ਦੁਸ਼ਮਣ ਕਿਵੇਂ ਬਣਾਈਏ !

ਦੁਸ਼ਮਣ ਕਿਵੇਂ ਬਣਾਈਏ !

ਅੱਜ ਦੇ ਯੁੱਗ ਚ ਦੁਸ਼ਮਣ ਬਣਾਉਣ ਲਈ ਤੁਹਾਨੂੰ ਕਿਸੇ ਦਾ ਬੁਰਾ ਕਰਨ ਦੀ ਜਰੂਰਤ ਨਹੀਂ ਏ, ਸਗੋਂ ਤੁਸੀਂ ਕਈ ਆਸਾਨ ਤਰੀਕਿਆਂ ਨਾਲ, ਆਪਣੇ ਬਹੁਤ ਖਾਸ ਤੇ ਨਜ਼ਦੀਕੀ, ਮਿੱਤਰਾਂ-ਰਿਸ਼ਤੇਦਾਰਾਂ ਨੂੰ ਵਧੀਆ ਦੁਸ਼ਮਣਾਂ ਚ ਤਬਦੀਲ ਕਰਨ ਚ ਕਾਮਯਾਬ ਹੋ ਸਕਦੇ ਹੋ।
ਸਭ ਤੋਂ ਪਹਿਲਾ ਤੇ ਆਸਾਨ ਤਰੀਕਾ, ਪੈਸੇ ਉਧਾਰੇ ਦੇ ਦਿਓ। ਜਿਸ ਸਮੇਂ, ਤੁਸੀਂ ਆਪਣੇ ਨਜ਼ਦੀਕੀ ਮਿੱਤਰ-ਰਿਸ਼ਤੇਦਾਰ ਨੂੰ ਪੈਸੇ ਉਧਾਰ ਦਿੰਦੇ ਹੋ, ਉਸ ਸਮੇਂ ਅਗਲੇ ਨੂੰ ਲਗਦਾ ਏ ਕਿ ਬਲਕਾਰ ਸਿੱਧੂ ਦੇ ‘ਖੰਡ ਮਿਸ਼ਰੀ‘ ਗਾਣੇ ਦੀ ਰਚਨਾ, ਤੁਹਾਨੂੰ ਧਿਆਨ ਚ ਰੱਖਦਿਆਂ ਈ ਕੀਤੀ ਗਈ ਏ। ਪਰ ਜਦੋਂ ਤੁਸੀਂ ਆਪਣੇ ਹੀ ਪੈਸੇ ਮੰਗਤੇ ਬਣ ਕੇ ਵਾਪਸ ਮੰਗਦੇ ਓ ਤਾਂ ਅਗਲਾ ਜੱਜ ਬਣ ਕੇ ਤਰੀਕ ਤੇ ਤਰੀਕ ਠੋਕੀ ਆਉਂਦਾ ਏ, ਹੁਣ ਤੁਸੀਂ ਉਸ ਮਿੱਤਰ-ਰਿਸ਼ਤੇਦਾਰ ਲਈ ਮਿਠਾਸ ਖੋ ਚੁੱਕੇ ਹੁੰਦੇ ਓ, ਤੇ ਅੱਜਕੱਲ੍ਹ ਨਵੀਂ ਚੱਲ ਰਹੀਆਂ ਟੋਫੀਆਂ ਵਾਂਗ ਜਦੋਂ ਉਹ ਤੁਹਾਨੂੰ ਟਿਕਾ ਕੇ ਚੂਸ ਜਾਂਦਾ ਏ ਤਾਂ ਉਸਨੂੰ ਅੰਦਰੋ ਇਕਦਮ ਨਮਕੀਨ ਜਾਪਣ ਲੱਗ ਜਾਂਦੇ ਓ।

