ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸਿੱਖਣ ਦੀ ਲੋੜ

Ideology, ShaheedBhagatSingh

ਨਾਮਪ੍ਰੀਤ ਸਿੰਘ ਗੋਗੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜਿਸਨੇ ਪਹਾੜ ਵਰਗੇ ਅੰਗਰੇਜ਼ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਭਾਰਤੀ ਕੌਮ ਵਿੱਚ ਅਜਿਹੀ ਲਹਿਰ ਪੈਦਾ ਕਰ ਦਿੱਤੀ ਸੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਜਿਸ ਦੀ ਬਦੌਲਤ ਸਾਡਾ ਵਤਨ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਮਹਾਨ ਯੋਧੇ, ਸੂਰਬੀਰਾਂ ਦੀ ਕੁਰਬਾਨੀ ਦੀ ਕਥਾ ਵੀ ਸਦਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ। ਭਾਰਤ ਦੇ ਮਹਾਨ ਯੋਧੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾਂ, ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਵਿਖੇ ਹੋਇਆ। ਖਟਕੜ ਕਲਾਂ ਜ਼ਿਲ੍ਹਾ ਜਲੰਧਰ ਇਨ੍ਹਾਂ ਦਾ ਜੱਦੀ ਪਿੰਡ ਸੀ। ਭਗਤ ਸਿੰਘ ਦੇ ਪਿਤਾ ਦਾ ਨਾਂਅ ਸਰਦਾਰ ਕਿਸ਼ਨ ਸਿੰਘ ਤੇ ਮਾਤਾ ਦਾ ਨਾਂਅ ਵਿਦਿਆਵੰਤੀ ਸੀ। ਪਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਸਿੱਧ ਆਗੂ ਸਰਦਾਰ ਅਜੀਤ ਸਿੰਘ ਤੇ ਸਰਦਾਰ ਸਵਰਨ ਸਿੰਘ ਜਲਾਵਤਨ ਦੋਵੇਂ ਭਗਤ ਸਿੰਘ ਦੇ ਚਾਚੇ ਸਨ। ਛੋਟੇ ਹੁੰਦਿਆਂ 14 ਅਪਰੈਲ 1919 ਦੇ ਦਿਨ ਜਲਿਆਂਵਾਲੇ ਬਾਗ ਦੀ ਘਟਨਾ ਨੇ ਭਗਤ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਅਸਰ ਪਾਇਆ। ਉਨ੍ਹੀਂ ਦਿਨੀਂ ਨਾਲ ਹੀ ਮਹਾਤਮਾ ਗਾਂਧੀ ਜੀ ਦੀ ਨਾ ਮਿਲਵਰਤਣ ਲਹਿਰ ਵੀ ਚੱਲ ਰਹੀ ਸੀ। ਜਿਸ ਦੀ ਬਦੌਲਤ ਭਗਤ ਸਿੰਘ ਸਾਡੇ ਦੇਸ਼ ਲਈ ਆਜ਼ਾਦੀ ਦਾ ਚੰਨ ਬਣ ਕੇ ਸਾਹਮਣੇ ਆਇਆ। ਭਗਤ ਸਿੰਘ ਜਿਉਂ ਹੀ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਾ ਗਿਆ, ਜੋ ਆਜ਼ਾਦੀ ਲਈ ਉਹਦੇ ਦਿਲ ਵਿੱਚ ਭਾਂਬੜ ਬਲ ਰਿਹਾ ਸੀ ਉਹ ਹੋਰ ਮਘਦਾ ਗਿਆ। ਆਪਣੇ ਸਾਥੀਆਂ ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਨਾਲ ਮਿਲ ਕੇ ਅੰਗਰੇਜ਼ਾਂ ਦੇ ਹੋ ਰਹੇ ਜ਼ੁਲਮ ਅੱਗੇ ਸ਼ਹੀਦ ਹੋਏ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਮੋਟਰਸਾਈਕਲ ‘ਤੇ ਜਾ ਰਹੇ ਅੰਗਰੇਜ਼ੀ ਹਕੂਮਤ ਦੇ ਅਫਸਰ ਸਾਂਡਰਸ ਨੂੰ ਮਾਰ ਕੇ ਲਿਆ। ਕੁਝ ਮਹੀਨਿਆਂ ਬਾਅਦ ਹੀ 8 ਅਪਰੈਲ 1928 ਨੂੰ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ, ਜਿਸ ਦੀ ਬਦੌਲਤ ਭਗਤ ਸਿੰਘ ਤੇ ਸ੍ਰੀ ਬੀ.ਕੇ ਦੱਤ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਭਗਤ ਸਿੰਘ ਜੋ ਕਿ ਆਜ਼ਾਦ ਭਾਰਤ ਦਾ ਚਮਕਦਾ ਕੋਹਿਨੂਰ ਹੈ, ਨੇ ਬੜੀ ਹੀ ਨਿੱਡਰਤਾ ਅਤੇ ਸ਼ੇਰਦਿਲੀ ਨਾਲ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ। ਸਰਦਾਰ ਭਗਤ ਸਿੰਘ ਅਕਸਰ ਗਾਇਆ ਕਰਦੇ ਸਨ,

