ਦੋ ਦੋਸਤਾਂ ਦੇ ਕਤਲ ਦੀ ਗੁੱਥੀ ਪੁਲਿਸ ਨੇ 16 ਘੰਟਿਆਂ ’ਚ ਸੁਲਝਾ 4 ਨੂੰ ਕੀਤਾ ਗ੍ਰਿਫਤਾਰ

Murder
ਲੁਧਿਆਣਾ ਵਿਖੇ ਦੋ ਦੋਸਤਾਂ ਦੇ ਕਤਲ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਅਤੇ ਇਨਸੈਟ 'ਚ ਮ੍ਰਿਤਕ ਗੁਲਸ਼ਨ ਗੁਪਤਾ ਅਤੇ ਰਾਹੁਲ ਸਿੰਘ ਦੀ ਫਾਇਲ ਫੋਟੋ।

ਅਮਰ ਯਾਦਵ ਨੇ ਮੰਨਿਆ ਕਿ ਵਿਉਂਤਬੰਦੀ ਤਹਿਤ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਸੀ ਦੋਵਾਂ ਨੂੰ ਮੌਤ ਦੇ ਘਾਟ | Murder

ਲੁਧਿਆਣਾ, (ਜਸਵੀਰ ਸਿੰਘ ਗਹਿਲ)। ਦੋ ਦੋਸਤਾਂ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ 16 ਘੰਟਿਆਂ ’ਚ ਸੁਲਝਾਉਂਦਿਆਂ ਲੁਧਿਆਣਾ ਪੁਲਿਸ ਨੇ ਇੱਕ ਨਬਾਲਿਗ ਸਮੇਤ 4 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਦੋਵੇਂ ਦੋਸਤਾਂ ਦੀਆਂ ਲਾਸ਼ਾਂ ਪੁਲਿਸ ਨੂੰ ਭਾਮੀਆਂ ਕਲਾਂ ਦੇ ਗੰਦੇ ਨਾਲੇ ’ਚੋਂ ਬਰਾਮਦ ਹੋਈਆਂ ਸਨ ਜਦਕਿ ਇੰਨ੍ਹਾਂ ਦੀ ਐਕਟਿਵਾ ਟਿੱਬਾ ਇਲਾਕੇ ’ਚ ਮਿਲੀ ਹੈ। ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋ ਦੋਸਤਾਂ ਦੇ ਹੋਏ ਅੰਨੇ੍ਹ ਕਤਲ ਦੇ ਮਾਮਲੇ ’ਚ ਜਸਕਿਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸੁਹੇਲ ਕਾਸਿਮ ਮੀਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 2 ਅਤੇ ਸੰਦੀਪ ਵਡੇਰਾ ਇੰਡਸਟਰੀਅਲ ਏਰੀਆ- ਬੀ ਦੀ ਅਗਵਾਈ ਹੇਠ ਥਾਣੇਦਾਰ ਕੁਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਡਾਬਾ ਦੀ ਪੁਲਿਸ ਨੇ 16 ਘੰਟਿਆਂ ’ਚ ਸਫ਼ਲਤਾ ਹਾਸਲ ਕਰ ਲਈ ਹੈ। (Murder)

