ਕਿਵੇਂ ਕਰਦੇ ਹਨ ਹੈਕਰ ਬੈਂਕ ਅਕਾਊਂਟ ਹੈਕ ਫਰਜ਼ੀ ਕਾਲ ਦੇ ਜ਼ਰੀਏ

Hackers, BankAccount Hack, FakeCall

ਰੇਣੂਕਾ

ਅੱਜ ਦੇ ਤਕਨੀਕੀ ਯੁੱਗ ਨੇ ਏਨੀ ਤਰੱਕੀ ਕਰ ਲਈ ਹੈ ਜੋ ਕਹਿਣ-ਸੁਣਨ ਤੋਂ ਪਰੇ ਹੈ ਇਸ ਡਿਜ਼ੀਟਲ ਜ਼ਮਾਨੇ ਵਿਚ ਹਰ ਇਨਸਾਨ ਆਪਣੀ ਮਿਹਨਤ ਦੀ ਕਮਾਈ ਬੈਂਕਾਂ ਵਿਚ ਜਮ੍ਹਾ ਕਰਕੇ ਸਕੂਨ ਮਹਿਸੂਸ ਕਰਦਾ ਹੈ ਤੇ ਨਾਲ ਹੀ ਹੁਣ ਸਰਕਾਰ ਵੀ ਆਨਲਾਈਨ ਕੰਮ-ਕਾਜ ‘ਤੇ ਜ਼ੋਰ ਦਿੰਦੀ ਹੈ ਕਿਉਂਕਿ ਆਨਲਾਈਨ ਕੰਮ ਵਿਚ ਸਮੇਂ ਦੀ ਬੱਚਤ ਤੇ ਕੰਮ ਅਸਾਨੀ ਨਾਲ ਹੁੰਦਾ ਹੈ। ਪੈਸੇ ਕਢਵਾਉਣ ਲਈ ਜ਼ਿਆਦਾਤਰ ਏਟੀਐਮ ਤੇ ਕਈ ਵਾਰ ਆਨਲਾਈਨ ਟਰਾਂਸਫਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਬਹੁਤ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਕਈ ਵਾਰ ਬਂੈਕ ਅਕਾਊਂਟ ਵਿਚੋਂ ਪੈਸੇ ਚੋਰੀ ਹੋ ਜਾਂਦੇ ਹਨ।

