ਇਹ ਕੈਸੀ ਰੁੱੱਤ ਆਈ ਨੀ ਮਾਂ…

Corona

ਇਹ ਕੈਸੀ ਰੁੱੱਤ ਆਈ ਨੀ ਮਾਂ…

22 ਮਾਰਚ 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਲਾਉਣ ਦੇ ਫ਼ੈਸਲੇ ਮਗਰੋਂ, ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਪੰਜਾਬ ਮੁਕੰਮਲ ਬੰਦ ਕਰਨ ਦਾ ਸਲਾਹੁਣ ਯੋਗ ਫ਼ੈਸਲਾ ਲੈਂਦੇ ਹੋਏ, ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਰਫ਼ਿਊ ਲਾਗੂ ਕਰਨਾ ਤੇ ਭਾਰਤ ਸਰਕਾਰ ਵੱਲੋਂ ਵੀ 21 ਦਿਨਾਂ ਲਈ ਪੂਰਾ ਦੇਸ਼ ਲਾਕ ਡਾਊਨ ਕਰਕੇ ਦੇਸ਼ ਵਾਸੀਆਂ ਦੇ ਹਿੱਤ ਲਈ ਠੋਸ ਫੈਸਲਿਆਂ ਨੂੰ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ।

ਕਿਉਂਕਿ ਕਰੋਨਾ ਪਹਿਲਵਾਨ ਅੱਜ ਪੂਰੇ ਵਿਸ਼ਵ ਨੂੰ ਧੋਬੀ ਪਟਕੇ ਮਾਰ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਿਹਾ ਹੈ।  ਭਾਰਤ ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦੇ ਤਾਲਾਬੰਦੀ ਵਰਗੇ ਕਠੋਰ ਫੈਸਲੇ ਨਾ ਲਏ ਜਾਂਦੇ ਤਾਂ ਸਾਡੇ ਕੋਲ ਆਪਣਿਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਲਈ ਜਗ੍ਹਾ ਨਹੀਂ ਲੱਭਣੀ ਸੀ।

ਇਸ ਲਾਕ ਡਾਊਨ ਤੇ ਕਰਫਿਊ ਕਾਰਨ ਤੇਜ਼ ਰਫ਼ਤਾਰ ਚਲਦੀ ਜ਼ਿੰਦਗੀ ਦਾ ਅਚਾਨਕ ਚੱਕਾ ਜਾਮ ਹੋ ਜਾਣਾ, ਅਜਿਹਾ ਸ਼ਾਇਦ ਸੰਸਾਰ ਪੱਧਰ ‘ਤੇ ਇਸ ਮਹਾਂਮਾਰੀ ਕਰਕੇ ਪਹਿਲੀ ਵਾਰ ਹੀ ਹੋਇਆ ਹੈ। ਸਾਰੇ ਕੰਮ-ਧੰਦੇ ਅਚਾਨਕ ਬੰਦ ਹੋ ਜਾਣ ਕਾਰਨ ਕਿਰਤੀ ਵਰਗ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਦਿਲ ਕੰਬਾਊ ਹੈ ਦਾਨ ਦੀ ਦਾਲ ਤੇ ਆਟੇ ਨਾਲ ਆਪਣੇ ਟੱਬਰ ਦੇ ਪੇਟ ਨੂੰ ਝੋਕਾ ਦੇਣ ਲਈ ਨਾ ਚਾਹੁੰਦੇ ਹੋਏ ਵੀ ਵਿਚਾਰਿਆਂ ਦੀਆਂ ਕਤਾਰਾਂ ਵਿੱਚ ਲੱਗਣ ਲਈ ਆਪਣੇ ਜ਼ਮੀਰ ਨੂੰ ਮਾਸਕ ਥੱਲੇ ਲੁਕੋਈ ਫ਼ਿਰਦੇ ਹਨ ।

ਕਾਰਖਾਨਿਆਂ ਦੀ ਠਕ-ਠਕ ਬੰਦ ਹੋਣ ਨਾਲ ਦੇਸ਼ ਹੀ ਨਹੀਂ ਪੂਰੀ ਦੁਨੀਆਂ ਦੀ ਅਰਥਵਿਵਸਥਾ ਲੜਖੜਾ ਕੇ ਧੜੱਮ ਦੇਣੇ ਡਿੱਗਣ ਨਾਲ ਅੱਜ ਕਿਰਤੀ ਤੇ ਦਰਮਿਆਨਾ ਵਰਗ ਰੱਬ ਅੱਗੇ ਹੱਥ ਜੋੜ ਅਰਦਾਸਾਂ ਕਰਨ ਲਈ ਮਜ਼ਬੂਰ ਹੈ। ਕਿਉਂਕਿ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ।

