ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਸੈਂਕੜਾ ਨੌਜਵਾਨਾਂ ਵਿਦਿਆਰਥੀਆਂ ਦਾ ਜਥਾ ਜਲੰਧਰ ਰਵਾਨਾ

ਸਭ ਲਈ ਰੁਜ਼ਗਾਰ ਦੀ ਗਰੰਟੀ ਲਈ “ਬਨੇਗਾ” ਕਾਨੂੰਨ ਦੀ ਪ੍ਰਾਪਤੀ ਲਈ ਜਲੰਧਰ ਚ ਕਰਾਂਗੇ ਆਵਾਜ਼ ਬਲੰਦ:- ਢਾਬਾਂ, ਛੱਪੜੀਵਾਲਾ

ਜਲਾਲਾਬਾਦ ( ਰਜਨੀਸ਼ ਰਵੀ )ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਅੱਜ ਜਲੰਧਰ ਦੇਸ਼ ਭਗਤ ਯਾਦਗਰ ਹਾਲ ਚ ਭਗਤ ਸਿੰਘ ਦਾ 115 ਵਾਂ ਜਨਮ ਦਿਨ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਭਰ ਤੋਂ ਜਲੰਧਰ ਦੀ ਧਰਤੀ ਤੇ ਜਨਮ ਦਿਨ ਮਨਾਉਣ ਲਈ ਵਿਦਿਆਰਥੀ ਨੌਜਵਾਨ ਪਹੁੰਚ ਰਹੇ ਹਨ। ਅੱਜ ਸਥਾਨਕ ਬੱਸ ਸਟੈਂਡ ਤੋਂ ਸੈਂਕਡ਼ਿਆਂ ਦੀ ਗਿਣਤੀ ਚ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਕਾਫਲਾ ਜਲੰਧਰ ਲਈ ਰਵਾਨਾ ਹੋਇਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਸੂਬਾਈ ਮੀਤ ਸਕੱਤਰ ਹਰਭਜਨ ਛੱਪਡ਼ੀਵਾਲਾ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਲਾਗੂ ਕੀਤੇ ਬਗੈਰ ਮਨੁੱਖ ਸੁਖੀ ਨਹੀਂ ਹੋ ਸਕਦਾ ਕਿਉਂਕਿ ਪਰਮਗੁਣੀ ਭਗਤ ਸਿੰਘ ਨੇ ਜਿਹੜਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕੀਤਾ ਸੀ ਉਸ ਦਾ ਸਪਸ਼ਟ ਅਰਥ ਸੀ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਖ਼ਤਮ ਹੋਵੇ ਅਤੇ ਸਭ ਲਈ ਰੁਜ਼ਗਾਰ, ਇਲਾਜ ਅਤੇ ਵਿੱਦਿਆ ਦੀ ਗਾਰੰਟੀ ਹੋਵੇ।

ਇਸ ਮੌਕੇ ਏ.ਆਈ.ਐਸ.ਐਫ. ਜ਼ਿਲਾ ਪ੍ਰਧਾਨ ਰਮਨ ਧਰਮੂਵਾਲਾ,ਕੁਲਵਿੰਦਰ ਲ਼ੱਖੇ ਕੜਾਹੀਆਂ,ਸ਼ੁਬੇਗ ਝੰਗੜਭੈਣੀ,ਨਰਿੰਦਰ ਢਾਬਾਂ ਅਤੇ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਅੱਜ ਤਕ ਸ਼ਹੀਦਾਂ ਦੀ ਸੋਚ ਦਾ ਸਮਾਜ ਸਿਰਜਣ ਲਈ ਸੰਜੀਦਗੀ ਨਹੀਂ ਦਿਖਾਈ ਗਈ,ਸਗੋਂ ਸ਼ਹੀਦਾਂ ਦੀ ਸੋਚ ਦੇ ਉਲਟ ਲੋਕ ਵਿਰੋਧੀ ਕਾਨੂੰਨ ਪਾਸ ਕਰ ਕੇ ਲੋਕਾਂ ਨੂੰ ਆਰਥਿਕ ਤੰਗੀ ਵੱਲ ਧੱਕਿਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ “ਬਨੇਗਾ” ਦੀ ਪ੍ਰਾਪਤੀ ਲਈ ਜਲੰਧਰ ਦੀ ਧਰਤੀ ਤੋਂ ਦੇਸ਼ ਦੀ ਜੁਆਨੀ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ।

ਇਸ ਜਥੇ ਦੀ ਅਗਵਾਈ ਹੋਰਨਾਂ ਤੋਂ ਇਲਾਵਾ ਸਤੀਸ਼ ਛੱਪੜੀਵਾਲਾ,ਜਰਨੈਲ ਢਾਬਾਂ,ਸੰਦੀਪ ਜੋਧਾ,ਕ੍ਰਿਸ਼ਨ ਧਰਮੂਵਾਲਾ,ਡਾਕਟਰ ਸਰਬਜੀਤ ਬਨਵਾਲਾ,ਕਲਪਨਾ ਕਾਠਗੜ,ਮਨਪ੍ਰੀਤ ਕੱਟੀਆਂਵਾਲਾ,ਸ਼ਾਮਲਾਲ ਛੱਪੜੀਵਾਲਾ,ਅਕਾਸ਼ ਜਲਾਲਾਬਾਦੀ,ਸ਼ੁਸ਼ਮਾ ਗੋਲਡਨ,ਰਣਬੀਰ ਕੌਰ ਢਾਬਾਂ,ਅਲੀਸ਼ ਗੁਮਾਨੀਵਾਲਾ,ਰਾਜਪ੍ਰੀਤ ਕੱਟੀਆਂਵਾਲਾ,ਸੁਮਨ ਰਾਣੀ ਢਾਬਾਂ,ਕੰਵਲਜੀਤ,ਸੰਦੀਪ ਢਾਬਾਂ ਨੇ ਕੀਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