ਉਪ ਰਾਸ਼ਟਰਪਤੀ ਨੇ ਕੀਤਾ ਕਾਨੂੰਨ ਮਾਹਿਰਾਂ ਨਾਲ ਵਿਚਾਰ-ਵਟਾਂਦਰਾ
- ਕਾਂਗਰਸ ਸਮੇਤ ਸੱਤ ਪਾਰਟੀਆਂ ਨੇ ਜਸਟਿਸ ਮਿਸ਼ਰਾ ਖਿਲਾਫ਼ ਮਹਾਂਦੋਸ਼ ਚਲਾਉਣ ਲਈ ਸ਼ੁੱਕਰਵਾਰ ਨੂੰ ਉਪ ਰਾਸ਼ਟਰਪਤੀ ਨਾਇਡੂ ਨੂੰ ਦਿੱਤਾ ਸੀ ਨੋਟਿਸ
ਨਵੀਂ ਦਿੱਲੀ (ਏਜੰਸੀ)। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਐਮ. ਵੈਂਕੱਇਆ ਨਾਇਡੂ ਨੇ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਕਾਂਗਰਸ ਤੇ ਹੋਰਨਾਂ ਪਾਰਟੀਆਂ ਵੱਲੋਂ ਦਿੱਤੇ ਗਏ ਨੋਟਿਸ ‘ਤੇ ਕਾਨੂੰਨ ਮਾਹਿਰਾਂ ਨਾਲ ਵਿਸਥਾਰ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਨਾਮਨਜ਼ੂਰ ਕਰ ਦਿੱਤਾ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਨਾਇਡੂ ਨੇ ਕਾਂਗਰਸ ਸਮੇਤ ਸੱਤ ਪਾਰਟੀਆਂ ਦੇ ਨੋਟਿਸ ਨੂੰ ਨਾਮਨਜ਼ੂਰ ਕਰਨ ਦੇ ਆਪਣੇ ਫੈਸਲੇ ਦੀ ਜਾਣਕਾਰੀ ਰਾਜ ਸਭਾ ਦੇ ਜਨਰਲ ਸਕੱਤਰ ਦੇਸ਼ ਦੀਪਕ ਵਰਮਾ ਨੂੰ ਦੇ ਦਿੱਤੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਨਾਇਡੂ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ, ਸਭਾਪਤੀ ਨੇ ਵਰਮਾ ਨੂੰ ਕਿਹਾ ਕਿ ਉਹ ਨੋਟਿਸ ਦੇਣ ਵਾਲੇ ਮੈਂਬਰਾਂ ਨੂੰ ਉਸ ਨੂੰ ਨਾਮਨਜੂਰ ਕੀਤੇ ਜਾਣ ਦੀ ਜਾਣਕਾਰੀ ਤੋਂ ਜਾਣੂ ਕਰਵਾ ਦੇਣ। ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਸੱਤ ਪਾਰਟੀਆਂ ਨੇ ਜਸਟਿਸ ਮਿਸ਼ਰਾ ਖਿਲਾਫ਼ ਮਹਾਂਦੋਸ਼ ਚਲਾਉਣ ਲਈ ਸ਼ੁੱਕਰਵਾਰ ਨੂੰ ਉਪ ਰਾਸ਼ਟਰਪਤੀ ਨਾਇਡੂ ਨੂੰ ਨੋਟਿਸ ਦਿੱਤਾ ਸੀ। ਨੋਟਿਸ ‘ਚ ਜਸਟਿਸ ਮਿਸ਼ਰਾ ਦੇ ਖਿਲਾਫ਼ ਪੰਜ ਅਧਾਰ ‘ਤੇ ਕਦਾਚਾਰ ਦਾ ਦੋਸ਼ ਲਾਉਂਦਿਆਂ ਉਨ੍ਹਾਂ ‘ਮੁੱਖ ਜੱਜ ਦੇ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ’ ਸ਼ੁਰੂ ਕਰਨ ਦੀ ਮੰਗ ਕੀਤੀ ਸੀ।