ਹਰਿਆਣਾ ‘ਚ ਖਿਡਾਰੀਆਂ ਨੂੰ ਇਨਾਮ ਮਿਲੇ ਕਰੋੜਾਂ ਪਰ ਪੰਜਾਬ ‘ਚ ਥੋੜਾਂ

Hundreds, Crores Rupees, Reward, Players, Haryana, But Few Punjab

ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੂੰ ਖਿਡਾਰੀਆਂ ਤੋਂ ਤਗਮੇ ਤਾਂ ਚਾਹੀਦੇ ਨੇ ਪਰ ਖਿਡਾਰੀਆਂ ਲਈ ਕੋਈ ਠੋਸ ਨੀਤੀ ਨਹੀਂ ਹੈ। ਸਰਕਾਰ ਬਣਨ ਦੇ ਕਰੀਬ ਡੇਢ ਸਾਲ ਬਾਅਦ ਵੀ ਸਰਕਾਰ ਨੇ ਨਵੀਂ ਨੀਤੀ ਦਾ ਐਲਾਨ ਨਹੀਂ ਕੀਤਾ। ਗੁਆਂਢੀ ਸੂਬੇ ਹਰਿਆਣਾ ਦੇ ਖਿਡਾਰੀਆਂ ਨੂੰ ਖੇਡਣ ਜਾਣ ਤੋਂ ਪਹਿਲਾਂ ਹੀ ਇਲਮ ਹੁੰਦਾ ਹੈ ਕਿ ਉਨ੍ਹਾਂ ਨੂੰ ਤਗਮੇ ਜਿੱਤਣ ‘ਤੇ ਕਰੋੜਾਂ ਰੁਪਏ ਦੇ ਇਨਾਮ ਤੇ ਨੌਕਰੀ ਮਿਲੇਗੀ ਪਰ ਪੰਜਾਬ ਸਰਕਾਰ ਤਰਫੋਂ ਹਰਿਆਣਾ ਦੇ ਮੁਕਾਬਲੇ ਕਈ ਗੁਣਾ ਘੱਟ ਇਨਾਮ ਦਿੱਤਾ ਜਾਂਦਾ ਹੈ।ਘੱਟ ਇਨਾਮੀ ਰਾਸ਼ੀ ਅਤੇ ਨੌਕਰੀਆਂ ਦੀ ਘਾਟ ਕਾਰਨ ਵੱਡੀ ਗਿਣਤੀ ਪੰਜਾਬੀ ਖਿਡਾਰੀ ਪੰਜਾਬ ਨੂੰ ਛੱਡਕੇ ਬਾਹਰੀ ਸੂਬਿਆਂ ਦੀ ਪ੍ਰਤੀਨਿਧਤਾ ਕਰਨ ਲੱਗੇ ਹਨ।

ਵੇਰਵਿਆਂ ਮੁਤਾਬਿਕ ਸੱਤਾ ਬਦਲਣ ‘ਤੇ ਕਾਂਗਰਸ ਨੇ ਅਕਾਲੀਆਂ ਨਾਲੋਂ ਬਿਹਤਰ ਖੇਡ ਨੀਤੀ ਬਣਾ ਕੇ ਖੇਡ ਪੱਧਰ ਨੂੰ ਉੱਚਾ ਚੁੱਕਣ ਦਾ ਦਾਅਵਾ ਕੀਤਾ, ਜਿਸ ਲਈ ਲੰਬੇ ਅਰਸੇ ਮਗਰੋਂ ਪੰਜਾਬ ਨੂੰ ਖੇਡ ਮੰਤਰੀ ਵੀ ਮਿਲਿਆ। ਇਨ੍ਹਾਂ ਦਾਅਵਿਆਂ ਦੇ ਬਾਵਜ਼ੂਦ ਪੰਜਾਬ ਸਰਕਾਰ ਨੇ ਹਾਲੇ ਤੱਕ ਖੇਡ ਨੀਤੀ ਨਹੀਂ ਬਣਾਈ। ਖੇਡ ਖੇਤਰ ਨਾਲ ਜੁੜੇ ਮਾਹਿਰਾਂ ਦਾ ਤਰਕ ਹੈ ਕਿ ਖਿਡਾਰੀਆਂ ਲਈ ਹੌਂਸਲਾ ਅਫਜ਼ਾਈ ਕਾਫੀ ਮਹੱਤਵਪੂਰਨ ਹੁੰਦੀ ਹੈ ਪਰ ਇਸ ‘ਚ ਵੀ ਪੰਜਾਬ ਪਛੜ ਰਿਹਾ ਹੈ।

ਇਹ ਵੀ ਪੜ੍ਹੋ : ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ, ਮਨੀਪੁਰ ਕਾਂਡ

ਇਨ੍ਹੀਂ ਦਿਨੀਂ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚੋਂ ਜਦੋਂ ਹਰਿਆਣਾ ਦੇ ਖਿਡਾਰੀਆਂ ਨੇ ਤਗਮੇ ਜਿੱਤਣੇ ਸ਼ੁਰੂ ਕੀਤੇ ਤਾਂ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਇਨਾਮੀ ਰਾਸ਼ੀ ਦਾ ਵੀ ਜ਼ਿਕਰ ਕੀਤਾ ਹੈ।  ਇਸਦੇ ਮੁਕਾਬਲੇ ਪੰਜਾਬ ਨਾਲ ਸਬੰਧਿਤ ਜਿਹੜੇ ਖਿਡਾਰੀਆਂ ਨੇ ਤਗਮੇ ਜਿੱਤੇ ਹਨ, ਉਨ੍ਹਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵਧਾਈ ਤਾਂ ਜ਼ਰੂਰ ਦਿੱਤੀ ਹੈ ਪਰ ਇਨਾਮੀ ਰਾਸ਼ੀ ਦਾ ਕੋਈ ਜਿਕਰ ਨਹੀਂ। (Players)

