ਸਾਬਕਾ ਵਿਧਾਇਕ ਕਰ ਰਹੇ ‘ਵਿਧਾਇਕ ਸਟਿੱਕਰ’ ਦੀ ਗਲਤ ਵਰਤੋਂ, ਤੁਰੰਤ ਵਾਪਸ ਮੰਗੇ ਸਟਿੱਕਰ

 90 ਸਾਬਕਾ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਤੋਂ ਜਾਰੀ ਹੋਇਆ ਪੱਤਰ, ਸ੍ਰੋਮਣੀ ਅਕਾਲੀ ਦਲ ਦੇ ਅਤੇ ਕਾਂਗਰਸੀ ਵਿਧਾਇਕ ਸ਼ਾਮਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਵਿਧਾਇਕਾਂ ਵੱਲੋਂ ਵਿਧਾਇਕ ਰਹਿੰਦੇ ਹੋਏ ਮਿਲੇ ਵੀਵੀਆਈਪੀ ਸਟਿੱਕਰਾਂ ਦੀ ਨਾ ਸਿਰਫ਼ ਗਲਤ ਵਰਤੋਂ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਵਿਧਾਇਕ ਸਟਿੱਕਰਾਂ ਰਾਹੀਂ ਗੈਰ ਕਾਨੂੰਨੀ ਕੰਮ ਵੀ ਕੀਤੇ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਵੱਲੋਂ ਵਿਧਾਇਕ ਰਹਿੰਦੇ ਹੋਏ ਮਿਲੇ ਸਟਿੱਕਰਾਂ ਨੂੰ ਸਾਬਕਾ ਵਿਧਾਇਕਾਂ ਤੋਂ ਵਾਪਸ ਮੰਗ ਲਿਆ ਗਿਆ ਹੈ। ਸਾਬਕਾ ਵਿਧਾਇਕਾਂ ਵਿੱਚ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਸਣੇ ਕੁੱਲ 90 ਸਾਬਕਾ ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੂੰ ਵਿਧਾਇਕ ਤੋਂ ਸਾਬਕਾ ਵਿਧਾਇਕ ਹੋਏ ਤਾਂ ਲਗਭਗ ਇੱਕ ਸਾਲ ਹੋ ਚੁੱਕਿਆ ਹੈ ਪਰ ਵਿਧਾਇਕੀ ਵਾਲਾ ਵੀਵੀਆਈਪੀ ਸਟਿੱਕਰ ਵਾਪਸ ਦੇਣ ਨੂੰ ਹੀ ਤਿਆਰ ਨਹੀਂ ਹੋ ਰਹੇ ਹਨ। ਇਸ ਲਈ ਪੰਜਾਬ ਵਿਧਾਨ ਸਭਾ ਵੱਲੋਂ ਬਕਾਇਦਾ ਪੱਤਰ ਜਾਰੀ ਕਰਦੇ ਹੋਏ ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਤੁਰੰਤ ਸਟਿੱਕਰ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਲਈ ਪੰਜਾਬ ਵਿਧਾਨ ਸਭਾ (Punjab Vidhan Sabha) ਵੱਲੋਂ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

ਵਿਧਾਇਕ ਨੂੰ ਸਰਕਾਰੀ ਕਾਰ ’ਤੇ ਲਾਉਣ ਲਈ ਖ਼ਾਸ ਕਿਸਮ ਦਾ ਵੀਵੀਆਈਪੀ ਸਟਿੱਕਰ ਦਿੱਤਾ ਜਾਂਦਾ ਹੈ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਹਰ ਵਿਧਾਇਕ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਨਿੱਜੀ ਅਤੇ ਸਰਕਾਰੀ ਕਾਰ ’ਤੇ ਲਾਉਣ ਲਈ ਖ਼ਾਸ ਕਿਸਮ ਦਾ ਵੀਵੀਆਈਪੀ ਸਟਿੱਕਰ ਦਿੱਤਾ ਜਾਂਦਾ ਹੈ। ਜਿਸ ਨਾਲ ਵਿਧਾਇਕਾਂ ਦੀ ਗੱਡੀ ਨੂੰ ਵੀਵੀਆਈਪੀ ਪਹਿਚਾਣ ਵੀ ਮਿਲ ਜਾਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਵਿਧਾਇਕਾਂ ਨੂੰ ਇਸ ਤਰ੍ਹਾਂ ਦੇ ਵਿਧਾਇਕੀ ਸਟਿੱਕਰ ਮਿਲਦੇ ਆ ਰਹੇ ਹਨ ਪਰ ਬੀਤੇ ਸਾਲ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਵਿਧਾਇਕਾਂ ਵੱਲੋਂ ਇਸ ਵਿਧਾਇਕੀ ਸਟਿੱਕਰ ਨੂੰ ਵਾਪਸ ਨਹੀਂ ਕੀਤਾ ਗਿਆ ਹੈ।