ਦਰਮਿਆਨੇ ਵਰਗ ਨੂੰ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਇਸ ਦੀ ਮਾਰ ਦੀ ਕੀਮਤ ਦੂਜੇ ਦੋਵਾਂ ਵਰਗਾ ਤੋਂ ਵੱਧ ਤਾਰਨੀ ਪਵੇਗੀ। ਇਸ ਮਹਾਂਮਾਰੀ ਦਾ ਵੱਡਾ ਖਾਮਿਆਜ਼ਾ ਵਿਦਿਆਰਥੀ ਵਰਗ ਨੂੰ ਵੀ ਝੱਲਣਾ ਪਵੇਗਾ

ਤਾਲਾਬੰਦੀ ਦੇ ਚੰਗੇ ਪੱਖ:-

ਮਹਾਂਮਾਰੀ ਦੇ ਚੱਲਦਿਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਮੋੜ ਆਏ, ਜਿਨ੍ਹਾਂ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ  ਅੱਜ ਇਨਸਾਨ ਇਸ ਤਾਲਾਬੰਦੀ ਦੌਰਾਨ ਆਪਣੇ ਪਰਿਵਾਰ ‘ਚ ਇੰਨਾ ਘੁਲ-ਮਿਲ ਗਿਆ ਹੈ, ਉਸ ਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ ਨੇ ਪਰਿਵਾਰ ਕਿਸ ਲਈ ਬਣਾਇਆ ਹੈ।

ਬੱਚਿਆਂ ਨਾਲ ਤਰ੍ਹਾਂ-ਤਰ੍ਹਾਂ ਦੇ ਲਾਡ ਕਰਕੇ, ਆਪਣੇ ਬਚਪਨ ਵਾਲੀਆਂ ਖੇਡਾਂ ਖੇਡ ਕੇ ਖੁਦ ਬੱਚਾ ਬਣਕੇ ਅੱਜ ਇਨਸਾਨ ਆਪਣੇ ਅੰਦਰ ਛੁਪੇ ਹੋਏ ਬਚਪਨ ਨੂੰ ਬਾਹਰ ਕੱਢਣ ਲਈ ਆਪਣੇ ਬੱਚਿਆਂ ਨਾਲ ਬੱਚਾ ਬਣਿਆ ਬੈਠਾ ਹੈ।

ਅੱਜ ਹਰ ਬੰਦ ਕੁਦਰਤ ਨਾਲ ਛੇੜਛਾੜ ਨਾ ਕਰਨ ਦੀਆਂ ਸਹੁੰਆਂ ਖਾ ਰਿਹਾ ਹੈ। ਇਹ ਨੰਗੀ ਅੱਖ ਨਾਲ ਨਾ ਦਿਸਣ ਵਾਲਾ ਕਰੋਨਾ ਸਭ ਤੋਂ ਛੋਟਾ ਤੇ ਹਲਕਾ ਹੋਣ ਦੇ ਬਾਵਜੂਦ ਸਭ ‘ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਮਹਿਸੂਸ ਕੀਤਾ ਗਿਆ ਹੈ ਕਿ ਜਿਹੜੇ ਆਦਮੀ ਰੋਜ਼ਾਨਾ ਥੱਬਾ ਗੋਲੀਆਂ ਦਾ ਖਾਂਦੇ ਸੀ, ਉਹ ਹੁਣ ਯੋਗ ਅਭਿਆਸ ਜਾਂ ਪ੍ਰਾਣਾਯਾਮ ਕਰਕੇ ਆਪਣੀ ਸਿਹਤ ਨੂੰ ਪਹਿਲਾਂ ਨਾਲੋਂ ਵੀ ਵੱਧ ਤੰਦਰੁਸਤ ਰੱਖ ਰਹੇ ਹਨ। ਜਿਹੜੇ ਕਦੇ ਸੌ- ਸੌ ‘ਵਾਜਾਂ ਮਾਰਨ ‘ਤੇ ਵੀ ਸੁਬ੍ਹਾ ਜਲਦੀ ਨਹੀਂ ਜਾਗਦੇ ਸਨ, ਹੁਣ ਸਾਰਿਆਂ ਤੋਂ ਪਹਿਲਾਂ ਉੱਠ ਕੇ ਰੱਬ ਦਾ ਨਾਂਅ ਲੈਂਦੇ ਦਿਸਦੇ ਹਨ।