ਹੁਣ ਮੁੱਖ ਸਮੱਸਿਆ ਇਹ ਹੈ ਕਿ ਇਹ ਪੈਸੇ ਕਿਵੇਂ ਹੈਕਰਾਂ ਦੁਆਰਾ ਕੱਢ ਲਏ ਜਾਂਦੇ ਹਨ? ਅਸਲ ਵਿਚ ਇਹ ਸਾਰਾ ਕੁੱਝ ਮੋਬਾਇਲ ਨੰਬਰ ਰਾਹੀਂ ਸੰਭਵ ਹੁੰਦਾ ਹੈ ਕਿਉਂਕਿ ਹਰ ਅਕਾਊਂਟ ਮੋਬਾਇਲ ਨੰਬਰ ਨਾਲ ਲਿੰਕ ਹੁੰਦਾ ਹੈ ਜਿਸ ਦਾ ਹੈਕਰ ਪੂਰਾ ਫਾਇਦਾ ਚੁੱਕਦੇ ਹਨ ਕਈ ਵਾਰ ਅਸੀਂ ਇਹ ਗੱਲ ਨੋਟ ਕਰਦੇ ਹਾਂ ਕਿ ਸਾਨੂੰ ਕਈ ਫਰਜੀ ਕਾਲਸ ਆਉਂਦੀਆਂ ਹਨ ਜਿਸ ਵਿਚ ਦੱਸਿਆ ਜਾਂਦਾ ਹੈ ਕਿ ਤੁਹਾਡੀ ਲਾਟਰੀ ਨਿੱਕਲੀ ਹੈ ਲਾਟਰੀ ਨਿੱਕਲਣ ਤੇ ਹੋਰ ਕਈ ਪ੍ਰਕਾਰ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਬਹਿਲਾ-ਫੁਸਲਾ ਕੇ ਓ.ਟੀ.ਪੀ. ਤੇ ਏ.ਟੀ.ਐਮ. ਦਾ ਕੋਡ ਪੁੱਛਣ ਦਾ ਯਤਨ ਕੀਤਾ ਜਾਂਦਾ ਹੈ ਕਈ ਵਾਰ ਤਾਂ ਅਜਿਹੀਆਂ ਕਾਲਾਂ ਆਉਂਦੀਆਂ ਹਨ ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੀ ਕਈ ਕਰੋੜ ਦੀ ਲਾਟਰੀ ਨਿੱਕਲੀ ਹੈ ਜੇਕਰ ਤੁਸੀਂ ਐਨੇ ਪੈਸੇ ਸਾਡੇ ਬੈਂਕ ਅਕਾਊਂਟ ਵਿਚ ਜਮ੍ਹਾ ਕਰਵਾਉਗੇ ਤਾਂ 24 ਘੰਟੇ ਦੇ ਅੰਦਰ ਤੁਹਾਨੂੰ ਪੈਸੇ ਮਿਲ ਜਾਣਗੇ ਪਰ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਨਾ ਤਾਂ ਲਾਟਰੀ ਮਿਲਦੀ ਹੈ ਤੇ ਨਾ ਹੀ ਜਮ੍ਹਾ ਕਰਵਾਏ ਗਏ ਪੈਸਿਆਂ ਦਾ ਕੁਝ ਅਤਾ-ਪਤਾ ਲੱਗਦਾ ਹੈ ਹੋਰ ਤਾਂ ਹੋਰ ਬੈਂਕ ਅਕਾਊਂਟ ਦਾ ਵੀ ਪਤਾ ਤੱਕ ਨਹੀਂ ਲੱਗਦਾ ਜੇਕਰ ਪਤਾ ਲੱਗ ਵੀ ਜਾਵੇ ਤਾਂ ਉਹ ਅਕਾਊਂਟ ਵਾਲਾ ਵਿਅਕਤੀ ਬੇਕਸੂਰ ਹੁੰਦਾ ਹੈ ਕਿਉਂਕਿ ਹੈਕਰ ਹੈਕ ਕਰਕੇ ਇਹ ਸਾਰਾ ਕੰਮ ਕਰਦੇ ਹਨ।

