ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ’ਚ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ : ਰਾਜਪਾਲ

Punjabi University Sachkahoon

39ਵੀਂ ਕਾਨਵੋਕੇਸ਼ਨ ਮੌਕੇ ਪ੍ਰੋ. ਗਗਨਦੀਪ ਕੰਗ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ

39ਵੀਂ ਕਾਨਵੋਕੇਸ਼ਨ ਦੇ ਪਹਿਲੇ ਦਿਨ ਪੀ-ਐੱਚ.ਡੀ. ਦੀਆਂ ਡਿਗਰੀਆਂ ਤੇ ਵੱਖ-ਵੱਖ ਕੋਰਸਾਂ ਵਿੱਚੋਂ ਸਰਵੋਤਮ ਰਹਿਣ ਵਾਲਿਆਂ ਨੂੰ ਮੈਡਲ ਅਤੇ ਚਾਂਸਲਰ ਮੈਡਲ ਪ੍ਰਦਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 39ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਹੁੰਦੀਆਂ ਹਨ ਜੋ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਸੰਬੰਧੀ ਮੰਤਵ ਉੱਪਰ ਏਨਾ ਨਿੱਠ ਕੇ ਕਾਰਜ ਕਰਦੀਆਂ ਹਨ, ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਥਾਪਿਤ ਹੋਈ ਇਸ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ੈਕਲਟੀਜ਼ ਵਿੱਚ ਗਿਆਨ ਪੈਦਾ ਕਰਨ ਦਾ ਕਾਰਜ ਸਲਾਹੁਣਯੋਗ ਢੰਗ ਨਾਲ ਕੀਤਾ ਜਾ ਰਿਹਾ ਹੈ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਵੱਕਾਰੀ ਡਿਗਰੀਆਂ ਪ੍ਰਾਪਤ ਕਰ ਕੇ ਵਿਦਿਆਰਥੀਆਂ ਉੱਪਰ ਇਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਸ ਸਮਾਜ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵਿੱਦਿਅਕ ਸਹੂਲਤਾਂ ਨਾਲ ਉਹ ਇਸ ਡਿਗਰੀ ਪ੍ਰਾਪਤ ਕਰਨ ਦੇ ਕਾਬਿਲ ਹੋਏ ਹਨ। ਹੁਣ ਬਦਲੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਾਪਤ ਵਿੱਦਿਆ ਦੀ ਵਰਤੋਂ ਉਸ ਸਮਾਜ ਦੀ ਬਿਹਤਰੀ ਲਈ ਕਰਨ ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਦਾਰਸ਼ਨਿਕ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮੰਤਵ ਸਾਡੇ ਚਰਿੱਤਰ ਦਾ ਨਿਰਮਾਣ ਕਰਨਾ ਹੁੰਦਾ ਹੈ ਵਿਦਿਆਰਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਚਰਿੱਤਰ ਨਿਰਮਾਣ ਵਿੱਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਕਰਨ ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲੇ ਰਾਸ਼ਟਰ ਦੇ ਨਿਰਮਾਣ ਲਈ ਚੰਗੇ ਚਰਿੱਤਰ ਵਾਲੇ ਲੋਕਾਂ ਦੀ ਹੀ ਲੋੜ ਹੈ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਾਡੀਆਂ ਵਿੱਤੀ ਮੁਸ਼ਕਿਲਾਂ ਹੱਲ ਹੋਣ ਜਾ ਰਹੀਆਂ ਹਨ ਤਾਂ ਸਾਡੇ ਕੋਲ ਮਿਆਰੀ ਕਾਰਜ ਕੀਤੇ ਜਾਣ ਲਈ ਕੋਈ ਵੀ ਬਹਾਨਾ ਬਚਿਆ ਨਹੀਂ ਹੋਣਾ ਚਾਹੀਦਾ। ਪੰਜਾਬੀ ਮੂਲ ਦੀ ਪਹਿਲੀ ਭਾਰਤੀ ਔਰਤ, ਪ੍ਰੋ. ਗਗਨਦੀਪ ਕੰਗ, ਜਿਸ ਨੂੰ ਰੋਇਲ ਸੋਸਾਇਟੀ ਦੀ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੈ, ਵੱਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਕਾਨਵੋਕੇਸ਼ਨ ਮੌਕੇ ਉਨ੍ਹਾਂ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ ਗਿਆ।

ਪ੍ਰੋ. ਗਗਨਦੀਪ ਕੰਗ ਨੇ ਕਿਹਾ ਕਿ ਇੱਕੀਵੀਂ ਸਦੀ ਦੀ ਦੁਨੀਆ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ। ਅਹਿਮ ਖ਼ਿਆਲਾਂ ਦੇ ਜੋੜਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ। ਸੂਝ ਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥਮੂਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ ਉਨ੍ਹਾਂ ਕਿਹਾ ਕਿ ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੀ ਯੂਨੀਵਰਸਿਟੀ ਦੇ ਅੰਬੈਸਡਰ ਹਨ ਇਸ ਲਈ ਉਹ ਜਿੱਥੇ ਵੀ ਜਾਣਗੇ ਯੂਨੀਵਰਸਿਟੀ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਹੀ ਬਣੀਆਂ ਰਹਿਣਗੀਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਮੀਦ ਕਰਦੀ ਹੈ ਕਿ ਵਿਦਿਆਰਥੀ ਹਮੇਸ਼ਾ ਇਸ ਨਾਲ ਜੁੜੇ ਰਹਿਣਗੇ ਕਾਨਵੋਕੇਸ਼ਨ ਦੇ ਇਸ ਪਹਿਲੇ ਦਿਨ 2020-21 ਦੌਰਾਨ ਪੀਐੱਚਡੀ ਦੀਆਂ ਡਿਗਰੀਆਂ ਮੁਕੰਮਲ ਕਰਨ ਵਾਲਿਆਂ ਨੂੰ ਡਿਗਰੀਆਂ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿੱਚੋਂ ਸਰਵੋਤਮ ਰਹਿਣ ਵਾਲਿਆਂ ਨੂੰ ਮੈਡਲ ਅਤੇ ਚਾਂਸਲਰ ਮੈਡਲ ਪ੍ਰਦਾਨ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