Foot Swelling: ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਪੈਰਾਂ ਦੀ ਸੋਜ ਇੱਕ ਆਮ ਸਮੱਸਿਆ ਬਣ ਗਈ ਹੈ। ਚਾਹੇ ਲੰਮੇ ਸਮੇਂ ਤੱਕ ਖੜ੍ਹੇ ਰਹਿਣਾ ਹੋਵੇ, ਦਫ਼ਤਰ ਵਿੱਚ ਲਗਾਤਾਰ ਬੈਠੇ ਰਹਿਣਾ ਹੋਵੇ ਜਾਂ ਘੰਟਿਆਂ ਦੀ ਯਾਤਰਾ ਕਰਨੀ ਹੋਵੇ, ਇਨ੍ਹਾਂ ਸਭ ਦਾ ਅਸਰ ਸਿੱਧਾ ਪੈਰਾਂ ’ਤੇ ਪੈਂਦਾ ਹੈ। ਸੋਜ ਉਦੋਂ ਹੁੰਦੀ ਹੈ ਜਦੋਂ ਸਰੀਰ ਦੇ ਕਿਸੇ ਹਿੱਸੇ ਵਿੱਚ ਤਰਲ ਪਦਾਰਥ ਇਕੱਠਾ ਹੋ ਜਾਂਦਾ ਹੈ। ਆਮ ਤੌਰ ’ਤੇ ਇਹ ਨੁਕਸਾਨਦੇਹ ਨਹੀਂ ਹੁੰਦਾ, ਪਰ ਜੇਕਰ ਵਾਰ-ਵਾਰ ਜਾਂ ਜ਼ਿਆਦਾ ਸੋਜ ਰਹਿਣ ਲੱਗੇ ਤਾਂ ਇਹ ਸਰੀਰ ਵਿੱਚ ਕਿਸੇ ਲੁਕੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਆਯੁਰਵੇਦ ਵਿੱਚ ਇਸ ਨੂੰ ‘ਸ਼ੋਥ’ ਕਿਹਾ ਗਿਆ ਹੈ, ਜੋ ਵਾਤ, ਪਿੱਤ ਤੇ ਕਫ ਦੇ ਅਸੰਤੁਲਨ ਨਾਲ ਪੈਦਾ ਹੁੰਦਾ ਹੈ।
ਇਹ ਖਬਰ ਵੀ ਪੜ੍ਹੋ : Cyber Crime Alert: ਸਾਈਬਰ ਠੱਗੀ ਦਾ ਫੈਲਦਾ ਜਾਲ
ਉੱਥੇ ਹੀ, ਵਿਗਿਆਨ ਅਨੁਸਾਰ ਖੂਨ ਦੇ ਵਹਾਅ ਵਿੱਚ ਰੁਕਾਵਟ, ਨਮਕ ਦੀ ਵੱਧ ਮਾਤਰਾ ਜਾਂ ਸਰੀਰ ਵਿੱਚ ਪਾਣੀ ਦਾ ਰੁਕ ਜਾਣਾ ਇਸ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ। ਆਯੁਰਵੇਦ ਅਨੁਸਾਰ ਜਦੋਂ ਸਰੀਰ ਵਿੱਚ ਜ਼ਹਿਰੀਲੇ ਤੱਤ ਵਧ ਜਾਂਦੇ ਹਨ ਜਾਂ ਖੂਨ ਦਾ ਵਹਾਅ ਕਮਜ਼ੋਰ ਹੋ ਜਾਂਦਾ ਹੈ, ਤਾਂ ਸੋਜ ਦੀ ਸਥਿਤੀ ਬਣਦੀ ਹੈ। ਉੱਥੇ ਵਿਗਿਆਨਕ ਨਜ਼ਰੀਏ ਨਾਲ ਵੇਖੀਏ ਤਾਂ ਸਾਡੇ ਪੈਰਾਂ ਵਿੱਚ ਸੋਜ ਉਦੋਂ ਆਉਂਦੀ ਹੈ ਜਦੋਂ ਖੂਨ ਦੀਆਂ ਨਾੜੀਆਂ ਵਿੱਚ ਦਬਾਅ ਵਧ ਜਾਂਦਾ ਹੈ ਅਤੇ ਤਰਲ ਪਦਾਰਥ ਟਿਸ਼ੂਜ਼ ਵਿੱਚ ਜਮ੍ਹਾ ਹੋ ਜਾਂਦੇ ਹਨ। ਪਰ ਜੀਵਨਸ਼ੈਲੀ ਵਿੱਚ ਸੁਧਾਰ ਅਤੇ ਕੁਝ ਸਾਦੇ ਘਰੇਲੂ ਉਪਾਅ ਅਪਣਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕੋਸੇ ਪਾਣੀ ਵਿੱਚ ਨਮਕ: | Foot Swelling
ਨਮਕ ਭਾਵ ਸੋਡੀਅਮ ਸਰੀਰ ਦੇ ਤਰਲ ਪਦਾਰਥਾਂ ਨੂੰ ਸੰਤੁਲਿਤ ਰੱਖਣ ਵਿੱਚ ਮੱਦਦ ਕਰਦਾ ਹੈ। ਜਦੋਂ ਪੈਰਾਂ ਨੂੰ ਕੋਸੇ ਨਮਕ ਵਾਲੇ ਪਾਣੀ ਵਿੱਚ ਡੁਬੋਇਆ ਜਾਂਦਾ ਹੈ, ਤਾਂ ਇਹ ਚਮੜੀ ਦੇ ਰੋਮਾਂ ਰਾਹੀਂ ਵਾਧੂ ਪਾਣੀ ਬਾਹਰ ਕੱਢਣ ਵਿੱਚ ਮੱਦਦ ਕਰਦਾ ਹੈ। ਆਯੁਰਵੇਦ ਵਿੱਚ ਇਸ ਨੂੰ ‘ਸਵੇਦਨ ਕਿਰਿਆ’ ਕਿਹਾ ਗਿਆ ਹੈ, ਜੋ ਸਰੀਰ ਦੀ ਸੋਜ ਅਤੇ ਜਕੜਨ ਨੂੰ ਦੂਰ ਕਰਦੀ ਹੈ। ਇਸ ਪ੍ਰਕਿਰਿਆ ਨਾਲ ਨਾ ਸਿਰਫ਼ ਸੋਜ ਘਟਦੀ ਹੈ ਸਗੋਂ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ।
ਬਰਫ਼ ਦੀ ਟਕੋਰ:
ਆਧੁਨਿਕ ਵਿਗਿਆਨ ਅਨੁਸਾਰ ਬਰਫ਼ ਦੀ ਟਕੋਰ ਕਰਨ ਨਾਲ ਖੂਨ ਕੋਸ਼ਿਕਾਵਾਂ ਸੁੰਗੜਦੀਆਂ ਹਨ ਅਤੇ ਤਰਲ ਪਦਾਰਥ ਦਾ ਰਿਸਾਅ ਘੱਟ ਹੋ ਜਾਂਦਾ ਹੈ, ਜਿਸ ਨਾਲ ਸੋਜ ਘਟਦੀ ਹੈ। ਆਯੁਰਵੇਦ ਵਿੱਚ ਇਸ ਨੂੰ ‘ਸ਼ੀਤਲ ਉਪਚਾਰ’ ਕਿਹਾ ਗਿਆ ਹੈ, ਜੋ ਜਲਣ, ਸੋਜ ਅਤੇ ਦਰਦ ਤਿੰਨਾਂ ਵਿੱਚ ਰਾਹਤ ਦਿੰਦਾ ਹੈ। ਧਿਆਨ ਰੱਖੋ ਕਿ ਇਹ ਉਪਾਅ ਜ਼ਿਆਦਾ ਲੰਮੇ ਸਮੇਂ ਤੱਕ ਨਾ ਕਰੋ, ਸਿਰਫ਼ 10 ਤੋਂ 15 ਮਿੰਟ ਕਾਫ਼ੀ ਹਨ।
ਸੇਬ ਦਾ ਸਿਰਕਾ | Foot Swelling
