ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤੇ ਖੁਲਾਸੇ
ਇਥੇ ਪੰਜਾਬ ਦਾ ਦਰਦ ਨਹੀਂ, ਸਗੋਂ ਸਾਰਾ ਪੰਗਾ ਐ ਐਲ.ਓ.ਪੀ. ਦਾ : ਭਗਵੰਤ ਮਾਨ
ਖਹਿਰਾ 2 ਮਹੀਨੇ ਦੀ ਐ ਐਵਰੇਜ, ਨਾਲ ਹੋ ਜਾਂਦਾ ਐ ਆਪਣੇ ਲੀਡਰਾਂ ਖਿਲਾਫ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਪੰਜਾਬ ਲਈ ਨਹੀਂ ਸਗੋਂ ਆਪਣੀ ਕੁਰਸੀ ਲਈ ਲੜਾਈ ਲੜ ਰਿਹਾ ਹੈ, ਕਿਉਂਕਿ ਉਸ ਨੂੰ ਸਿਰਫ਼ ਕੈਬਨਿਟ ਮੰਤਰੀ ਵਾਲੀ ਲਗਜ਼ਰੀ ਗੱਡੀ ਅਤੇ ਕੋਠੀ ਸਣੇ ਵੱਡਾ ਅਹੁਦਾ ਚਾਹੀਦਾ ਹੈ। ਜਦੋਂ ਤੱਕ ਖਹਿਰਾ ਨੂੰ ਹਟਾਇਆ ਨਹੀਂ ਗਿਆ ਸੀ, ਉਸ ਸਮੇਂ ਤਾਂ ਕੇਜਰੀਵਾਲ ਅਸੀਂ ਹਾਂ ਤੇਰੇ ਨਾਲ ਅਤੇ ਜਿਵੇਂ ਹੀ ਅਹੁਦੇ ਤੋਂ ਹਟਾ ਦਿੱਤਾ ਤਾਂ ਕਿਹੜਾ ਕੇਜਰੀਵਾਲ ਅਸੀਂ ਹਾਂ ਪੰਜਾਬ ਨਾਲ”। ਇਹ ਹਮਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ਿਲਾਫ਼ ਬਗਾਵਤ ਕਰਨ ਵਾਲੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਿਰਫ਼ ਕੁਰਸੀ ਦੇ ਹੀ ਭੁੱਖੇ ਹਨ ਅਤੇ ਇਨਾਂ ਦਾ ਪੰਜਾਬ ਦਾ ਨਾਲ ਕੋਈ ਪਿਆਰ ਨਹੀਂ ਹੈ, ਇਸ ਤਾਂ ਸਿਰਫ਼ ਕੁਰਸੀ ਲਈ ਹੀ ਆਏ ਸਨ ਅਤੇ ਕੁਰਸੀ ਖੋਹਣ ਪਿੱਛੇ ਭਜ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਕਿਹੜੀ ਗੈਰਤ ਵਾਲੀ ਗੱਲ ਕਰ ਰਿਹਾ ਹੈ, ਉਸ ਦਾ ਪੀ.ਏ. ਪਹਿਲਾਂ ਇੱਕ ਮਹਿਲਾ ਵਿਧਾਇਕ ਦੀ ਫੋਟੋ ਬਦਲ ਕੇ ਸੋਸ਼ਲ ਮੀਡੀਆ ‘ਤੇ ਪਾ ਦਿੰਦਾ ਹੈ ਅਤੇ ਫਿਰ ਉਸ ਪੀ.ਏ. ਤੋਂ ਮੁਆਫ਼ੀ ਮੰਗਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਤਾਂ ਸਿਰਫ਼ 2 ਮਹੀਨੇ ਦੀ ਹੀ ਐਵਰੇਜ ਹੈ ਅਤੇ ਉਹ 2 ਮਹੀਨਿਆਂ ਬਾਅਦ ਆਪਣੇ ਲੀਡਰਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ।
ਇਸੇ ਐਵਰੇਜ ਨੂੰ ਕਾਇਮ ਰੱਖਦੇ ਹੋਏ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਪੰਜਾਬ ਦੇ ਨਾਅ ‘ਤੇ ਪੰਜਾਬੀਆ ਨੂੰ ਬਲੈਕ-ਮੇਲ ਕਰਨ ਵਿੱਚ ਲਗੇ ਹੋਏ ਹਨ। ਇਥੇ ਪੰਜਾਬ ਦਾ ਨਹੀਂ ਸਗੋਂ ਸਿਰਫ਼ ਐਲ.ਓ.ਪੀ. ਦਾ ਪੰਗਾ ਹੈ ਅਤੇ ਇਨਾਂ ਦੇ ਦਿਲ ਵਿੱਚ ਕੋਈ ਵੀ ਪੰਜਾਬ ਦੇ ਭਲਾਈ ਵਾਲੀ ਭਾਵਨਾ ਨਹੀਂ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਸਿਰਫ਼ ਕੁਰਸੀ ਦੀ ਭੁੱਖ ਕਰਕੇ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ ਅਤੇ ਹੁਣ ਖਹਿਰਾ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਨਾਂ ਦੇ ਹਨ।
ਉਨਾਂ ਕਿਹਾ ਕਿ ਸੁਖਪਾਲ ਖਹਿਰੇ ਦੇ ਇਲਾਕੇ ਵਿੱਚ ਤਾਂ ਉਹ ਖ਼ੁਦ ਰੈਲੀਆਂ ਕਰਕੇ ਆਏ ਹਨ, ਜਦੋਂ ਕਿ ਖਹਿਰਾ ਆਪਣੇ ਹਲਕੇ ਤੋਂ ਬਾਹਰ ਤੱਕ ਨਹੀਂ ਨਿਕਲਿਆ, ਫਿਰ ਕਿਵੇਂ ਉਹ ਦਾਅਵਾ ਕਰ ਰਹੇ ਹਨ ਕਿ ਇਹ ਵਿਧਾਇਕ ਉਨਾਂ ਦੀ ਦੇਣ ਹਨ। ਉਨਾਂ ਕਿਹਾ ਕਿ ਹੁਣ ਵੀ ਵਿਧਾਇਕ ਨੂੰ ਬੇਨਤੀ ਕਰਦੇ ਹਨ ਕਿ ਉਹ ਵਾਪਸ ਆ ਜਾਣ, ਕਿਉਂਕਿ ਖਹਿਰਾ ਉਨ੍ਹਾਂ ਨੂੰ ਵੇਚ ਸਕਦਾ ਹੈ। ਉਨਾਂ ਕਿਹਾ ਕਿ ਬਠਿੰਡਾ ਵਿਖੇ ਜ਼ਿਆਦਾਤਰ ਭੀੜ ਅਕਾਲੀ ਦਲ ਅਤੇ ਬੈਂਸ ਭਰਾਵਾਂ ਵੱਲੋਂ ਭੇਜੀ ਹੋਈ ਸੀ। ਉਨਾਂ ਕਿਹਾ ਕਿ ਪੰਜਾਬੀਆ ਨੂੰ ਭਾਵੁਕ ਕਰਦੇ ਹੋਏ ਉਹ ਪਾਰਟੀ ਨੂੰ ਤੋੜ ਨਹੀਂ ਸਕਦੇ ਹਨ ਅਤੇ ਪੰਜਾਬ ਦੇ ਵਲੰਟੀਅਰ ਨਰਾਜ਼ ਹਨ ਤਾਂ ਉਹ ਖ਼ੁਦ ਵਲੰਟੀਅਰਾਂ ਨੂੰ ਮਨਾਉਣ ਲਈ ਜਾਣਗੇ।
ਕੰਵਰ ਸੰਧੂ ਚਾਹੁੰਦਾ ਸੀ ਖ਼ੁਦ ਲਈ ਕੁਰਸੀ
