ਨਹੀਂ ਕਰਨੀ ਸ਼ਾਂਤੀ ਤਾਂ ਬੰਦ ਕਰ ਦਿਓ ਵਾਘਾ ਬਾਰਡਰ ਅਤੇ ਦੋਸਤੀ ਦੀ ਬੱਸ

Peace, Stop Wagah Border, Friendship End

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੋ ਰਹੇ ਵਿਰੋਧ ਤੋਂ ਪ੍ਰਗਟਾਈ ਨਰਾਜ਼ਗੀ

  • ਕੀ ਕਿਸੇ ਵਿਅਕਤੀ ਵਿਸ਼ੇਸ਼ ਦਾ ਜਨਮ ਸਿੱਧ ਐ ਅਧਿਕਾਰ ਕਿ ਉਹ ਹੀ ਕਰਨਗੇ ਸ਼ਾਂਤੀ ਬਾਰੇ ਗੱਲ
  • ਵਿਰੋਧ ਤੋਂ ਨਹੀਂ ਡਰਦਾ, ਮੈਨੂੰ ਨਾ ਸਮਝਾਏ ਭਾਜਪਾ ਮੇਰੀ ਹੱਦ : ਸਿੱਧੂ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦਾ ਵੀ ਇਹ ਜਨਮ ਸਿੱਧ ਅਧਿਕਾਰ ਨਹੀਂ ਹੈ ਕਿ ਸਿਰਫ਼ ਉਹ ਵਿਅਕਤੀ ਵਿਸ਼ੇਸ਼ ਹੀ ਸ਼ਾਂਤੀ ਲਈ ਗੁਆਂਢੀ ਦੇਸ਼ ਨਾਲ ਗੱਲਬਾਤ ਕਰੇਗਾ। ਜੇਕਰ ਸ਼ਾਂਤੀ ਲਈ ਗੱਲਬਾਤ ਹੀ ਨਹੀਂ ਕਰਨੀ ਹੈ ਤਾਂ ਫਿਰ ਵਾਘਾ ਬਾਰਡਰ ਕਿਉਂ ਖੋਲ੍ਹਿਆ ਹੋਇਆ ਹੈ ਅਤੇ ਦੋਸਤੀ ਲਈ ਬੱਸ ਕਿਉਂ ਚਲਾਈ ਜਾ ਰਹੀ ਹੈ। ਇਨ੍ਹਾਂ ਦੋਵਾਂ ਨੂੰ ਵੀ ਬੰਦ ਕੇ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ ਰਿਸ਼ਤੇ ਹੀ ਟੁੱਟ ਜਾਣ।

ਮੇਰੇ ਨਾਲ ਹੀ ਇਹ ਧੱਕਾ ਕਿਉਂ ਹੋ ਰਿਹਾ ਹੈ, ਰੋਜ਼ਾਨਾ 5 ਹਜ਼ਾਰ ਵਿਅਕਤੀ ਪਾਕਿਸਤਾਨ ਜਾਂਦੇ ਹਨ ਅਤੇ ਇੰਨੇ ਹੀ ਪਾਕਿਸਤਾਨ ਤੋਂ ਭਾਰਤ ਵੱਲ ਆਉਂਦੇ ਹਨ। ਇਹ ਰੋਸ ਨਵਜੋਤ ਸਿੱਧੂ ਨੇ ਹੋ ਰਹੇ ਵਿਰੋਧ ਦੇ ਖ਼ਿਲਾਫ਼ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਾਹਿਰ ਕੀਤਾ।ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਪਾਕਿਸਤਾਨ ਜਾਣ ਅਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ‘ਤੇ ਦਿੱਕਤ ਹੈ ਤਾਂ ਵਾਘਾ ਬਾਰਡਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਸਿੱਧੂ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਕੌਣ ਹੁੰਦੀ ਐ ਉਨ੍ਹਾਂ ਦੀ ਹੱਦ ਤੈਅ ਕਰਨ ਵਾਲੀ, ਉਹ ਦੋਸਤੀ ਲਈ ਗਏ ਸਨ ਅਤੇ ਪਿਆਰ ਲੈ ਕੇ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਹੱਦ ਕਿਥੇ ਗਈ ਸੀ, ਜਦੋਂ ਬਿਨਾਂ ਸੱਦੇ ਤੋਂ ਨਰਿੰਦਰ ਮੋਦੀ ਜਨਮ ਦਿਨ ਮਨਾਉਣ ਲਈ ਚਲੇ ਗਏ ਸਨ। ਸ਼ਾਂਤੀ ਬਣਾਈ ਰੱਖਣ ਲਈ ਭਾਜਪਾ ਤੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਬੱਸ ਚਲਾਈ ਸੀ ਅਤੇ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਹੋਇਆ ਸੀ ਅਤੇ ਜਦੋਂ ਨਰਿੰਦਰ ਮੋਦੀ ਗਏ ਸਨ ਤਾਂ ਪਠਾਨਕੋਟ ਹਮਲਾ ਹੋਇਆ ਸੀ, ਕੀ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਦੋਵੇਂ ਦੇਸ਼ਾਂ ਦੀ ਗੱਲਬਾਤ ਖ਼ਤਮ ਹੋਈ ਹੈ।

ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਰਾਜ਼ ਜਰੂਰ ਹਨ ਪਰ ਉਹ ਉਨ੍ਹਾਂ ਤੋਂ ਵੱੱਡੇ ਹਨ ਅਤੇ ਉਨ੍ਹਾਂ ਦਾ ਮਾਨ ਸਨਮਾਨ ਕਰਦੇ ਹਨ। ਸਿੱਧੂ ਨੇ ਕਿਹਾ ਕਿ ਵੱਡੇ-ਵੱਡੇ ਕਾਂਗਰਸੀਆਂ ਨੇ ਉਨ੍ਹਾਂ ਦੇ ਹੱਕ ਵਿੱਚ ਵੀ ਬਿਆਨ ਦਿੱਤਾ ਹੈ।

ਬਾਬੇ ਦਾ ਲਾਂਘਾ ਖੋਲ੍ਹਣ ਦੀ ਹੋਈ ਸੀ ਗੱਲ, ਕਿਵੇਂ ਨਾ ਪਾਉਂਦਾ ਜੱਫੀ

ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਖੋਲ੍ਹਣ ਲਈ ਗੱਲ ਹੋਈ ਸੀ ਤਾਂ ਉਹ ਕਿਵੇਂ ਜਨਰਲ ਬਾਜਵਾ ਜੱਫੀ ਨਾ ਪਾਉਂਦੇ। ਉਨ੍ਹਾਂ (ਬਾਜਵਾ) ਨੇ ਗੱਲ ਹੀ ਇਹੋ ਜਿਹੀ ਕੀਤੀ ਸੀ ਕਿ ਉਨ੍ਹਾਂ ਨੂੰ ਸਨੇਹ ਆ ਗਿਆ ਅਤੇ ਉਨ੍ਹਾਂ ਨੇ ਜੱਫੀ ਪਾ ਲਈ। ਸਿੱਧੂ ਨੇ ਕਿਹਾ ਕਿ ਸਨੇਹ ਕਿਸੇ ਦੇ ਕਹਿਣ ‘ਤੇ ਨਾ ਹੀ ਆਉਂਦਾ ਹੈ ਅਤੇ ਨਾ ਹੀ ਕਿਸੇ ਦੇ ਵਿਰੋਧ ਵਿੱਚ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੀ ਮੈਂ ਬਾਜਵਾ ਦੇ ਆਉਣ ‘ਤੇ ਪਿੱਠ ਘੁੰਮਾ ਕੇ ਖੜ੍ਹਾ ਹੋ ਜਾਂਦਾ, ਤੇ ਭਾਰਤ ਦੀ ਬੇਇੱਜ਼ਤੀ ਹੋ ਜਾਂਦੀ

ਕੈਪਟਨ ਸਾਹਿਬ ਨੇ ਕੀਤੀ ਖ਼ਿਲਾਫ਼ ਗੱਲ ਤਾਂ ਜ਼ਰੂਰੀ ਨਹੀਂ ਮੈਂ ਵੀ ਕਰਾਂ

ਸਿੱਧੂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਰਾਜ਼ ਹਨ ਅਤੇ ਜੇਕਰ ਕੈਪਟਨ ਸਾਹਿਬ ਨੇ ਮੇਰੇ ਖ਼ਿਲਾਫ਼ ਕੋਈ ਗੱਲ ਕੀਤੀ ਹੈ ਤਾਂ ਇਹ ਜਰੂਰੀ ਨਹੀਂ ਹੈ ਕਿ ਉਹ ਸਿੱਧੂ ਵੀ ਉਨ੍ਹਾਂ ਖ਼ਿਲਾਫ਼ ਕੋਈ ਗੱਲ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਉਨ੍ਹਾਂ ਦੇ ਵੱਡੇ ਹਨ।

ਗੱਲਬਾਤ ਨਾਲ ਰੁਕਣਗੀਆਂ ਖੂਨ ਦੀਆਂ ਨਦੀਆਂ

ਸਿੱਧੂ ਨੇ ਕਿਹਾ ਕਿ ਫੌਜ ਅਤੇ ਫੌਜੀ ਪਰਿਵਾਰਾਂ ਨਾਲ ਉਹ ਹਰ ਸਮੇਂ ਖੜ੍ਹੇ ਹਨ ਅਤੇ ਸਾਡੇ ਫੌਜੀ ਭਰਾਵਾਂ ਨੂੰ ਬਚਾਉਣ ਲਈ ਗੱਲਬਾਤ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਦੋਵੇਂ ਪਾਸਿਓਂ ਖੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਰੋਕਣ ਦੀ ਜ਼ਰੂਰਤ ਹੈ, ਇਸ ਲਈ ਗੱਲਬਾਤ ਕਰਦੇ ਹੋਏ ਆਪਣੇ ਫੌਜੀ ਭਰਾਵਾਂ ਨੂੰ ਉਹ ਬਚਾਉਣਾ ਚਾਹੁੰਦੇ ਹਨ। ਸਿੱਧੂ ਨੇ ਕਿਹਾ ਕਿ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀਆਂ ਸ਼ਹੀਦੀਆਂ ਨੂੰ ਰੋਕਣ ਲਈ ਸ਼ਾਂਤੀ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਖੂਨ ਦੀਆਂ ਨਦੀਆਂ ਵਹਿੰਦੀਆਂ ਰਹਿਣਗੀਆਂ।