ਸੇਬ ਦੇ ਸਿਰਕੇ ਵਿੱਚ ਪੋਟਾਸ਼ੀਅਮ ਅਤੇ ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸਰੀਰ ’ਚੋਂ ਵਾਧੂ ਪਾਣੀ ਕੱਢਣ ਵਿੱਚ ਮੱਦਦ ਕਰਦੇ ਹਨ। ਆਯੁਰਵੇਦ ਅਨੁਸਾਰ ਇਹ ਸਰੀਰ ਦੇ ਦੋਸ਼ਾਂ ਨੂੰ ਸੰਤੁਲਿਤ ਕਰਦਾ ਹੈ ਅਤੇ ਸੋਜ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੈਰਾਂ ਨੂੰ ਭਿਉਣਾ ਜਾਂ ਹਲਕੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਰਹਿੰਦਾ ਹੈ।
ਅਦਰਕ:
ਆਯੁਰਵੇਦ ਵਿੱਚ ਅਦਰਕ ਨੂੰ ਕੁਦਰਤੀ ਔਸ਼ਧੀ ਮੰਨਿਆ ਗਿਆ ਹੈ। ਇਸ ਵਿੱਚ ਮੌਜੂਦ ਜਿੰਜਰੌਲ ਸੋਜ ਅਤੇ ਦਰਦ ਨੂੰ ਘਟਾਉਣ ਦਾ ਕੰਮ ਕਰਦਾ ਹੈ। ਜਦੋਂ ਅਦਰਕ ਦਾ ਰਸ ਪ੍ਰਭਾਵਿਤ ਹਿੱਸੇ ’ਤੇ ਲਾਇਆ ਜਾਂਦਾ ਹੈ, ਤਾਂ ਇਹ ਚਮੜੀ ਅੰਦਰ ਜਾ ਕੇ ਖੂਨ ਦੇ ਵਹਾਅ ਨੂੰ ਬਿਹਤਰ ਬਣਾਉਂਦਾ ਹੈ। ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਅਦਰਕ ਇੱਕ ਕੁਦਰਤੀ ਐਂਟੀ-ਇਨਫਲੇਮੇਟਰੀ ਏਜੰਟ ਹੈ। ਇਸ ਤੋਂ ਇਲਾਵਾ ਅਦਰਕ ਦਾ ਇੱਕ ਟੁਕੜਾ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਉਸ ਪਾਣੀ ਨੂੰ ਪੀਣ ਨਾਲ ਵੀ ਪੈਰਾਂ ਵਿੱਚ ਸੋਜ ਤੋਂ ਰਾਹਤ ਮਿਲਦੀ ਹੈ।
ਹਲਦੀ ਵਾਲਾ ਦੁੱਧ: | Foot Swelling
ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਇੱਕ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਹੈ ਜੋ ਸਰੀਰ ਦੀ ਸੋਜ ਘਟਾਉਂਦਾ ਹੈ ਅਤੇ ਖੂਨ ਦੇ ਵਹਾਅ ਨੂੰ ਸੰਤੁਲਿਤ ਰੱਖਦਾ ਹੈ। ਆਯੁਰਵੇਦ ਵਿੱਚ ਹਲਦੀ ਨੂੰ ਹਰਿਦਰਾ ਕਿਹਾ ਗਿਆ ਹੈ, ਜੋ ਖੂਨ ਸ਼ੁੱਧ ਕਰਨ ਅਤੇ ਸੋਜ ਘਟਾਉਣ ਦੀ ਸਮਰੱਥਾ ਰੱਖਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਅਗਲੇ ਦਿਨ ਸੋਜ ਵਿੱਚ ਫ਼ਰਕ ਮਹਿਸੂਸ ਹੁੰਦਾ ਹੈ।