ਸਮੇਂ ਦੇ ਨਾਲ ਹੀ ਲੋਕਾਂ ਨੂੰ ਇਸ ਚਾਲ ਦਾ ਪਤਾ ਲੱਗ ਚੁੱਕਾ ਹੈ ਪਰ ਹੈਕਰਾਂ ਨੇ ਵੀ ਲੋਕਾਂ ਨੂੰ ਲੁੱਟਣ ਲਈ ਕਈ ਹੋਰ ਪ੍ਰਕਾਰ ਦੇ ਹੱਥਕੰਡੇ ਅਪਣਾ ਲਏ ਹਨ। ਜਿਸ ਵਿਚ ਹੁਣ ਉਹਨਾਂ ਦੀ ਚਾਲ ਸਮਾਰਟ ਫੋਨਾਂ ਰਾਹੀਂ ਸਫਲ ਹੁੰਦੀ ਹੈ ਅਸਲ ਵਿਚ ਇਹ ਅਪਰਾਧੀ ਨਕਲੀ ਐਪ ਬਣਾ ਕੇ ਇਹਨਾਂ ਦੇ ਲਿੰਕ ਸੋਸ਼ਲ ਨੈੱਟਵਰਕਾਂ ‘ਤੇ ਸ਼ੇਅਰ ਕਰ ਦਿੰਦੇ ਹਨ ਜੋ ਲੋਕਾਂ ਦੁਆਰਾ ਇੰਸਟਾਲ ਕਰ ਲਏ ਜਾਂਦੇ ਹਨ। ਅਸੀਂ ਅਕਸਰ ਵੇਖਦੇ ਹਾਂ ਕਿ ਜਦੋਂ ਵੀ ਅਸੀਂ ਕੋਈ ਐਪ ਡਾਊਨਲੋਡ ਕਰਦੇ ਹਾਂ ਤਾਂ ਸਾਡਾ ਮੋਬਾਇਲ ਇਸ ਨੂੰ ਸੇਵ ਕਰਨ ਦੀ ਇਜਾਜ਼ਤ ਸਰਵਰ ਤੋਂ ਮੰਗਦਾ ਹੈ ਜਿਸ ਨੂੰ ਅਸੀਂ ਬਿਨਾ ਪੜ੍ਹੇ ਹੀ ਅਲਾਓ ਕਰ ਦਿੰਦੇ ਹਾਂ ਇਹ ਫਰਜੀ ਐਪ ਸਾਡੇ ਸਾਰੇ ਸਿਸਟਮ ਨੂੰ ਹੈਕ ਕਰ ਦਿੰਦੇ ਹਨ ਜਿਸ ਦਾ ਸਾਨੂੰ ਪਤਾ ਤੱਕ ਨਹੀਂ ਲੱਗਦਾ ਤੇ ਇਸ ਤੋਂ ਬਾਅਦ ਹੈਕਰ ਮੋਬਾਇਲ ‘ਤੇ ਓ.ਟੀ.ਪੀ. ਭੇਜਦੇ ਹਨ ਜੋ ਸਰਵਰ ਦੇ ਫੋਨ ‘ਤੇ ਜਾਣ ਦੀ ਬਜਾਏ ਸਿੱਧਾ ਹੈਕਰਾਂ ਕੋਲ ਚਲਾ ਜਾਂਦਾ ਹੈ ਤੇ ਉਹ ਪਾਸਵਰਡ ਤੇ ਪੈਸੇ ਦੀ ਜਾਣਕਾਰੀ ਅਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ ਨਾ ਚਾਹੁੰਦੇ ਹੋਏ ਵੀ ਅਸੀਂ ਆਪਣੇ ਮਿਹਨਤ ਦੇ ਰੁਪਏ ਇਹਨਾਂ ਨੂੰ ਦੇ ਦਿੰਦੇ ਹਾਂ। ਰੁਪਏ ਚੋਰੀ ਕਰਨ ਵਿਚ ਕਈ ਬੈਂਕ ਦੇ ਲਾਲਚੀ ਵਰਕਰ ਵੀ ਉਹਨਾਂ ਦੀ ਮੱਦਦ ਕਰਦੇ ਹਨ ਉਹ ਹੈਕਰਾਂ ਨੂੰ ਕੁਝ ਪੈਸਿਆਂ ਦੇ ਬਦਲੇ ਉਹਨਾਂ ਅਕਾਊਂਟਸ ਦੀ ਜਾਣਕਾਰੀ ਦੇ ਦਿੰਦੇ ਹਨ ਜਿਨ੍ਹਾਂ ਵਿਚ ਪੈਸੇ ਜ਼ਿਆਦਾ ਹੁੰਦੇ ਹਨ ਤੇ ਉਹ ਇਹਨਾਂ ਦਾ ਨੰਬਰ ਵੀ ਉਹਨਾਂ ਨੂੰ ਦੇ ਦਿੰਦੇ ਹਨ ਜਿਸ ‘ਤੇ ਉਹ ਸਿੱਧੇ ਤੌਰ ‘ਤੇ ਨਕਲੀ ਐਪ ਦਾ ਮੈਸੇਜ਼ ਭੇਜ ਕੇ ਰੁਪਏ ਲੁੱਟਦੇ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਇਹਨਾਂ ਫਰਜੀ ਐਪਸ ਦੀ ਪਹਿਚਾਣ ਕਿਵੇਂ ਕਰੀਏ। ਇਸ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਜੋ ਵੀ ਐਪ ਅਸੀਂ ਇੰਸਟਾਲ ਕਰਦੇ ਹਾਂ ਉਸ ਦੀ ਮੈਮਰੀ ਘੱਟ ਤੋ ਘੱਟ 10 ਐਮ.ਬੀ. ਤੋਂ ਸਟਾਰਟ ਹੁੰਦੀ ਹੈ ਪਰ ਫਰਜੀ ਐਪਸ ਦੀ ਮੈਮਰੀ ਸਿਰਫ 2 ਤੋਂ 5 ਐਮ.ਬੀ. ਹੁੰਦੀ ਹੈ। ਪਰ ਕਈ ਐਪਸ ਅਜਿਹੇ ਵੀ ਹਨ ਜੋ ਘੱਟ ਐਮ.ਬੀ. ਲੈਂਦੇ ਹਨ ਤੇ ਹੁੰਦੇ ਵੀ ਅਸਲੀ ਹਨ ਇਸ ਲਈ ਇਹਨਾਂ ਦੀ ਪਛਾਣ ਸਾਡੇ ਮੋਬਾਇਲ ਦੁਆਰਾ ਹੀ ਕਰ ਲਈ ਜਾਂਦੀ ਹੈ।

