ਜੇ ਕਿਤੇ ਆਹ ਹਾਲਾਤ ਦੀ ਭਿਣਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਹੁੰਦੀ ਤਾਂ ਸ਼ਇਦ…

Case, Shaheed, Sewa, Thakriwala

ਬਰਨਾਲਾ ਦੇ ਡੀਸੀ ਤਰਲੇ ਕੱਢਣ ਉਪਰੰਤ ਵੀ ਠੀਕਰੀਵਾਲ ਵਾਸੀਆਂ ਦੀ ਸਮੱਸਿਆ ਦਰੁਸਤ ਨਹੀਂ ਹੋ ਸਕੀ

ਬਰਨਾਲਾ (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਜੇਕਰ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲ਼ੇ ਪਰਜਾ ਮੰਡਲ ਦੇ ਮੋਹਰੀ ਸੇਵਾ ਸਿੰਘ ਠੀਕਰੀਵਾਲਾ ਨੂੰ ਇਸ ਗੱਲ ਦੀ ਭਿਣਕ ਹੁੰਦੀ ਕਿ ਇੱਕ ਦਿਨ ਲੋਕਤੰਤਰੀ ਮੁਲਕ ਚ ਉਸਦੇ ਆਪਣੇ ਗਰਾਈਆਂ ਨੂੰ ਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਈ ਉਸ ਸਰਕਾਰ ਤੇ ਪ੍ਰਸਾਸ਼ਨ ਖਿਲਾਫ ਧਰਨੇ ਲਾਉਣੇ ਪੈਣਗੇ ਜਿਨ੍ਹਾਂ ਨੂੰ ਰਾਜ ਭਾਗ ਦੇ ਯੋਗ ਬਣਾਉਣ ਲਈ ਰਜਵਾੜਾਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਕੇ ਸ਼ਹੀਦੀ ਦਾ ਜਾਮ ਪੀਤਾ ਤਾਂ ਸ਼ਇਦ ਪਰਜਾ ਮੰਡਲ ਦੇ ਮੋਹਰੀ ਸ਼ਹੀਦ ਸੇਵਾ ਸਿੰਘ ਵੀ ਸਿਸਟਮ ਦਾ ਪੁਰਜ਼ਾ ਬਣਨ ਨੂੰ ਹੀ ਪਹਿਲ ਦਿੰਦੇ।

ਸਿਤਮ ਦੀ ਗੱਲ ਹੀ ਕਹੀ ਜਾ ਸਕਦੀ ਹੈ ਕਿ ਬਰਨਾਲਾ ਦੇ ਡੀਸੀ ਤਰਲੇ ਕੱਢਣ ਉਪਰੰਤ ਵੀ ਠੀਕਰੀਵਾਲ ਵਾਸੀਆਂ ਦੀ ਸਮੱਸਿਆ ਦਰੁਸਤ ਨਹੀਂ ਹੋ ਸਕੀ। ਜਿਸ ਤੋਂ ਅੱਕੇ ਅੱਜ ਠੀਕਰੀਵਾਲਾ ਵਾਸੀਆਂ ਨੇ ਪਹਿਲਾਂ ਪਿੰਡ ਦੇ ਮੁੱਖ ਮਾਰਗ ਤੇ ਖੜੇ ਪਾਣੀ ‘ਚ ਝੋਨਾ ਲਗਾ ਕੇ ਪ੍ਰਸਾਸ਼ਨ ਨੂੰ ਪਾਣੀਓਂ ਪਾਣੀ ਕਰਨ ਦਾ ਯਤਨ ਕੀਤਾ। ਫਿਰ ਪ੍ਰਬੰਧਾਂ ਤੇ ਪ੍ਰਬੰਧਕਾਂ ਖਿਲਾਫ ਪੱਕਾ ਮੋਰਚਾ ਜੜ੍ਹ ਦਿੱਤਾ। ਹੁਣ ਪੀੜਤ ਲੋਕਾਂ ਨੇ ਮਿਥ ਲਿਆ ਕਿ ਉਹ ਸਰਕਾਰ/ਪ੍ਰਸਾਸ਼ਨ ਤੋਂ ਇਸ ਸਮੱਸਿਆ ਦਾ ਹੱਲ ਕਰਵਾ ਕੇ ਹੀ ਉਠਣਗੇ।