ਉਹ ਤੁਹਾਡੇ ਪੈਸੇ ਤਾਂ ਨਹੀਂ ਮੋੜਦਾ ਪਰ ਤੁਹਾਡੀਆਂ ਚੁਗਲੀਆਂ ਤੇ ਭੰਡੀ ਪ੍ਰਚਾਰ ਸ਼ੁਰੂ ਕਰ, ਤੁਹਾਡੇ ਆਲੋਚਕਾਂ ਨਾਲ ਨੇੜਤਾ ਵਧਾ ਕੇ, ਤੁਹਾਡੇ ਦਿੱਤੇ ਪੈਸੇ ਦਾ ਅਹਿਸਾਨ ਮੋੜਨ ਦੀ ਸ਼ੁਰੂਆਤ ਕਰ ਦਿੰਦਾ ਏ। ਅਖੀਰ ਤਰੀਕ ਲੈਂਦੇ-ਲੈਂਦੇ ਅੱਕ ਕੇ, ਕੁਝ ਸਮੇਂ ਬਾਅਦ, ਜਦੋਂ ਤੁਸੀਂ ਸਾਫ ਸ਼ਬਦਾਂ ਚ ਆਪਣੇ ਪੈਸੇ ਮੰਗਦੇ ਹੋ ਤਾਂ ਆਖਰੀ ਜਵਾਬ, ਜਦੋਂ ਹੋਏ ਦੇ ਦਿਆਂਗੇ ਪਿੰਡ ਨਹੀਂ ਛੱਡਦੇ, ਰੋਜ਼-ਰੋਜ਼ ਨਾ ਤੰਗ ਕਰਿਆ ਕਰ ਅਸਲ ’ਚ ਹੁਣ ਦੁਸ਼ਮਣ ਬਣਾਉਣ ਚ ਤੁਸੀਂ ਕਾਮਯਾਬ ਹੋ ਚੁੱਕੇ ਹੁੰਦੇ ਹੋ, ਤੁਹਾਡੇ ਪੈਸੇ ਤਾਂ ਨਹੀਂ ਆਉਂਦੇ ਪਰ ਤੁਹਾਡਾ ਉਹੀ ਮਿੱਤਰ-ਰਿਸ਼ਤੇਦਾਰ, ਤੁਹਾਨੂੰ ਦੇਖ ਕੇ ਦੂਰੀ ਬਣਾਉਂਦਾ ਇੰਝ ਪਾਸਿਓਂ ਨਿਕਲਦਾ ਏ, ਜਿਵੇਂ ਤੁਹਾਡੀ ਕੋਰੋਨਾ ਪਾਜਿਟਿਵ ਦੀ ਰਿਪੋਰਟ ਸਰਵਜਨਕ ਹੋ ਗਈ ਹੋਵੇ।

ਸਾਡਾ ਇਕ ਬੇਹੱਦ ਨਜ਼ਦੀਕੀ ਰਿਸ਼ਤੇਦਾਰ ਏ, ਅਸੀਂ ਉਸ ਵੱਲੋਂ ਕਿਸੇ ਖਿਲਾਫ, ਉਗਲੇ ਜਾਂਦੇ ਜ਼ਹਿਰ ਰਾਹੀਂ ਈ ਅੰਦਾਜਾ ਲਾ ਲੈਂਦੇ ਆਂ ਕਿ ਹੁਣ ਇਹ ਫਲਾਣੇ ਨੂੰ ਵੀ ਰਗੜ ਚੁੱਕਾ ਏ। ਆਪਣੇ ਖਾਸ ਮਿੱਤਰਾਂ-ਰਿਸ਼ਤੇਦਾਰਾਂ ਦੀ ਜਾਂ ਕਿਸੇ ਵੀ ਦੋ ਧਿਰਾਂ ਦੀ ਆਪਸੀ ਲੜਾਈ-ਵਿਵਾਦ ਨਿਪਟਾਉਣ ਲਈ, ਕਈ ਵਾਰ ਤੁਹਾਨੂੰ ਸੱਦਿਆ ਜਾਂਦਾ ਏ, ਤੁਹਾਨੂੰ ਵਹਿਮ ਹੋ ਜਾਂਦਾ ਏ ਕਿ ਤੁਸੀਂ ਤਾਂ ਬਹੁਤ ਸੂਝਵਾਨ ਓ, ਪਰ ਜੇਕਰ ਤੁਸੀਂ ਚੱਲਦੇ ਰੌਲੇ ਵਿੱਚ ਸੱਚ ਨੂੰ ਸੱਚ ਕਹਿੰਦਿਆ ਆਪਣਾ ਸਹੀ ਫੈਸਲਾ ਸੁਣਾ ਦਿੰਦੇ ਓ ਤਾਂ ਤੁਸੀਂ ਫੇਰ ਆਪਣਾ ਵਿਰੋਧੀ ਪੈਦਾ ਕਰਨ ਚ ਸਫਲ ਹੋ ਗਏ ਓ।