ਪੰਜਾਬ ਵਿਧਾਨ ਸਭਾ (Punjab Vidhan Sabha) ਵੱਲੋਂ ਇਸ ਸਟਿੱਕਰ ਦੀ ਵਾਪਸੀ ਲਈ 10 ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਸਾਰੇ ਸਾਬਕਾ ਵਿਧਾਇਕਾਂ ਨੂੰ ਪੱਤਰ ਜਾਰੀ ਕਰਦੇ ਹੋਏ ਤੁਰੰਤ ਸਟਿੱਕਰ ਵਾਪਸ ਕਰਨ ਲਈ ਕਿਹਾ ਹੈ, ਕਿਉਂਕਿ ਇਨ੍ਹਾਂ ਵਿਧਾਇਕੀ ਵਾਲੇ ਸਟਿੱਕਰਾਂ ਰਾਹੀਂ ਗਲਤ ਕੰਮ ਵੀ ਕੀਤੇ ਜਾ ਰਹੇ ਹਨ। ਜਿਸ ਬਾਰੇ ਪੰਜਾਬ ਵਿਧਾਨ ਸਭਾ ਨੂੰ ਲਗਾਤਾਰ ਸੂਚਨਾ ਮਿਲ ਰਹੀ ਹੈ। ਜਿਹੜੇ ਸਾਬਕਾ ਵਿਧਾਇਕਾਂ ਨੂੰ ਸਟਿੱਕਰ ਵਾਪਸ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ ਵਿੱਚ ਖ਼ਾਸ ਤੌਰ ’ਤੇ ਸੁਖਬੀਰ ਬਾਦਲ, ਪਰਕਾਸ਼ ਸਿੰਘ, ਚਰਨਜੀਤ ਸਿੰਘ ਚੰਨੀ, ਬਿਕਰਮ ਮਜੀਠੀਆ ਤੋਂ ਇਲਾਵਾ ਕੱੁਲ 90 ਸਾਬਕਾ ਵਿਧਾਇਕ ਸ਼ਾਮਲ ਹਨ।