ਸਾਨੂੰ ਇਸ ਗੱਲ ਦਾ ਹਰ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਫੋਨ ਐਪ ਸੇਵ ਕਰਨ ਲਈ ਇਜਾਜ਼ਤ ਮੰਗੇ ਤਾਂ ਸਾਨੂੰ ਇਸ ਐਪ ਦੀ ਟਰਮ ਤੇ ਕੰਡੀਸ਼ਨ ਚੰਗੀ ਤਰ੍ਹਾਂ ਚੱੈਕ ਕਰ ਲੈਣੀ ਚਾਹੀਦੀ ਹੈ ਕਿ ਕਿਤੇ ਸਾਡਾ ਐਪ ਮੈਸੇਜ਼ ਤੇ ਕਾਂਟੈਕਟਸ ਵਿਚ ਐਂਟਰੀ ਤਾਂ ਨਹੀਂ ਕਰ ਰਿਹਾ। ਅਕਸਰ ਇਹ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਸਾਡੇ ਬੱਚੇ ਜਾਂ ਕੋਈ ਹੋਰ ਘਰ ਦਾ ਮੈਂਬਰ ਗਲਤੀ ਨਾਲ ਇਹਨਾਂ ਨੂੰ ਮੋਬਾਇਲ ਵਿਚ ਸੇਵ ਕਰ ਦਿੰਦੇ ਹਨ ਜੇਕਰ ਕੋਈ ਨਕਲੀ ਐਪ ਡਾਊਨਲੋਡ ਹੋ ਵੀ ਜਾਵੇ ਤਾਂ ਸਾਨੂੰ ਇਸ ਨੂੰ ਫੋਰਨ ਡਿਲੀਟ ਕਰ ਦੇਣਾ ਚਾਹੀਦਾ ਹੈ ਤੇ ਤੁਰੰਤ ਹੀ ਅਪਣੇ ਏ.ਟੀ.ਐਮ. ਦਾ ਪਾਸਵਰਡ ਵੀ ਬਦਲ ਦੇਣਾ ਚਾਹੀਦਾ ਹੈ ਤਾਂ ਕਿ ਹੈਕਰ ਇਸ ਤੱਕ ਪਹੁੰਚ ਨਾ ਕਰ ਸਕਣ ਤੇ ਅਸੀਂ ਭਾਰੀ ਨੁਕਸਾਨ ਤੋਂ ਬਚ ਸਕੀਏ। ਸਾਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਅਸੀਂ ਇੱਕੋ ਪਲ ਵਿਚ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਗੁਆ ਬੈਠਦੇ ਹਾਂ। ਅਜਿਹਾ ਹੀ ਇੱਕ ਮਾਮਲਾ ਸਾਡੇ ਸ਼ਹਿਰ ਦੇ ਇੱਕ ਨਾਗਰਿਕ ਨਾਲ ਹੋਇਆ ਜਿਸ ਦੇ ਲਗਭਗ 35000 ਰੁਪਏ ਧੋਖੇ ਨਾਲ ਕਢਵਾ ਲਏ ਗਏ ਉਸ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਇਹ ਰੁਪਏ ਉਸ ਨੇ ਆਪਣੀ ਸਾਲਾਂ ਦੀ ਮਿਹਨਤ ਕਰਕੇ ਇਕੱਠੇ ਕੀਤੇ ਸਨ ਪਰ ਹੁਣ ਉਸ ਦੀ ਸਾਲਾਂ ਦੀ ਇਹ ਮਿਹਨਤ ਮਿੱਟੀ ਵਿਚ ਮਿਲ ਗਈ ਹੈ। ਕਈ ਵਾਰ ਤਾਂ ਬੈਂਕ ਵਿਚੋਂ ਰੁਪਏ ਚੋਰੀ ਹੋਣ ਕਾਰਨ ਆਤਮ-ਹੱਤਿਆ ਦੇ ਮਾਮਲੇ ਵੀ ਸਾਹਮਣੇ ਆਏ ਹਨ ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਹੈਕਰਾਂ ਦੀ ਪਛਾਣ ਕਰੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਨਾ ਹੋ ਸਕੇ।

ਅਹਿਮਦਗੜ, ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।