ਇਸ ਦਾ ਵੱਡਾ ਫ਼ਾਇਦਾ ਇਹ ਹੋਇਆ ਹੈ ਕਿ ਜਿਹੜੇ ਪਰਿਵਾਰਾਂ ਵਿਚ ਹਫਤੇ ਦੌਰਾਨ ਡਾਕਟਰਾਂ ਕੋਲ ਜਾ ਕੇ ਕਮਾਈ ਦਾ ਵੱਡਾ ਹਿੱਸਾ ਬਿਮਾਰਾਂ ਦੀ ਦਵਾਈ ਵਿਚ ਜਾਂਦਾ ਸੀ, ਉਹ ਇਨ੍ਹਾਂ ਦਿਨਾਂ ਵਿਚ ਆਪਣੀ ਇਮਿਊਨਟੀ ਨੂੰ ਬੂਸਟ ਕਰ ਕੇ ਤੰਦਰੁਸਤ ਤੇ ਖੁਸ਼ ਦਿਸਦੇ ਹਨ। ਜਿਹੜੇ ਨਸ਼ੇ ਦੇ ਗੁਲਾਮ ਹੋ ਕੇ ਇਹ ਸੋਚਦੇ ਸੀ ਕਿ ਅਸੀਂ ਤਾਂ ਜੰਮੇ ਹੀ ਨਸ਼ਾ ਕਰਨ ਲਈ ਸੀ, ਉਹਨਾਂ ਨੇ ਇਸ ਕੋਹੜ ਨੂੰ ਮਗਰੋਂ ਲਾਹ ਕੇ ਨਵੀਂ ਜ਼ਿੰਦਗੀ ਜੀਣ ਦੀ ਸੁਨਹਿਰੀ ਸਵੇਰ ਦੇਖਣ ਦਾ ਫ਼ੈਸਲਾ ਕੀਤਾ ਹੈ।

ਜਿਹੜੇ ਇਨਸਾਨਾਂ ਨੇ ਕਦੇ ਅਖ਼ਬਾਰ ਪੜ੍ਹਨ ਲਈ ਵੀ ਸਮਾਂ ਨਹੀਂ ਕੱਢਿਆ ਸੀ, ਬੱਸ ਮੋਟੀ ਸੁਰਖੀ ਦੇਖ ਕੇ ਅਖਬਾਰ ਸੁੱਟ ਦਿੰਦੇ ਸੀ, ਅੱਜ ਉਹ ਇੱਕ-ਦੂਜੇ ਕੋਲੋਂ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਫੋਨ ਕਰਦੇ ਹੋਏ ਜਾਂ ਸੋਸ਼ਲ ਮੀਡੀਆ ‘ਤੇ ਸਾਹਿਤਕ ਕਿਤਾਬਾਂ ਦੀਆਂ ਪੀ. ਡੀ. ਐਫ. ਫਾਈਲਾਂ ਮੰਗ ਰਹੇ ਹਨ।ਜਿਹੜੇ ਕਹਿੰਦੇ ਸੀ ਕਿ ਔਰਤਾਂ ਤਾਂ ਘਰ ਵਿਹਲੀਆਂ ਹੀ ਰਹਿੰਦੀਆਂ ਹਨ, ਉਹ ਇਨ੍ਹਾਂ ਗੱਲਾਂ ਤੋਂ ਅੱਜ ਖੁਦ ਘਰ ਦੇ ਕੰਮ ਕਰਕੇ ਜਾਣੂ ਹੋ ਚੁੱਕੇ ਹਨ।