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ

7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਹੋ ਗਈ, ਪਰ ਜ਼ਾਲਮ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਹੀ ਜਲਦੀ-ਜਲਦੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ। ਸ਼ਹੀਦਾਂ ਦੀਆਂ ਲੋਥਾਂ ਨੂੰ ਵੀ ਅੰਗਰੇਜ਼ ਸਰਕਾਰ ਨੇ ਡਰਦਿਆਂ ਹਨ੍ਹੇਰੇ ਵਿੱਚ ਹੀ ਜੇਲ੍ਹ ਦੇ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਰਾਹੀਂ ਫ਼ਿਰੋਜ਼ਪੁਰ ਲਿਜਾ ਕੇ ਲਾਸ਼ਾਂ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਅਤੇ ਅੱਧ ਸੜੀਆਂ ਲਾਸ਼ਾਂ ਸਤਲੁਜ ਦਰਿਆ ਵਿੱਚ ਰੋੜ੍ਹ ਦਿੱਤੀਆਂ। ਸਰਦਾਰ ਭਗਤ ਸਿੰਘ, ਜਿਸਨੇ ਕਿ ਸ਼ੇਖ ਚਿੱਲੀ ਵਾਂਗ ਗੱਲਾਂ ਨਹੀਂ ਸੀ ਕੀਤੀਆਂ ਸਗੋਂ ਦੇਸ਼ ਲਈ ਮਰ ਮਿਟ ਕੇ ਵਿਖਾ ਦਿੱਤਾ। ਸਿਰਫ ਇਸ ਕਰਕੇ ਕਿ ਸਾਡਾ ਮੁਲਕ ਆਜ਼ਾਦ ਹੋ ਜਾਵੇ ਤੇ ਮੁਲਕ ਦੇ ਲੋਕ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਆਜ਼ਾਦ ਹਵਾ ਵਿੱਚ ਸਾਹ ਲੈ ਸਕਣ। ਦੇਸ਼ ਦਾ ਬੱਚਾ, ਕੀ ਨੌਜਵਾਨ, ਕੀ ਬਜ਼ੁਰਗ ਵੀ ਆਜ਼ਾਦ ਰਹਿ ਕੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਸਕੇ। ਭਗਤ ਸਿੰਘ ਦੀ ਸੋਚ ਨੌਜਵਾਨ ਪੀੜ੍ਹੀ ਨੂੰ ਉੱਪਰ ਚੁੱਕਣਾ ਸੀ, ਪਰ ਅੱਜ ਇਸ ਆਜ਼ਾਦ ਦੇਸ਼ ਨੂੰ ਫਿਰ ਤੋਂ ਨਸ਼ਿਆਂ, ਬੇਈਮਾਨੀ, ਰਿਸ਼ਵਤਖੋਰੀ, ਠੱਗੀ, ਭਰੂਣ ਹੱਤਿਆ ਵਰਗੀਆਂ ਭੈੜੀਆਂ ਕੁਰੀਤੀਆਂ ਨੇ ਆਪਣੀ ਗੁਲਾਮੀ ਰੂਪੀ ਜ਼ੰਜੀਰਾਂ ਵਿੱਚ ਜਕੜ ਲਿਆ ਹੈ। ਭਗਤ ਸਿੰਘ ਨੇ ਇਨ੍ਹਾਂ ਭੈੜੀਆਂ ਕੁਰੀਤੀਆਂ ਖਿਲਾਫ ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ ਤੇ ਅੱਜ ਸਾਡੇ ਲੋਕ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਤੇ ਵਿਚਾਰਧਾਰਾ ਨੂੰ ਭੁੱਲਦੇ ਜਾ ਰਹੇ ਹਨ।

