ਕਲਪਨਾ ਹੀ ਸਾਰੀਆਂ ਕਾਢਾਂ ਦੀ ਸੂਤਰਧਾਰ

Imagination embodies all inventions

ਕਲਪਨਾ ਹੀ ਸਾਰੀਆਂ ਕਾਢਾਂ ਦੀ ਸੂਤਰਧਾਰ

ਹਰ ਵਿਅਕਤੀ ਕਿਸੇ ਨਾ ਕਿਸੇ ਗੁਣ ਦਾ ਮਾਲਿਕ ਹੈ, ਜੋ ਲੋਕ ਆਪਣੇ ਅੰਦਰ ਛੁਪੀ ਕਲਾ ਦੀ ਸ਼ਨਾਖਤ ਕਰਕੇ ਉਸ ਨੂੰ ਹੋਰ ਤਿੱਖਾ ਕਰ ਲੈਂਦੇ ਹਨ ਉਹ ਕਲਾਕਾਰ ਬਣ ਜਾਂਦੇ ਹਨ । ਕਲਾ ਨੂੰ ਆਪਣੇ ਅਸਲੀ ਰੂਪ ਵਿੱਚ ਸਾਹਮਣੇ ਆਉਣ ਲਈ ਕਾਫੀ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਰਜਣਾ ਕੋਈ ਸਾਹਮਣੇ ਦਿਸਦੀ ਠੋਸ ਚੀਜ਼ ਨਹੀਂ ਹੈ ਤੇ ਨਾ ਹੀ ਉਸ ਨੂੰ ਬੋਤਲਾਂ ਵਿੱਚ ਭਰ ਕੇ ਰੱਖਿਆ ਜਾ ਸਕਦਾ ਹੈ , ਇਹ ਤਾਂ ਉਹ ਹੁਨਰ ਹੈ ਜੋ ਤੁਹਾਡੇ ਅੰਦਰ ਪਿਆ ਹੁੰਦਾ ਹੈ ਜਿਸ ਨੂੰ ਤਰਾਸ਼ ਕੇ ਹੋਰ ਵਧੀਆ ਬਣਾਉਣਾ ਹੁੰਦਾ ਹੈ। ਸਿਰਜਕ ਰੁਚੀਆਂ ਵਾਲੇ ਲੋਕ ਨਵੀਆਂ ਖੋਜਾਂ ਕਰਕੇ ਸਾਡੀ ਜ਼ਿੰਦਗੀ ਦੀਆਂ ਪਗਡੰਡੀਆਂ ਨੂੰ ਰੌਚਿਕ ਤੇ ਸਰਲ ਬਣਾ ਦਿੰਦੇ ਹਨ। ਸੂਚਨਾ ਤਕਨੀਕ ਦੀ ਕ੍ਰਾਂਤੀ ਨੇ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ, ਇਸ ਪਿੱਛੇ ਵੀ ਤਕਨੀਕੀ ਇੰਜੀਨੀਅਰਾਂ ਦੀ ਕਲਾਕਾਰੀ ਦਾ ਕਮਾਲ ਹੈ।

ਕਲਾ ਦਾ ਉਦੇਸ਼ ਵਸਤੂਆਂ ਦੀ ਬਾਹਰੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨਾ ਨਹੀਂ ਹੁੰਦਾ ਸਗੋਂ ਉਨ੍ਹਾਂ ਦੀ ਅੰਦਰਲੀ ਖੂਬਸੂਰਤੀ ਨੂੰ ਨਵੀਂ ਪਰਿਭਾਸ਼ਾ ਦੇਣਾ ਹੁੰਦਾ ਹੈ। ਕਲਾ ਨਵੀਨਤਾ ਦੀ ਸੂਤਰਧਾਰ ਹੈ ਇਸੇ ਕਰਕੇ ਸਿਰਜਨਾਤਮਿਕ ਲੋਕ ਨਵੀਆਂ ਚੀਜ਼ਾਂ ਸਿਰਜਦੇ ਹਨ ਜਿਨ੍ਹਾਂ ਦਾ ਪਹਿਲਾਂ ਵਜੂਦ ਨਹੀਂ ਹੁੰਦਾ। ਸਾਡਾ ਆਪਣੇ ਕੰਮ ਨਾਲ ਲਗਾਉ ਹੋਣਾ ਬਹੁਤ ਜ਼ਰੂਰੀ ਹੈ, ਕੇਵਲ ਪੈਸੇ ਲਈ ਕੰਮ ਕਰਨ ਵਾਲੇ ਲੋਕ ਕਦੇ ਵੀ ਸਿਰਜਨਾਤਮਕ ਨਹੀਂ ਹੋ ਸਕਦੇ। ਜਦੋਂ ਰੁਜ਼ਗਾਰ ਅਤੇ ਜਨੂੰਨ ‘ਕੱਠੇ ਹੋ ਜਾਣ ਤਾਂ ਸਿਰਜਣਾ ਦੇ ਖੇਤਰ ਵਿੱਚ ਨਵਾਂ ਇਨਕਲਾਬ ਆਉਂਦਾ ਹੈ।