ਉਹ ਦੋਵੇਂ ਧਿਰਾਂ ਤਾਂ ਕੁੱਝ ਚਿਰ ਬਾਅਦ, ਆਪਸ ਚ ਫੇਰ ਇਕ ਹੋ ਜਾਣਗੀਆਂ ਪਰ ਤੁਸੀਂ ਆਪਣੇ ਲਈ ਸਥਾਈ ਦੂਰੀ ਨਿਸ਼ਚਿਤ ਕਰ ਆਉਂਦੇ ਓ। ਅੱਜ ਦਾ ਕੌੜਾ ਸੱਚ ਏ ਕਿ ਲੋਕ ਤੁਹਾਡੇ ਤੋਂ ਸਲਾਹ ਨਹੀਂ, ਸ਼ਲਾਘਾ ਲੈਣਾ ਪਸੰਦ ਕਰਦੇ ਨੇਂ। ਮੈਂ ਆਹ ਨਵੀਂ ਸ਼ਰਟ ਲਈ ਏ, ਕਿਵੇਂ ਲੱਗਦੀ ਏ, ਅਸਲ ਚ ਇਸ ਤਰਾਂ ਦੇ ਸਵਾਲ, ਕਦੇ ਵੀ ਨਾਂ ਤਾਂ ਪ੍ਰਸ਼ਨ ਹੁੰਦੇ ਨੇ ਤੇ ਨਾਂ ਹੀ ਤੁਹਾਡੀ ਰਾਇ ਜਾਣਨ ਦੀ ਕੋਸ਼ਿਸ਼, ਬਸ ਜਵਾਬ ਚਾਹੀਦਾ ਏ,‘‘ਵਾਹ! ਬਹੁਤ ਖੂਬ’’।

ਮੇਰੇ ਇਕ ਖਾਸ ਮਿੱਤਰ ਨੇਂ ਆਪਣੀ ਰਿਸ਼ਤੇਦਾਰੀ ’ਚੋਂ ਈ ਇਕ ਕੁੜੀ ਦਾ ਬਹੁਤ ਵਧੀਆ ਰਿਸ਼ਤਾ, ਆਪਣੇ ਸਾਲੇ ਸਰਕਾਰੀ ਮਾਸਟਰ, ਨਾਲ ਕਰਵਾ ਦਿੱਤਾ। ਵਿਆਹ ਤੱਕ ਤਾਂ ਕੁੜੀ ਵਾਲਿਆਂ ਵੱਲੋਂ, ਵਿਚੋਲਾ ਸਾਬ੍ਹ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਾਂਦੇ ਰਹੇ ਤੇ ਵਿਚੋਲਾ ਸਾਬ੍ਹ ਵੀ ਪੂਰੀ ਫੀਲਿੰਗ ਲੈਂਦੇ ਰਹੇ ਪਰ ਉੱਤਰਆਧੁਨਿਕ ਵਿਚਾਰਾਂ ਦੀ, ਕੋਈ ਕੰਮ ਨਾਂ ਜਾਣਦੀ, 12ਵੀਂ ’ਚ ਕਪਾਰਟਮੈਂਟ ਪ੍ਰਾਪਤ, ਵੱਖਰੇ ਸੁਭਾਅ ਦੀ ਕੁੜੀ ਵੱਡੇ-ਸਾਂਝੇ ਪਰਿਵਾਰ ਚ ਸੈੱਟ ਨ੍ਹੀਂ ਹੋ ਸਕੀ, ਤੇ ਅੱਜ ਓਹੀ ਵਿਚੋਲਾ ਸਾਬ੍ਹ ਆਪਣੇ ਸਹੁਰਿਆਂ ਤੋਂ ਸ਼ਰਮਸਾਰ ਹੋ, ਉਹਨਾਂ ਦੇ ਨਾਲ ਈ , ਕੁੜੀ ਆਲਿਆਂ ਵੱਲੋਂ ਕੀਤੇ, ਦਾਜ ਤੇ ਘਰੇਲੂ ਹਿੰਸਾ ਦੇ ਝੂਠੇ ਕੇਸ ’ਚ, ਪਤਨੀ ਸਮੇਤ ਹਰ ਮਹੀਨੇ ਕਚਹਿਰੀ ’ਚ ਤਰੀਕਾਂ ਭੁਗਤ ਰਹੇ ਨੇਂ ਤੇ ਨਾਲ ਈ ਹਰੇਕ ਤਰੀਕ ਤੇ ਕੁੜੀ ਆਲਿਆਂ ਵੱਲੋਂ ਗੰਦੀਆਂ ਗਾਲ੍ਹਾਂ ਦਾ ਪ੍ਰਸ਼ਾਦ ਮੁਫਤ ਪ੍ਰਾਪਤ ਕਰਦੇ ਨੇਂ।