ਜੋ ਲੋਕ ਪੈਸੇ ਦੇ ਪੁੱਤ ਬਣ ਗਏ ਸੀ, ਤੇ ਕਹਿੰਦੇ ਸਨ ਕਿ ਪੈਸਾ ਹੀ ਸਭ ਕੁਝ ਹੈ ਅੱਜ ਰੱਬ ਨੇ ਉਨ੍ਹਾਂ ਦੇ ਸਾਰੇ ਵਹਿਮ ਦੂਰ ਕਰਕੇ ਇਹ ਮਨਵਾ ਦਿੱਤਾ ਹੈ ਕਿ ਇਨਸਾਨੀਅਤ ਤੋਂ ਵੱਡਾ ਕੁੱਝ ਵੀ ਨਹੀਂ ਹੈ। ਹੁਣ ਕੁਦਰਤ ਨੇ ਕਰੋਨਾ ਰਾਹੀਂ ਬੰਦੇ ਦੇ ਸਭ ਭਰਮ-ਭੁਲੇਖੇ ਦੂਰ ਕਰਕੇ ਰਿਸ਼ਤੇ-ਨਾਤੇ ਦੁਬਾਰਾ ਯਾਦ ਕਰਵਾ ਦਿੱਤੇ ਹਨ। ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਭੁੱਲ ਕੇ ਪੱਛਮੀ ਸੱਭਿਅਤਾ ਦੇ ਚੁੰਗਲ ਵਿਚ ਫਸ ਕੇ, ਆਪਣੇ-ਆਪ ਨੂੰ ਦੂਸਰਿਆਂ ਤੋਂ ਅਲੱਗ ਹੀ ਸਮਝਣ ਲੱਗ ਪਏ ਸਾਂ, ਬੰਦੇ ਨੂੰ ਸਮਝਾਉਣ ਲਈ ਰੱਬ ਦੇ ਆਪਣੇ ਹੀ ਢੰਗ-ਤਰੀਕੇ ਤੇ ਕਾਇਦੇ-ਕਾਨੂੰਨ ਹਨ ਜਿਨ੍ਹਾਂ ਨੂੰ ਇਨਸਾਨ ਦੀ ਤੁੱਛ ਬੁੱਧੀ ਸਮਝਣ ਵਿਚ ਬਹੁਤ ਦੇਰ ਕਰ ਦਿੰਦੀ ਹੈ, ਜਾਂ ਓਹ ਸਾਰਾ ਕੁਝ ਇਨਸਾਨੀ ਸਮਝ ਤੋਂ ਪਰੇ ਦਾ ਹੈ।

ਤਾਲਾਬੰਦੀ ਦੇ ਇਸ ਸਮੇਂ ਦੋਰਾਨ ਆਵਾਜ਼ ਪ੍ਰਦੂਸ਼ਣ, ਗੱਡੀਆਂ ਬੱਸਾਂ ਤੇ ਫੈਕਟਰੀਆਂ ਦੇ ਧੂੰਏ ਤੇ ਕੈਮੀਕਲ ਦੇ ਰਿਸਾਵ ਦਾ ਪ੍ਰਦੂਸ਼ਣ ਆਦਿ ਬੰਦ ਹੋਣ ਕਾਰਨ ਸਾਰਾ ਵਾਤਾਵਰਨ ਸਾਹ ਲੈਣ ਦੇ ਕਾਬਲ ਬਣ ਚੁੱਕਾ ਹੈ। ਜਿਸ ਕਾਰਨ ਆਮ ਬਿਮਾਰੀਆਂ ਦਾ ਲਗਭਗ ਖਾਤਮਾ ਹੀ ਹੋ ਗਿਆ ਜਾਪਦਾ ਹੈ।

ਜਿਸ ਦੀ ਮਿਸਾਲ ਮੈਂ ਅੱਖੀਂ ਦੇਖੀ, ਪ੍ਰਾਈਵੇਟ ਡਾਕਟਰਾਂ ਦੇ ਹਸਪਤਾਲਾਂ ਅੰਦਰ ਕਿਸੇ ਸਮੇਂ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਹੁੰਦੀਆਂ ਸਨ, ਅੱਜ ਖਾਲੀ ਹਨ। ਅਸਮਾਨ ਗੂੜ੍ਹੇ ਨੀਲੇ ਰੰਗ ਦਾ ਨਜ਼ਰ ਆਉਣ ਲੱਗ ਪਿਆ ਹੈ। ਇਸ ਪੰਜ ਦਰਿਆਵਾਂ ਦੀ ਧਰਤੀ ਦੇ ਪਵਿੱਤਰ ਪਾਣੀਆਂ ਵਿੱਚ ਇਨਸਾਨ ਵੱਲੋਂ ਜੋ ਗੰਦਗੀ ਤੇ ਕੈਮੀਕਲ ਆਦਿ ਵਾਲੇ ਪਲੀਤ ਪਾਣੀ ਮਿਲਾ ਕੇ ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰਕੇ ਪੀਣਯੋਗ ਨਹੀਂ ਰਹਿਣ ਦਿੱਤਾ ਸੀ, ਇਸ ਤਾਲਾਬੰਦੀ ਦੌਰਾਨ ਉਹ ਫਿਰ ਸਾਫ ਤੇ ਪਵਿੱਤਰ ਹੋ ਕੇ ਚਾਂਦੀ-ਰੰਗੇ ਬਣ ਕੇ ਕੁਦਰਤੀ ਤੌਰ ‘ਤੇ ਵਗ ਰਹੇ ਹਨ।