ਸੂਤਰ ਤਾਂ ਇੱਥੋਂ ਤੱਕ ਦੱਸਦੇ ਹਨ ਕਿ ਜਿਹੜੇ ਪੰਜਾਬ ਨਾਲ ਸਬੰਧਿਤ ਖਿਡਾਰੀਆਂ ਨੇ ਤਗਮੇ ਜਿੱਤੇ ਹਨ ਉਹ ਪੰਜਾਬ ਤੋਂ ਬਾਹਰ ਵਿਭਾਗਾਂ ‘ਚ ਨੌਕਰੀ ਕਰਦੇ ਹਨ, ਇਸ ਲਈ ਸਰਕਾਰ ਉਨ੍ਹਾਂ ਨੂੰ ਇਨਾਮੀ ਰਾਸ਼ੀ ਦੇਣ ਤੋਂ ਹੱਥ ਘੁੱਟ ਸਕਦੀ ਹੈ। ਖੇਡ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਤਰਕ ਦਿੰਦਿਆਂ ਆਖਿਆ ਹੈ ਕਿ ਦੇਸ਼ ਦੀ ਝੋਲੀ ‘ਚ ਜਿਹੜੇ ਪੰਜਾਬੀ ਖਿਡਾਰੀਆਂ ਨੇ ਤਗਮੇ ਪਾਏ ਹਨ ਉਨ੍ਹਾਂ ਦਾ ਵੀ ਇਨਾਮੀ ਰਾਸ਼ੀ ‘ਤੇ ਪੂਰਾ ਹੱਕ ਬਣਦਾ ਹੈ ਕਿਉਂਕਿ ਉਹ ਜੰਮਪਲ ਤਾਂ ਪੰਜਾਬ ਦੇ ਹੀ ਹਨ। ਉਂਜ ਇਸ ਅਧਿਕਾਰੀ ਨੇ ਇਹ ਵੀ ਆਖਿਆ ਹੈ ਕਿ ਬਾਕੀ ਕਾਰਵਾਈ ਵਿਭਾਗ ਨੇ ਖੇਡ ਨੀਤੀ ਅਨੁਸਾਰ ਹੀ ਕਰਨੀ ਹੈ।

ਹਰਿਆਣਾ ‘ਚ ਸੋਨ ਤਗਮੇ ਲਈ 3 ਕਰੋੜ, ਪੰਜਾਬ ‘ਚ ਸਿਰਫ 26 ਲੱਖ

ਏਸ਼ੀਆਈ ਖੇਡਾਂ ‘ਚੋਂ ਹਰਿਆਣਾ ਦੇ ਸੋਨ ਤਗਮਾ ਜੇਤੂ ਖਿਡਾਰੀਆਂ ਨੂੰ 3 ਕਰੋੜ, ਚਾਂਦੀ ਦਾ ਤਗਮਾ ਜੇਤੂਆਂ ਨੂੰ 1.5 ਕਰੋੜ ਅਤੇ ਕਾਂਸੇ ਦਾ ਤਗਮਾ ਜੇਤੂਆਂ ਨੂੰ 75 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਦੀ ਖੇਡ ਨੀਤੀ ਅਨੁਸਾਰ ਸੋਨ ਤਗਮਾ ਜੇਤੂ ਨੂੰ 26 ਲੱਖ, ਚਾਂਦੀ ਤਗਮਾ ਜੇਤੂ ਨੂੰ 16 ਲੱਖ ਅਤੇ ਕਾਂਸੀ ਦੇ ਤਗਮਾ ਜੇਤੂਆਂ ਨੂੰ ਸਿਰਫ 11 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਛੇਤੀ ਹੀ ਜਾਰੀ ਹੋਵੇਗੀ ਖੇਡ ਨੀਤੀ : ਡਾਇਰੈਕਟਰ | Players

ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਅੰਮ੍ਰਿਤ ਕੌਰ ਗਿੱਲ ਦਾ ਕਹਿਣਾ ਹੈ ਕਿ ਖੇਡ ਨੀਤੀ ਪੂਰੀ ਤਰ੍ਹਾਂ ਤਿਆਰ ਹੈ। ਖੇਡ ਮੰਤਰੀ ਏਸ਼ੀਆਈ ਖੇਡਾਂ ਲਈ ਇੰਡੋਨੇਸ਼ੀਆ ਗਏ ਹੋਏ ਹਨ ਅਤੇ ਉਨ੍ਹਾਂ ਦੇ ਆਉਣ ‘ਤੇ ਰਹਿੰਦੀ ਕਾਰਵਾਈ ਪੂਰੀ ਕਰਕੇ ਛੇਤੀ ਹੀ ਖੇਡ ਨੀਤੀ ਜਾਰੀ ਕਰ ਦਿੱਤੀ ਜਾਵੇਗੀ। (Players)

LEAVE A REPLY

Please enter your comment!
Please enter your name here