ਟੋਲ ਪਲਾਜਾ ’ਤੇ ਨਹੀਂ ਦਿੰਦੇ ਹਨ ਪੈਸੇ, ਵਿਧਾਇਕੀ ਦਾ ਚਲਾਉਂਦੇ ਨੇ ਰੋਹਬ

ਵਿਧਾਇਕ ਤੋਂ ਸਾਬਕਾ ਵਿਧਾਇਕ ਹੋਣ ਦੇ ਬਾਵਜ਼ੂਦ ਕੁਝ ਸਾਬਕਾ ਵਿਧਾਇਕਾਂ ਵੱਲੋਂ ਆਪਣੀ ਨਿੱਜੀ ਗੱਡੀ ਨੂੰ ਟੋਲ ਪਲਾਜਾ ’ਤੇ ਬਿਨਾਂ ਪੈਸੇ ਦੀ ਅਦਾਇਗੀ ਕੀਤੇ ਹੀ ਗਲਤ ਤਰੀਕੇ ਨਾਲ ਲੰਘਿਆ ਜਾ ਰਿਹਾ ਹੈ। ਗੱਡੀ ’ਤੇ ਵਿਧਾਇਕ ਸਟਿੱਕਰ ਲੱਗੇ ਹੋਣ ਕਰਕੇ ਟੋਲ ਪਲਾਜਾ ਵਾਲੇ ਮੌਜ਼ੂਦਾ ਵਿਧਾਇਕ ਹੋਣ ਦਾ ਭੁਲੇਖਾ ਖਾਂਦੇ ਹੋਏ ਗੱਡੀਆਂ ਨੂੰ ਰੋਕ ਵੀ ਨਹੀਂ ਰਹੇ ਹਨ ਪਰ ਕੁਝ ਸਾਬਕਾ ਵਿਧਾਇਕਾਂ ਵੱਲੋਂ ਇਸ ਤਰ੍ਹਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਵੀ ਸਾਬਕਾ ਵਿਧਾਇਕਾਂ ਵੱਲੋਂ ਵਿਧਾਇਕ ਸਟਿੱਕਰ ਦੀ ਗਲਤ ਵਰਤੋਂ ਕੀਤੀ ਗਈ ਹੈ।

ਪੁਲਿਸ ਨੇ ਫੜੀ ਗੱਡੀ ਤਾਂ ਹੋਇਆ ਖ਼ੁਲਾਸਾ

ਸਾਬਕਾ ਵਿਧਾਇਕ ਕਿਸ ਹੱਦ ਤੱਕ ਵਿਧਾਇਕ ਸਟਿੱਕਰ ਦੀ ਗਲਤ ਵਰਤੋਂ ਕਰ ਰਹੇ ਹਨ, ਇਸ ਦਾ ਕੋਈ ਜ਼ਿਆਦਾ ਅੰਦਾਜ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਾਂ ਫਿਰ ਅਧਿਕਾਰੀਆਂ ਨੂੰ ਵੀ ਨਹੀਂ ਸੀ। ਬੀਤੇ ਕੁਝ ਹਫ਼ਤੇ ਪਹਿਲਾਂ ਇੱਕ ਪ੍ਰਾਈਵੇਟ ਗੱਡੀ ਨੂੰ ਪੁਲਿਸ ਵੱਲੋਂ ਗਲਤ ਕੰਮ ਹੋਣ ਕਰਕੇ ਜ਼ਬਤ ਕੀਤਾ ਗਿਆ ਤਾਂ ਗੱਡੀ ’ਤੇ ਵਿਧਾਇਕ ਦਾ ਸਟਿੱਕਰ ਲੱਗਿਆ ਹੋਇਆ ਸੀ। ਇਸ ਸਟਿੱਕਰ ਨੂੰ ਦੇਖ ਕੇ ਪੁਲਿਸ ਵੱਲੋਂ ਪੰਜਾਬ ਵਿਧਾਨ ਸਭਾ ਨਾਲ ਸੰਪਰਕ ਕੀਤਾ ਗਿਆ ਤਾਂ ਪੱਤਾ ਚੱਲਿਆ ਕਿ ਮੌਜ਼ੂਦਾ ਨਹੀਂ, ਸਗੋਂ ਇਹ ਸਾਬਕਾ ਵਿਧਾਇਕ ਨੂੰ ਸਟਿੱਕਰ ਜਾਰੀ ਕੀਤਾ ਗਿਆ ਸੀ ਅਤੇ ਹੁਣ ਤੱਕ ਸਟਿੱਕਰ ਵਾਪਸ ਨਾ ਹੋਣ ਕਰਕੇ ਉਸ ਦੀ ਗਲਤ ਵਰਤੋਂ ਕੀਤੀ ਜਾ ਰਹੀ ਸੀ। ਇਸ ਮਾਮਲੇ ਨੂੰ ਦੇਖਦੇ ਹੋਏ ਸਾਰੇ ਵਿਧਾਇਕਾਂ ਨੂੰ ਤੁਰੰਤ ਸਟਿੱਕਰ ਵਾਪਸ ਕਰਨ ਲਈ ਕਿਹਾ ਹੈ ਤਾਂ ਕਿ ਭਵਿੱਖ ਵਿੱਚ ਕੋਈ ਹੋਰ ਗਲਤ ਵਰਤੋਂ ਨਾ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