ਆਜ਼ਾਦ ਪੰਛੀਆਂ ਨੂੰ ਕੁਦਰਤ ਨਾਲ ਖੁੱਲ੍ਹ ਕੇ ਮਿਲਣ ਦਾ ਮਸਾਂ ਹੀ ਸਬੱਬ ਬਣਿਆ ਹੈ। ਕੁਦਰਤ ਵੱਲੋਂ ਇਨਸਾਨੀਅਤ ਦੇ ਇਸ ਲਏ ਜਾ ਰਹੇ ਇਮਤਿਹਾਨ ਵਿਚ ਖਾਸ ਕਰ ਪੰਜਾਬੀ ਸੌ ਬਟਾ ਸੌ ਨੰਬਰ ਲੈ ਕੇ ਪਾਸ ਹੋਏ ਹਨ। ਪੂਰੀ ਦੁਨੀਆਂ ਵਿਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਉਨ੍ਹਾਂ ਵੱਲੋਂ ਜਾਤ-ਪਾਤ, ਅਮੀਰ-ਗ਼ਰੀਬ ਦਾ ਭੇਦ-ਭਾਵ ਮਿਟਾ ਕੇ ਲੋੜਵੰਦਾਂ ਦੀ ਮੱਦਦ ਕਰਕੇ, ਇਸ ਤਾਲਾਬੰਦੀ ਦੌਰਾਨ ਜਿੱਥੋਂ ਤੱਕ ਪਹੁੰਚ ਹੁੰਦੀ ਗਈ ਕਿਸੇ ਨੂੰ ਵੀ ਭੁੱਖੇ ਢਿੱਡ ਸੌਣ ਨਹੀਂ ਦਿੱਤਾ।

ਹੁਣ ਅੱਗੇ ਚੱਲ ਕੇ ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣਾ, ਸਮਾਜਿਕ ਕਦਰਾਂ-ਕੀਮਤਾਂ, ਰਿਸ਼ਤੇ-ਨਾਤੇ ਆਪਸੀ ਸਾਂਝ ਆਦਿ ਦੀ ਸਾਂਭ-ਸੰਭਾਲ ਵਿੱਚ ਇਨ੍ਹਾਂ ਤਾਲਾਬੰਦੀ ਦੇ ਦਿਨਾਂ ਵਾਂਗ ਹੀ ਆਉਣ ਵਾਲੇ ਸਮੇਂ ਵਿੱਚ ਕਰੀਏ ਆਪਣੇ ਭੁੱਲ ਚੁੱਕੇ ਸੱਭਿਆਚਾਰ ਨੂੰ ਦੁਬਾਰਾ ਅਪਣਾ ਕੇ ਇਸ ਭੱਜ-ਦੌੜ ਦੀ ਜ਼ਿੰਦਗੀ ਵਿੱਚ ਕੁੱਝ ਠਹਿਰਾਓ ਵੀ ਲਿਆਈਏ, ਜਿਸ ਨਾਲ ਸਰੀਰਕ ਤੇ ਮਾਨਸਿਕ ਤੰਦਰੁਸਤੀ ਹਮੇਸ਼ਾ ਬਣੀ ਰਹੇ।

ਅੰਬਰਾਂ ਵਿਚ ਹਿੱਕ ਚੀਰਨੇ ਜਹਾਜ਼ ਸ਼ਾਂਤ ਚਿੱਤ ਗੂੜ੍ਹੀ ਨੀਂਦੇ ਹਨ, ਉਨ੍ਹਾਂ ਦੀ ਥਾਂ ਪੰਛੀ ਆਪਣੇ ਖੰਭ ਖਿਲਾਰੀ ਉਡਾਰੀਆਂ ਮਾਰ ਰਹੇ ਹਨ ਖਤਰਾ ਅਜੇ ਵੀ ਟਲਿਆ ਨਹੀਂ ਹੈ। ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਸਰਕਾਰੀ ਅਪੀਲਾਂ ਨੂੰ ਮੁੰਡੀਹਰ ਵੱਲੋਂ ਅੱਜ ਵੀ ਟਿੱਚ ਜਾਣਿਆ ਜਾ ਰਿਹਾ ਹੈ।

