲ ਟੀਕਾਕਰਨ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ ਵਿਚ ਕਾਫ਼ੀ ਹੱਦ ਤੱਕ ਸਹਾਇਤਾ ਕੀਤੀ ਹੈ। ਕੋਵਿਡ ਦੇ ਮਾਮਲਿਆਂ ਵਿਚ ਵਾਧੇ ਦੀ ਗਤੀ ਮੱਧਮ ਪੈਣ ਦੇ ਮੱਦੇਨਜ਼ਰ, ਕੁਝ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਦੇ ਅਧੀਨ ਹੋਵੇਗੀ। ਮਾਰਕੀਟ ਐਸੋਸੀਏਸਨਾਂ ਨੂੰ ਹਰੇਕ ਮਾਰਕੀਟ ਲਈ ਕੋਵਿਡ ਨਿਗਰਾਨ ਨਿਯੁਕਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਦੱਸਿਆ ਗਿਆ ਕਿ ਬਹੁਤ ਸਾਰੀਆਂ ਮਾਰਕੀਟਾਂ ਵਿੱਚ ਲਗਭਗ 100 ਫ਼ੀਸਦੀ ਟੀਕਾਕਰਨ ਹੋ ਚੁੱਕਾ ਹੈ ਜਦਕਿ ਦੂਸਰੀਆਂ ਮਾਰਕੀਟਾਂ ਵਿੱਚ ਟੀਕਾਕਰਨ ਜਾਰੀ ਹੈ। ਬਾਲਟਾਨਾ ਫਰਨੀਚਰ ਮਾਰਕੀਟ ਐਸੋਸੀਏਸਨ ਨੇ ਸਟੇਟ ਕੋਵਿਡ ਟੀਕਾਕਰਨ ਫੰਡ ਵਿਚ 51,000 ਰੁਪਏ ਦੇ ਯੋਗਦਾਨ ਦਾ ਵਾਅਦਾ ਕੀਤਾ ਹੈ। ਇਸੇ ਦੌਰਾਨ ਐਸਐਸਪੀ ਸਤਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ, ਵਧੇਰੇ ਢਿੱਲ ਨਾਲ ਜ਼ਿੰਮੇਵਾਰੀ ਵੱਧ ਜਾਂਦੀ ਹੈ; ਦੁਕਾਨਦਾਰਾਂ ਨੂੰ ਭੀੜ-ਭੜੱਕੇ ਨੂੰ ਰੋਕਣਾ ਪਏਗਾ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਯਕੀਨੀ ਬਣਾਉਣਾ ਜ਼ਰੂਰੀ ਹੈ।’’

ਐਸੋਸੀਏਸਨਾਂ ਨੇ ਕੋਵਿਡ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਦਾ ਭਰੋਸਾ ਦਿੱਤਾ ਅਤੇ ਆਡ-ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣ ਸਬੰਧੀ ਰੋਕ ਹਟਾਉਣ ਲਈ ਪ੍ਰਸਾਸਨ ਦਾ ਧੰਨਵਾਦ ਕੀਤਾ ਅਤੇ ਸਨੀਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਲਈ ਵੀ ਬੇਨਤੀ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵੀਕੈਂਡ ਦੌਰਾਨ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣਾ ਸੂਬਾ ਸਰਕਾਰ ਅਧੀਨ ਆਉਂਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਬੇਨਤੀ ਬਾਰੇ ਸੂਬਾ ਪੱਧਰ ’ਤੇ ਸੂਚਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸਕਿਾ ਜੈਨ, ਰਾਜੀਵ ਗੁਪਤਾ (ਦੋਵੇਂ ਏਡੀਸੀਜ਼), ਹਿਮਾਂਸੂ ਜੈਨ, ਕੁਲਦੀਪ ਬਾਵਾ, ਜਗਦੀਪ ਸਹਿਗਲ (ਸਾਰੇ ਐਸਡੀਐਮਜ) ਅਤੇ ਰਵਜੋਤ ਕੌਰ ਐਸਪੀ (ਦਿਹਾਤੀ) ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।