ਕਲਾਕਾਰ ਕੌਣ ਹੈ? ਕੀ ਇਸ ਲਈ ਵਿਸ਼ੇਸ਼ ਪੜ੍ਹਾਈ ਦੀ ਲੋੜ ਪੈਂਦੀ ਹੈ? ਇਨ੍ਹਾਂ ਦੋਵਾਂ ਪ੍ਰਸ਼ਨਾਂ ਦਾ ਉੱਤਰ ਇਹ ਹੈ ਕਿ ਤੀਜੀ ਅੱਖ ਨਾਲ ਦੁਨੀਆਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਵਾਲੇ ਅਨਪੜ੍ਹ ਵੀ ਕਲਾਕਾਰ ਹੋ ਸਕਦੇ ਹਨ। ਮਨ ਵਿੱਚ ਫੁੱਟਦੇ ਕੋਮਲ ਫੁਰਨਿਆਂ ਨੂੰ ਕਾਗਜ਼ ‘ਤੇ ਲਿਖ ਨਾ ਸਕਣ ਵਾਲੇ ਵੀ ਦੁਨੀਆਂ ਦੇ ਵੱਡੇ ਕਵੀ ਹੋ ਸਕਦੇ ਹਨ ।

ਕਲਾਕਾਰ ਹਰ ਚੀਜ਼ ਨੂੰ ਆਪਣੇ ਅਨੁਭਵ ਦੀਆਂ ਐਨਕਾਂ ਰਾਹੀਂ ਵੱਖਰੇ ਕੋਣ ਤੋਂ ਵੇਖਦਾ ਹੈ । ਕਲਾ ਸਹਿਜ ਹੁੰਦੀ ਹੈ । ਕਲਾ ਨੂੰ ਯਾਦ ਨਹੀਂ ਕਰਨਾ ਪੈਂਦਾ ਇਹ ਆਪਣੇ-ਆਪ ਅੰਦਰੋਂ ਫੁੱਟਦੀ ਹੈ। ਤੁਸੀਂ ਕਦੇ ਵੇਖਿਆ ਹੋਵੇਗਾ ਕੇ ਹਰਮੋਨੀਅਮ ਵਜਾਉਣ ਵਾਲਾ ਅੱਖਾਂ ਬੰਦ ਕਰ ਕੇ ਬਿਨਾਂ ਕੀ ਬੋਰਡ ਵੇਖੇ ਮਸਤ ਹੋ ਕੇ ਮੰਤਰ-ਮੁਗਧ ਕਰਨ ਵਾਲੀਆਂ ਧੁਨਾਂ ਕੱਢਦਾ ਹੈ। ਸਿਰਜਣਾ ਆਪ ਮੁਹਾਰੀ ਹੁੰਦੀ ਹੈ , ਕਲਾ ਦੇ ਚਸ਼ਮੇ ਖੁਦ ਬ ਖੁਦ ਫੁੱਟਦੇ ਹਨ।