ਤੁਸੀਂ ਕਿਸੇ ਸਰਕਾਰੀ, ਸੰਵਿਧਾਨਕ ਜਾਂ ਰਾਜਨੀਤਕ ਅਹੁਦੇ ਤੇ ਰਹਿੰਦਿਆਂ, ਆਪਣੇ ਕਿਸੇ ਖਾਸ ਦੇ 99 ਕੰਮ ਕਰਵਾ ਦਿਓ ਪਰ ਤੁਸੀਂ ਉਸੇ ਖਾਸਮਖਾਸ ਦਾ ਕੋਈ ਇਕ-ਅੱਧਾ ਗੈਰਜਰੂਰੀ ਜਾਂ ਗੈਰਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰ ਕੇ ਦੇਖੋ, ਤੁਹਾਡਾ ਨਵਾਂ ਵੈਰੀ ਤਿਆਰ ਏ। ਬਾਕੀ ਤੁਸੀਂ ਆਪਣੀ ਕੋਈ ਵੀ ਡਿਊਟੀ ਨੈਤਿਕਤਾ ਨਾਲ ਨਿਭਾ ਕੇ ਦੇਖੋ, ਤੁਸੀਂ ਕਾਲਾਬਾਜ਼ਾਰੀ-ਭਿ੍ਰਸ਼ਟਾਚਾਰ ਦੇ ਅਸਲ ਜਨਕਾਂ ਦੇ ਅਸਲ ਚਿਹਰੇ ਨੰਗੇ ਕਰਕੇ ਤਾਂ ਦੇਖੋ, ਤੁਸੀਂ ਚੋਰ ਨੂੰ ਚੋਰ ਕਹਿ ਕੇ ਤਾਂ ਦੇਖੋ, ਤੁਸੀਂ ਕਿਸੇ ਨੂੰ ਵੀ ਉਸਦੀ ਗਲਤੀ ਦੱਸ ਕੇ ਤਾਂ ਦੇਖੋ, ਤੁਸੀਂ ਅਖੌਤੀ ਸਾਧਾਂ, ਲੀਡਰਾਂ, ਸਮਾਜਸੇਵਕਾਂ ਦੇ ਪਾਖੰਡ ਦਾ ਭਾਂਡਾ ਭੰਨ ਕੇ ਤਾਂ ਦੇਖੋ, ਤੁਹਾਨੂੰ ਦੁਸ਼ਮਣ ਥੋਕ ’ਚ ਮਿਲਣਗੇ।

ਇਸ ਸਭ ਤੋਂ ਇਲਾਵਾ ਜੇਕਰ ਤੁਸੀਂ ਵਿਲੱਖਣ ਸ਼ਖਸੀਅਤ ਦੇ ਮਾਲਕ ਓ ਤੇ ਕਿਸੇ ਵੀ ਖੇਤਰ ਵਿੱਚ, ਬਹੁਤ ਖਾਸ ਥਾਂ ਰੱਖਦੇ ਓ ਤਾਂ ਤੁਹਾਨੂੰ ਪ੍ਰਸਿੱਧੀ ਮਿਲਣੀ ਤੈਅ ਏ, ਪਰ ਨਾਲ ਈ ਤੁਹਾਨੂੰ ਮੁਫਤ ਵਿੱਚ ਬਹੁਤ ਸਾਰੇ ਵੈਰੀ ਵੀ ਮਿਲ ਜਾਣਗੇ, ਜਿੰਨ੍ਹਾਂ ’ਚੋਂ ਜ਼ਿਆਦਾਤਰ, ਦੂਰ ਦੇ ਨਹੀਂ, ਤੁਹਾਡੇ ਨਜ਼ਦੀਕੀ ਹੀ ਹੋਣਗੇ।