ਮਾਨ ਨੇ ਕਿਹਾ ਖਹਿਰਾ ਨੂੰ ਹਟਾਉਣ ਤੋਂ ਬਾਅਦ ਜਦੋਂ ਸਾਰੇ ਵਿਧਾਇਕ ਦਿੱਲੀ ਗਏ ਸਨ ਤਾਂ ਕੰਵਰ ਸੰਧੂ ਨੇ ਦਿੱਲੀ ਵਿਖੇ ਮਨੀਸ਼ ਸਿਸੋਦੀਆ ਨੂੰ ਕਿਹਾ ਸੀ ਕਿ ਉਹ ਉਨਾਂ (ਸੰਧੂ) ਨੂੰ ਵਿਰੋਧੀ ਧਿਰ ਦਾ ਲੀਡਰ ਬਣਾ ਦੇਣ, ਉਹ ਆਪਣੇ ਆਪ ਖਹਿਰਾ ਨੂੰ ਸੰਭਾਲ ਲੈਣਗੇ
ਬਠਿੰਡਾ ਵਿਖੇ ਚੱਲ ਰਹੀ ਸੀ ਮੁੰਡੇ ਦੀ ‘ਲਾਂਚਿੰਗ’
ਮਾਨ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਨੂੰ ਵਰਕਰਾਂ ਲਈ ਰੱਖਿਆ ਗਿਆ ਸੀ ਤਾਂ ਉੱਥੇ ਤਾਂ ਸਿਰਫ਼ ਇੱਕ ਵਰਕਰ ਹੀ ਸਟੇਜ ‘ਤੇ ਭਾਸ਼ਣ ਦਿੰਦਾ ਨਜ਼ਰ ਆਇਆ ਸੀ, ਉਹ ਖਹਿਰਾ ਦਾ ਆਪਣਾ ਮੁੰਡਾ ਸੀ। ਬਠਿੰਡਾ ਵਿਖੇ ਪੰਜਾਬੀਆਂ ਦੇ ਦੁੱਖ ਲਈ ਨਹੀਂ, ਸਗੋਂ ਖਹਿਰਾ ਦੇ ਮੁੰਡੇ ਦੀ ਲਾਂਚਿੰਗ ਚੱਲ ਰਹੀ ਸੀ ਤਾਂ ਕਿ ਉਸ ਤੋਂ ਬਾਅਦ ਖਹਿਰੇ ਦੇ ਮੁੰਡੇ ਨੂੰ ਲੀਡਰ ਬਣਾਇਆ ਜਾ ਸਕੇ।
ਜਿਹੜਾ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਿਆ, ਪੰਜਾਬ ਲਈ ਕੀ ਦੇਵੇਗਾ ਕੁਰਬਾਨੀ
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ ਤਾਂ ਉਹਨੂੰ ਕਿਹਾ ਗਿਆ ਸੀ ਕਿ ਅੱਧੀ ਸਰਕਾਰੀ ਕੋਠੀ ਵਿੱਚ ਪਾਰਟੀ ਦਾ ਦਫ਼ਤਰ ਬਣਾਇਆ ਜਾਵੇਗਾ, ਕਿਉਂਕਿ ਪਾਰਟੀ ਚੰਡੀਗੜ੍ਹ ਵਿਖੇ ਦਫ਼ਤਰ ਕਿਰਾਏ ‘ਤੇ ਲੈਣ ਲਈ ਜਿਆਦਾ ਖ਼ਰਚਾ ਨਹੀਂ ਕਰ ਸਕਦੀ ਹੈ ਅਤੇ ਪਹਿਲਾਂ ਤਾਂ ਖਹਿਰਾ ਨੇ ਹਾਮੀ ਭਰ ਦਿੱਤੀ ਪਰ ਬਾਅਦ ‘ਚ ਮੁੱਕਰ ਗਿਆ ਕਿ ਪਾਰਟੀ ਦਾ ਦਫ਼ਤਰ ਕਿਤੇ ਹੋਰ ਬਣਾ ਲਿਓ। ਮਾਨ ਨੇ ਕਿਹਾ ਕਿ ਜਿਹੜਾ ਸੁਖਪਾਲ ਖਹਿਰਾ ਸਰਕਾਰੀ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦਾ ਹੈ, ਉਹ ਪੰਜਾਬ ਲਈ ਕੁਰਬਾਨੀ ਕੀ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।