ਹੁਣ ਜੇਕਰ ਅਸੀਂ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਅਧਿਆਪਕ ਦਾ ਕਲਾਕਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਨੇ ਬੱਚਿਆਂ ਅੰਦਰ ਛੁਪੇ ਗੁਣਾਂ ਨੂੰ ਹੋਰ ਤਰਾਸ਼ਣਾ ਹੁੰਦਾ ਹੈ । ਗੁਰੂ ਦੀ ਪਾਰਖੂ ਨਿਗ੍ਹਾ ਅਤੇ ਉਨ੍ਹਾਂ ਦੇ ਸਹੀ ਮਾਰਗਦਰਸ਼ਨ ਕਰਕੇ ਹੀ ਸਚਿਨ ਤੇਂਦੁਲਕਰ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਏ ਪੀ ਜੇ ਅਬਦੁਲ ਕਲਾਮ ਵਰਗੀਆਂ ਹਸਤੀਆਂ ਨੇ ਆਪੋ-ਆਪਣੇ ਖੇਤਰਾਂ ‘ਚ ਸਫ਼ਲਤਾ ਦੇ ਝੰਡੇ ਗੱਡੇ । ਸੋਹਣੇ ਤੇ ਸ਼ਾਂਤ ਭਵਿੱਖ ਲਈ ਬੱਚਿਆਂ ਅੰਦਰ ਸਿਰਜਣਾਤਮਕ ਰੁਚੀਆਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਹਨ। ਗੀਤ-ਸੰਗੀਤ, ਕਲਾ, ਸਾਹਿਤ, ਸੱਭਿਆਚਾਰ, ਵਿਗਿਆਨ, ਤਕਨੀਕ ਅਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ‘ਚ ਸਿਰਜਣਾ ਮਹੱਤਵਪੂਰਨ ਰੋਲ ਨਿਭਾਉਂਦੀ ਹੈ।

ਕਿਸੇ ਵੀ ਚੀਜ਼ ਦੀ ਬੁਨਿਆਦ ਦਾ ਪਹਿਲਾ ਆਧਾਰ ਕਲਪਨਾ ਹੁੰਦਾ ਹੈ । ਪ੍ਰਸਿੱਧ ਵਿਗਿਆਨੀ ਆਈਨਸਟਾਈਨ ਅਨੁਸਾਰ ਹਰ ਵੱਡੀ ਤੋਂ ਵੱਡੀ ਖੋਜ ਦੀ ਸ਼ੁਰੂਆਤ ਕਲਪਨਾ ਤੋਂ ਹੁੰਦੀ ਹੈ । ਸਿੱਖਿਆ ਸ਼ਾਸਤਰੀਆਂ ਦੁਆਰਾ ਕਿਤਾਬਾਂ ਲਿਖਦੇ ਸਮੇਂ ਅਤੇ ਪਾਠਕ੍ਰਮ ਬਣਾਉਂਦੇ ਵਕਤ ਬੱਚੇ ਦੀਆਂ ਮੂਲ ਸਿਰਜਨਾਤਮਕ ਰੁਚੀਆਂ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਇੰਨੇ ਯਤਨਾਂ ਦੇ ਬਾਵਜੂਦ ਵੀ ਅੱਜ ਜਮਾਤ ਦੇ ਕਮਰੇ ਨੀਰਸ ਹਨ, ਰੱਟਾ ਮਾਰਕਾ ਪੜ੍ਹਾਈ ਦਾ ਜ਼ੋਰ ਹੈ । ਨੰਬਰ ਪ੍ਰਾਪਤ ਕਰਨ ਦੀ ਦੌੜ ਨਾਲ ਬੱਚੇ ਦੇ ਅੰਦਰਲੇ ਗੁਣ ਮਰ ਜਾਂਦੇ ਹਨ ਤੇ ਉਸ ਨੇ ਜੋ ਬਣਨਾ ਹੈ ਉਸ ਤੋਂ ਵਾਂਝਾ ਰਹਿ ਜਾਂਦਾ ਹੈ।