ਮੇਰੀ ਇਸ ਲਿਖਤ ਦਾ ਆਹ ਮਤਲਬ ਨਹੀਂ ਹੈ ਕਿ ਆਪਾਂ ਨੂੰ ਆਪਣੇ ਕਿਸੇ ਸਾਥੀ ਦੀ ਔਖੇ ਸਮੇਂ ਆਰਥਿਕ ਜਾਂ ਸਮਾਜਿਕ ਮਦਦ ਨਹੀਂ ਕਰਨੀ ਚਾਹੀਦੀ, ਹਰ ਹਾਲਤ ਚ ਆਪਾਂ ਨੂੰ ਆਪਣੇ ਮਿਤਰਾਂ-ਰਿਸ਼ਤੇਦਾਰਾਂ ਦਾ ਸਾਥ ਦੇਣਾ ਚਾਹੀਦਾ ਏ ਪਰ ਜੇਕਰ ਔਖੇ ਹਾਲਾਤਾਂ ’ਚ ਕਿਸੇ ਸੱਜਣ ਨੇਂ ਸਾਡਾ ਸਾਥ ਦਿੱਤਾ ਏ, ਤਾਂ ਆਪਾਂ ਨੂੰ ਉਸਦੀ ਕੀਤੀ,

ਆਰਥਿਕ ਮਦਦ ਤਾਂ ਘੱਟੋ-ਘੱਟ ਜਰੂਰ ਈ ਚੁਕਾਉਣੀ ਚਾਹੀਦੀ ਏ, ਨਾਂ ਕਿ ਬੇਸ਼ਰਮੀ ਨਾਲ ਅਗਲੇ ਦੀ ਆਰਥਿਕਤਾ ਬਾਰੇ ਸੋਚਦਿਆਂ, ਉਸ ਦੇ ਵੈਰੀ ਬਣ ਜਾਈਏ । ਜੇ ਕਿਸੇ ਦੇ ਸਾਡੇ ’ਤੇ ਕੀਤੇ ਅਹਿਸਾਨ ਲਈ ਉਸਦੀ ਸ਼ਲਾਘਾ ਕਰਨ ਦੀ ਸਾਡੀ ਔਕਾਤ ਨਹੀਂ ਏ, ਤਾਂ ਆਪਾਂ ਇੰਨੀ ਕਿਰਪਾ ਜਰੂਰ ਕਰੀਏ ਕਿ ਭੰਡੀ ਪ੍ਰਚਾਰ ਰਾਹੀਂ, ਉਸ ਦੀ ਬਦਨਾਮੀ ਕਰਦਿਆਂ ਅਕਰਿਤਘਣ ਨਾਂ ਬਣੀਏ, ਤਾਂ ਹੀ ਸਮਾਜ ਵਿੱਚ ਵੀ ਸਹਿਯੋਗ ਦੀ ਭਾਵਨਾ ਕਾਇਮ ਰਹਿ ਸਕੇਗੀ। ਤੁਹਾਡੇ ਕਿਸੇ ਵੀ ਸੱਜਣ-ਮਿੱਤਰ ਨੂੰ ਤੁਹਾਡੇ ਨਾਲ ਕੀਤੀ ਦੋਸਤੀ ਜਾਂ ਵਿਸ਼ਵਾਸ ਤੇ ਮਾਣ ਤਾਂ ਭਾਵੇਂ ਨਾਂ ਹੋਵੇ ਪਰ ਪਛਤਾਵਾ ਕਦੇ ਵੀ ਨਾਂ ਹੋਵੇ।
ਹਿੰਦੀ ਅਧਿਆਪਕ
ਪਿੰਡ ਖੂਈ ਖੇੜਾ, ਫਾਜ਼ਿਲਕਾ
98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