Punjab Roadways News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਚੱਲਦੀਆਂ ਸਰਕਾਰੀ ਬੱਸਾਂ ਦਾ ਲਾਹਾ ਤਾਂ ਹਰ ਕੋਈ ਲੈ ਰਿਹਾ ਹੈ ਪਰ ਇਨ੍ਹਾਂ ਬੱਸਾਂ ’ਚ ਬੀਬੀਆਂ ਮੁਫ਼ਤ ਸਫ਼ਰ ਕਰਦੀਆਂ ਹਨ। ਹੁਣ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਪੀਆਰਟੀਸੀ ਦੇ ਬੇੜੇ ’ਚ 500 ਨਵੀਆਂ ਅਤੇ ਪਨਬੱਸ ਦੇ ਬੇੜੇ ’ਚ 432 ਦੇ ਕਰੀਬ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਨਾਲ ਆਮ ਲੋਕਾਂ ਦੇ ਨਾਲ-ਨਾਲ ਬੀਬੀਆਂ ਨੂੰ ਵੱਡਾ ਫ਼ਾਇਦਾ ਮਿਲੇਗਾ। ਇਹ ਫ਼ੈਸਲਾ ਅੱਜ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕਾਂਟਰੈਕਟ ਵਰਕਰ ਯੂਨੀਅਨ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ’ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਕੱਤਰ ਟਰਾਂਸਪੋਰਟ ਅਤੇ ਦੋਹਾਂ ਵਿਭਾਗਾਂ ਦੇ ਮੈਨੇਜਿੰਗ ਡਾਇਰੈਕਟਰ ਸਣੇ ਮੈਨਜਮੈਂਟ ਦੇ ਮੈਂਬਰ ਵੀ ਸ਼ਾਮਲ ਹੋਏ।
Read Also : Kisan Andolan: ਸਰਵਨ ਸਿੰਘ ਪੰਧੇਰ ਦਾ ਸ਼ੰਭੂ ਬਾਰਡਰ ਤੋਂ ਵੱਡਾ ਐਲਾਨ, ਵੇਖੋ
ਮੀਟਿੰਗ ਦੌਰਾਨ ਯੂਨੀਅਨ ਦੀਆਂ ਸਾਰੀਆਂ ਮੰਗਾਂ ’ਤੇ ਵਿਚਾਰ ਕੀਤਾ ਗਿਆ। ਯੂਨੀਅਨ ਨੂੰ ਭਰੋਸਾ ਦੁਆਇਆ ਗਿਆ ਕਿ ਕਾਂਟਰੈਕਟ ਮੁਲਾਜ਼ਮਾਂ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ 3 ਫਰਵਰੀ ਨੂੰ ਜੱਥੇਬੰਦੀ ਦੀ ਸਹਿਮਤੀ ਨਾਲ ਪੱਕਾ ਕਰਨ ਲਈ ਪਾਲਿਸੀ ਫਾਈਨਲ ਕਰਦੇ ਹੋਏ ਲਾਗੂ ਕੀਤੀ ਜਾਵੇਗੀ। Punjab Roadways News
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਣੇ ਹੋਰ ਸ਼ਾਮਲ ਸਨ। ਸਰਕਾਰ ਵੱਲੋਂ ਰੋਡਵੇਜ਼ ’ਚ ਕੰਮ ਘੱਟ ਤਨਖ਼ਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ ਤਨਖ਼ਾਹ ’ਚ ਵਾਧਾ ਕਰਦੇ ਹੋਏ ਪੱਤਰ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਐਡਵਾਂਸ ਬੁਕਿੰਗ ਵਾਲਿਆਂ ਦੇ ਕਮਿਸ਼ਨ ’ਚ ਵੀ ਵਾਧੇ ਦੀ ਮੰਗ ਕੀਤੀ ਗਈ ਹੈ, ਜਿਸ ’ਚ ਟਰਾਂਸਪੋਰਟ ਮੰਤਰੀ ਪੰਜਾਬ ਨੇ ਵਾਧਾ ਕਰਨ ਦਾ ਐਲਾਨ ਕੀਤਾ ਹੈ।