ਬੱਚਿਆਂ ਅੰਦਰ ਕਲਾਕਾਰੀ ਭਰਨ ਲਈ ਸਿੱਖਣ- ਸਿਖਾਉਣ ਦੀ ਪ੍ਰਕਿਰਿਆ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ  ਜਮਾਤ ਵਿੱਚ ਬੱਚਿਆਂ ਨੂੰ ਕੰਮ ਕਰਨ ਦੀ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਹੈ । ਜਦੋਂ ਬੱਚੇ ਮਨਚਾਹਿਆ ਕੰਮ ਕਰਦੇ ਹਨ ਤਾਂ ਉਨ੍ਹਾਂ ਅੰਦਰੋਂ ਅਸਲ ਕਲਾ ਪ੍ਰਗਟ ਹੁੰਦੀ ਹੈ। ਜੋ ਬੱਚਾ ਚਿੱਤਰਕਲਾ ਵਿੱਚ ਮਾਹਿਰ ਹੈ ਤਾਂ ਉਸ ਨੂੰ ਉਸ ਦੀ ਪਸੰਦ ਦੀਆਂ ਚੀਜ਼ਾਂ ਬਣਾਉਣ ਦਿਓ ਤੇ ਫਿਰ ਦੇਖੋ ਕਿਵੇਂ ਉਸ ਦੀ ਕਲਾ ਅਸਲ ‘ਚ ਰੂਪਮਾਨ ਹੁੰਦੀ ਹੈ, ਅਜਿਹੀ ਖੁੱਲ੍ਹ ਨਾਲ ਬੱਚਾ ਬਹੁ-ਮੁੱਲੀਆਂ ਕਿਰਤਾਂ ਦਾ ਸਿਰਜਕ ਹੋ ਜਾਂਦਾ ਹੈ।

ਜੇਕਰ ਗਣਿਤ ਦਾ ਅਧਿਆਪਕ ਬਾਂਚਿਆਂ ਨੂੰ ਪੈਮਾਇਸ਼ ਬਾਰੇ ਬਾਰੇ ਪੜ੍ਹਾ ਰਿਹਾ ਹੈ ਤਾਂ ਉਸ ਨੂੰ ਆਲੇ-ਦੁਆਲੇ ਨਾਲ ਜੋੜ ਕੇ ਉਦਾਹਰਨਾਂ ਸਹਿਤ ਪੜ੍ਹਾਉਣਾ ਚਾਹੀਦਾ ਹੈ ਅਜਿਹੀ ਆਲਾ ਦੁਆਲਾ ਆਧਾਰਿਤ ਅਧਿਆਪਨ ਵਿਧੀ ਰਾਹੀਂ ਬੱਚਿਆਂ ਦੇ ਉੱਤਰ ਤੱਥ ਆਧਾਰਿਤ ਹੋਣਗੇ। ਸਿਰਜਣਾਤਮਕ ਰੁਚੀਆਂ ਵਾਲੇ ਅਧਿਆਪਕ ਹੀ ਬੱਚਿਆਂ ਨੂੰ ਸਕੂਲ ਅਤੇ ਸਿੱਖਿਆ ਨਾਲ ਜੋੜ ਸਕਦੇ ਹਨ। ਮੁੱਢਲੀਆਂ ਜਮਾਤਾਂ ਵਿਚ ਅਜਿਹੀਆਂ ਅਨੇਕਾਂ ਹੀ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਬੱਚੇ ਅੰਦਰ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ।