ਉਨ੍ਹਾਂ ਦੱਸਿਆ ਕਿ ਕਤਲ ਦੇ ਮਾਮਲੇ ’ਚ ਪੁਲਿਸ ਨੇ ਇੱਕ ਨਬਾਲਿਗ ਸਮੇਤ 4 ਨੂੰ ਗਿ੍ਰਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਦੱਸਿਆ ਕਿ 17 ਸਤੰਬਰ ਨੂੰ ਸੋਨੀ ਦੇਵੀ ਪਤਨੀ ਲੇਟ ਸੁਦਰਸ਼ਨ ਗੁਪਤਾ ਵਾਸੀ ਮੁਹੱਲਾ ਨਿਊ ਗਗਨ ਨਗਰ ਥਾਣਾ ਡਾਬਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਗੁਲਸ਼ਨ ਗੁਪਤਾ (23) ਜੋ ਰਾਲਸਨ ਕੰਪਨੀ ’ਚ ਐਚਆਰ ਵਜੋਂ ਨੌਕਰੀ ਕਰਦਾ ਹੈ, ਰੋਜਾਨਾ ਵਾਂਗ ਸ਼ਾਮ 6 ਵਜੇ ਘਰ ਆਇਆ। ਜਿਸ ਨੂੰ ਉਸਦਾ ਦੋਸਤ ਰਾਹੁਲ ਸਿੰਘ ਵਾਸੀ ਮੁਹੱਲਾ ਮਾਇਆ ਨਗਰ ਆਪਣਾ ਮੋਟਰਸਾਇਕਲ ਉਨ੍ਹਾਂ ਦੇ ਘਰ ਖੜ੍ਹਾ ਕੇ ਉਨ੍ਹਾਂ ਦੀ ਐਕਟਿਵਾ ’ਤੇ ਆਪਣੇ ਨਾਲ ਲੈ ਗਿਆ। (Murder)

ਇਹ ਵੀ ਪੜ੍ਹੋ : ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ

ਜਿਸ ਤੋਂ ਬਾਅਦ ਉਸਦਾ ਲੜਕਾ ਗੁਲਸ਼ਨ ਗੁਪਤਾ ਘਰ ਨਹੀਂ ਆਇਆ। ਮਹਿਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਸੋਨੀ ਦੇਵੀ ਵੱਲੋਂ ਅਮਰ ਯਾਦਵ ਵਾਸੀ ਮੁਹੱਲਾ ਜੀਵਨ ਨਗਰ ’ਤੇ ਸ਼ੱਕ ਜਤਾਏ ਜਾਣ ’ਤੇ ਪੁਲਿਸ ਨੇ ਗਿ੍ਰਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਕਿਸੇ ਲੜਕੀ ਨਾਲ ਗੈਰ-ਸਮਾਜਿਕ ਸਬੰਧ ਸਨ, ਜਿਸ ਦੀ ਮੰਗਣੀ ਰਾਹੁਲ ਸਿੰਘ ਨਾਲ ਹੋ ਗਈ ਸੀ। ਜਿਉਂ ਹੀ ਰਾਹੁਲ ਨੂੰ ਸਬੰਧਿਤ ਲੜਕੀ ਤੇ ਉਸ ਦੀ ਦੋਸਤੀ ਬਾਰੇ ਪਤਾ ਲੱਗਾ ਤਾਂ ਉਸ ਨੇ ਲੜਕੀ ਦੀ ਜ਼ਿੰਦਗੀ ਤੋਂ ਦੂਰ ਹੋ ਜਾਣ ਬਾਰੇ ਕਿਹਾ।

ਜਿਸ ਦੀ ਖੁੰਦਕ ’ਚ ਉਸਨੇ ਰਾਹੁਲ ਸਿੰਘ ਨੂੰ ਸਮੇਤ ਗੁਲਸ਼ਨ ਗੁਪਤਾ ਦੇ ਤਾਜਪੁਰ ਰੋਡ ਵਿਖੇ ਵਿਉਂਤਬੰਦੀ ਤਹਿਤ ਬੁਲਾਇਆ ਅਤੇ ਆਪਣੇ ਸਾਥੀ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ਼ ਗੋਲੂ ਅਤੇ ਇੱਕ ਨਬਾਲਿਗ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਕਤਲ ਦੇ ਮਾਮਲੇ ’ਚ ਅਮਰ ਯਾਦਵ ਨੂੰ ਸ਼ੇਰਪੁਰ ਚੌਂਕ ’ਚੋਂ, ਜਦਕਿ ਉਸਦੇ ਸਾਥੀਆਂ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ਼ ਗੋਲੂ ਅਤੇ ਇੱਕ ਨਬਾਲਿਗ ਨੂੰ ਸਚਦੇਵਾ ਮੈਡੀਕਲ ਵਾਲੇ ਦਾ ਵਿਹੜਾ ਜੀਵਨ ਨਗਰ ਲੁਧਿਆਣਾ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।