ਅੱਜ ਚਾਰੇ ਪਾਸੇ ਰਿਸ਼ਵਤਖੋਰੀ, ਬੇਈਮਾਨੀ, ਨਾ ਇਨਸਾਫ਼ੀ ਦਾ ਬੋਲਬਾਲਾ ਹੋਇਆ ਹੈ ਅੱਜ ਅਸੀਂ ਭਗਤ ਸਿੰਘ ਦੀ ਜਨਮ-ਸ਼ਤਾਬਦੀ ਮਨਾ ਰਹੇ ਹਾਂ ਪਰ ਕਈ ਆਜ਼ਾਦ ਭਾਰਤ ਦੇ ਨੌਜਵਾਨ ਅੱਜ ਦੇ ਦਿਨ ਵੀ ਨਸ਼ਿਆਂ ਵਿੱਚ ਚੂਰ ਹੋ ਕੇ ਆਪਣੇ-ਆਪ ਵਿੱਚ ਇੱਕ ਲਾਹਨਤ ਬਣੇ ਪਏ ਹਨ। ਜਨਮ ਸ਼ਤਾਬਦੀ ਤਾਂ ਹਰ ਕੋਈ ਮਨਾ ਲੈਂਦਾ ਏ, ਅਖਬਾਰਾਂ ਦੀਆਂ ਸੁਰਖੀਆਂ ਬਣਨ ਨੂੰ ਸਰਦਾਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਤਰ੍ਹਾਂ-ਤਰ੍ਹਾਂ ਦੇ ਨਾਟਕ ਕਰਵਾਏ ਹਨ ਪਰ ਕੀ ਕੋਈ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਚੱਲ ਰਿਹਾ ਹੈ? ਸ਼ਾਇਦ ਉੱਥੇ ਜਿਆਦਾਤਰ ਸਿਰ ਨੀਵੇਂ ਹੋ ਜਾਣਗੇ! ਅੱਜ ਸਾਡੇ ਕਾਫੀ ਲੋਕ ਵੋਟਾਂ ਦੇ ਦੌਰਾਨ ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕ ਜਾਂਦੇ ਹਨ ਤੇ ਜਦੋਂ ਕੰਮ ਨ੍ਹੀਂ ਹੁੰਦੇ, ਹੱਕ ਨ੍ਹੀਂ ਮਿਲਦਾ ਫਿਰ ਚੀਕਾਂ ਮਾਰਦੇ ਆ। ਪਰ ਸੱਚਾਈ ਇਹ ਹੈ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵਰਗੇ ਬਣਨਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ ਜਿਸਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ। ਭਗਤ ਸਿੰਘ ਪਹਿਲਾ ਬੁੱਧੀਮਾਨ ਸੀ ਜਿਸਨੇ ਦੁੱਖਾਂ ਤੇ ਸਮਾਜਿਕ ਮੁਸੀਬਤਾਂ ਦੀ ਧੁਰ ਡੂੰਘਾਈ ਤੱਕ ਪਈਆਂ ਉਲਝਣਾਂ ਦੀ ਪਹਿਚਾਣ ਕੀਤੀ। ਸ਼ਾਇਦ ਇਹ ਕੌੜੀ ਸੱਚਾਈ ਹੈ ਕਿ ਸਰਦਾਰ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹਣ ਨਾਲ, ਉਸ ਦੀ ਤਸਵੀਰ ‘ਤੇ ਹਾਰ ਪਾਉਣ ਨਾਲ ਜਾਂ ਉਸ ਦੀ ਸ਼ਹਾਦਤ ਉੱਪਰ ਕਵਿਤਾਵਾਂ ਪੜ੍ਹਨ ਜਾਂ ਭਗਤ ਸਿੰਘ ਵਾਂਗ ਮੁੱਛਾਂ ਰੱਖਣ ਨਾਲ ਕੋਈ ਭਗਤ ਸਿੰਘ ਨ੍ਹੀਂ ਬਣਨ ਲੱਗਾ। ਬਲਕਿ ਲੋੜ ਹੈ ਉਸ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਦੀ, ਅਪਣਾਉਣ ਦੀ, ਉਸ ਦੀ ਵਿਚਾਰਧਾਰਾ ਨੂੰ ਸਮਝਣ ਦੀ। ਸਰਦਾਰ ਭਗਤ ਸਿੰਘ ਵਰਗੇ ਸਿਰਲੱਥ ਸੂਰਮੇ ਦੀਆਂ ਕੁਰਬਾਨੀਆਂ ਦਾ ਹੀ ਫ਼ਲ ਹੈ ਕਿ ਅਸੀਂ ਇੱਕ ਆਜ਼ਾਦ ਕੌਮ ਕਹਾਉਂਦਿਆਂ ਦੇਸ਼ ਵਿੱਚ ਲੋਕਤੰਤਰੀ ਰਾਜ ਕਾਇਮ ਕੀਤਾ ਹੈ। ਪਰ ਅਫਸੋਸ ਕਿ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਤੋਂ ਹੁਣ ਤੱਕ ਉਸਦੇ ਹੀ ਆਜ਼ਾਦ ਕਰਵਾਏ ਭਾਰਤ ਦੇ ਅਖੌਤੀ ਲੀਡਰਾਂ ਵੱਲੋਂ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਿਆ। ਆਓ! ਆਪਾਂ ਸਭ ਮਿਲ ਕੇ ਰਿਸ਼ਵਤਖੋਰੀ, ਨਸ਼ਿਆਂ, ਬੇਈਮਾਨੀ ਭਰੂਣ ਹੱਤਿਆ ਵਰਗੀਆਂ ਭੈੜੀਆਂ ਕੁਰੀਤੀਆਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਈਏ। ਤਦ ਹੀ ਅਸੀਂ ਭਗਤ ਸਿੰਘ ਦੇ ਸੁਪਨਿਆਂ ਭਰੇ ਆਜ਼ਾਦ ਦੇਸ਼ ਦੇ ਵਾਸੀ ਅਖਵਾ ਸਕਦੇ ਹਾਂ।

ਆਈ.ਈ.ਵੀ ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਰਾਏਕੋਟ,
ਲੁਧਿਆਣਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।