ਨਾਟਕ ਦੀ ਜਮਾਤ ਰਾਹੀਂ ਵੀ ਬੱਚੇ ਅੰਦਰ ਸਿਰਜਨਾਤਮਕ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਬੱਚੇ ਜਦੋਂ ਵੱਖ-ਵੱਖ ਪਾਤਰਾਂ ਦੇ ਰੋਲ ਕਰਦੇ ਹਨ ਤਾਂ ਉਨ੍ਹਾਂ ਨੂੰ ਉਸ ਪਾਤਰ ਦਾ ਪਹਿਰਾਵਾ, ਆਵਾਜ਼, ਜੀਵਨ ਚੁਣੌਤੀਆਂ ਤੇ ਕਿਰਦਾਰ ਬਾਰੇ ਗਿਆਨ ਹੁੰਦਾ ਹੈ, ਇਸ ਨਾਲ ਬੱਚਿਆਂ ਅੰਦਰੋਂ ਨਵਾਂ ਮਨੁੱਖ ਪੈਦਾ ਹੁੰਦਾ ਹੈ ਆਪਣੇ-ਆਪ ਨੂੰ ਦਰਸ਼ਕਾਂ ਸਾਹਮਣੇ ਸਟੇਜ਼ ‘ਤੇ ਪੇਸ਼ ਕਰਨ ਦੀ ਕਲਾ ਨਾਲ ਉਨ੍ਹਾਂ ਅੰਦਰ ਅਜਿਹਾ ਜੋਸ਼ ਤੇ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ ਕਿ ਉਹ ਵੱਡੀ ਤੋਂ ਵੱਡੀ ਮੁਸ਼ਕਲ ਦਾ ਕੇਵਲ ਸਾਹਮਣਾ ਹੀ ਨਹੀਂ ਕਰਦੇ ਸਗੋਂ ਜਿੱਤ ਪ੍ਰਾਪਤ ਕਰਨਾ ਵੀ ਸਿੱਖ ਲੈਂਦੇ ਹਨ।

ਕਲਪਨਾ ਤੇ ਸਿਰਜਣਾ ਦਾ ਆਪਸ ਵਿੱਚ ਡੂੰਘਾ ਸਬੰਧ ਹੈ । ਜਦੋਂ ਬਾਂਚਿਆਂ ਦੀਆਂ ਨਿੱਕੀਆਂ-ਨਿੱਕੀਆਂ ਸੋਚਾਂ ਨੂੰ ਕਾਮਯਾਬੀ ਦੇ ਖੰਭ ਲੱਗਦੇ ਹਨ ਤਾਂ ਉਹ ਵੱਡੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਜਾਂਦੇ ਹਨ । ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੀ ਯੋਜਨਾ ਬਣਾਉਂਦੇ ਸਮੇਂ ਅਧਿਆਪਕ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਬੱਚੇ ਨੂੰ ਕੀ ਸੋਚਣਾ ਹੈ? ਨਾਲੋਂ ਕਿਵੇਂ ਸੋਚਣਾ ਹੈ? ਸਿਖਾਉਣਾ ਜ਼ਿਆਦਾ ਮਹੱਤਵਪੂਰਨ ਹੈ,

ਅਜਿਹੀ ਪਹੁੰਚ ਨਾਲ ਹੀ ਬੱਚੇ ਰੱਟੇ ਦੀ ਜਕੜ ਤੋਂ ਬਾਹਰ ਆ ਕੇ ਸਿਰਜਣਾ ਦੇ ਰਾਹੀ ਬਣਨਗੇ । ਅੰਤ ‘ਚ ਕਹਿ ਸਕਦੇ ਹਾਂ ਕਿ ਜਿਹੜੀਆਂ ਚੀਜ਼ਾਂ ਨਾਲ ਸਾਡਾ ਦਿਲ ਧੜਕਦਾ ਹੈ ਉਹ ਹੀ ਸਾਡੀਆਂ ਅਸਲ ਚਾਹਤਾਂ ਹਨ , ਜਿਨ੍ਹਾਂ ਦੀ ਪੂਰਤੀ ਕੇਵਲ ਤੇ ਕੇਵਲ ਸਾਡੇ ਅੰਦਰ ਮੌਜੂਦ ਕੁਦਰਤੀ ਕਲਾਵਾਂ ਤੇ ਹੁਨਰਾਂ ਨਾਲ ਹੋ ਸਕਦੀ ਹੈ। ਆਓ! ਆਪਣੇ ਅੰਦਰ ਮੌਜੂਦ ਅਜਿਹੇ ਅੰਦਰੂਨੀ ਗੁਣਾਂ ਨਾਲ ਨਵੀਂ ਦੁਨੀਆਂ ਦੇ ਸਿਰਜਕ ਬਣੀਏ ।
ਤਲਵੰਡੀ ਸਾਬੋ, ਬਠਿੰਡਾ
ਮੋ. ਬਲਜਿੰਦਰ ਜੌੜਕੀਆਂ
94630-24575

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।