ਜਿਸ ਦੇ ਨਤੀਜੇ ਕਿਸੇ ਸਮੇਂ ਵੀ ਰੱਬ ਨਾ ਕਰੇ ਜਵਾਲਾਮੁਖੀ ਵਰਗੇ ਹੋ ਸਕਦੇ ਹਨ। ਤਰੱਕੀ ਦੇ ਨਾਂਅ ‘ਤੇ ਅਸੀਂ ਬੜਾ ਕੁਝ ਗੁਆ ਲਿਆ ਹੈ, ਭਾਵੇਂ ਅੱਜ ਤਰੱਕੀ ਰੁਕ ਗਈ ਹੈ, ਪਰ ਕੁਦਰਤ ਦਾ ਸਨੇਹ ਵੀ ਮਿਲਿਆ ਹੈ।  ਕੁਦਰਤ ਨਾਲ ਛੇੜਛਾੜ ਕਰਕੇ ਪਿਛਲੀਆਂ ਕੀਤੀਆਂ ਗਲਤੀਆਂ ਨੂੰ ਨਾ ਦੁਹਰਾਈਏ ਜਿਸ ਕਰਕੇ ਕੁਦਰਤ ਸਾਡੇ ਨਾਲ ਰੁੱਸੇ ਤੇ ਅਜਿਹੀ ਕੋਈ ਹੋਰ ਮਹਾਂਮਾਰੀ ਫਿਰ ਜਨਮੇ ਕਿਸੇ ਦੀ ਮਹਾਂਮਾਰੀ ਨਾਲ ਕਿੰਝ ਨਜਿੱਠਣਾ ਹੈ, ਬਕਾਇਦਾ ਸਰਕਾਰ ਐਜੂਕੇਸ਼ਨ ਸਿਸਟਮ ਵਿੱਚ ਇਹ ਵਿਸ਼ਾ ਲਾਗੂ ਕਰਵਾਏ ਅਤੇ ਇਹੋ-ਜਿਹੀਆਂ ਅਣਕਿਆਸੀਆਂ ਮਹਾਂਮਾਰੀਆਂ ‘ਤੇ ਕਿਵੇਂ ਕਾਬੂ ਪਾਉਣਾ ਹੈ, ਪ੍ਰੈਕਟੀਕਲੀ ਤਿਆਰੀਆਂ ਹੋਣ ਕਿ ਕਿਵੇਂ ਲੋਕਾਂ ਨੂੰ ਸੁਚੇਤ ਕਰਨਾ ਹੈ, ਮੁਕਾਬਲਾ ਕਿੰਜ ਕਰਨਾ ਹੈ, ਵੱਖ-ਵੱਖ ਵਿਭਾਗਾਂ ਦੇ ਅਜਿਹੇ ਸਮੇਂ ਕੀ-ਕੀ ਕੰਮ ਹੋਣਗੇ ਸੋ ਆਓ!

ਸਾਰੇ ਦੇਸ਼ਵਾਸੀ ਰਲ-ਮਿਲ ਇਹ ਫੈਸਲਾ ਕਰੀਏ ਕਿ ਦੇਸ਼ ਅੰਦਰ ਪੂਰੇ ਸਾਲ ਦਰਮਿਆਨ ਇੱਕ-ਇੱਕ ਹਫਤੇ ਦੇ ਚਾਰ ਲਾਕ ਡਾਊਨ ਸਰਕਾਰ ਲਾਜ਼ਮੀ ਤੈਅ ਕਰੇ ਤਾਂ ਜੋ ਅਸੀਂ ਕਦੇ ਵੀ ਅਜਿਹੀਆਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਕੇ ਆਪਣਿਆਂ ਤੋਂ ਦੂਰ ਨਾ ਹੋਈਏ, ਤੇ ਨਾ ਹੀ ਇਹ ਕਹਿਣਾ ਪਵੇ ਕਿ ਇਹ ਕੈਸੀ ਰੁੱਤ ਆਈ ਨੀ ਮਾਂ…!
ਕੋਟਕਪੂਰਾ ਮੋ. 96462-00468
ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।