House Rent : ਘਰ ਦਾ ਕਿਰਾਇਆ
ਕੱਲ੍ਹ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜਿਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ੍ਹ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇੱਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ-ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ’ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ ਸੱਜਣ ਇਸ ਮਾਤਾ ਨੂੰ ਆਪਣੇ ਨਾਲ ਬਿਠਾਉਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ।
ਮੈਂ 5ਵੀਂ ਕਤਾਰ ’ਚ ਪਿੱਛੇ ਬੈਠੇ ਨੇ ਮਾਤਾ ਜੀ ਨੂੰ ਆਵਾਜ਼ ਕੀ ਮਾਰੀ, ਮੇਰੇ ਨਾਲ ਭੀਖੀ ਤੋਂ ਬੈਠੀ ਕੰਨਿਆ ਮੇਰੇ ਵੱਲ ਕੌੜ-ਕੌੜ ਦੇਖਣ ਲੱਗ ਪਈ। ਕਸੂਰ ਉਸਦਾ ਵੀ ਨਹੀਂ ਸੀ, ਮੈਂ ਤਿੰਨ ਸੀਟਾਂ ਵਾਲੀ ਕਤਾਰ ਵਿੱਚ ਸ਼ੀਸ਼ੇ ਵੱਲ ਜੋ ਬੈਠਾ ਸੀ ਤੇ ਉਸਨੂੰ ਡਰ ਸੀ ਕਿ ਮੈਂ ਉਸ ਬਜ਼ੁਰਗ ਔਰਤ ਨੂੰ ਹੁਣ ਉਸ ਨਾਲ ਬਿਠਾ ਦੇਵਾਂਗਾ। ਖ਼ੈਰ! ਮੈਂ ਬਜ਼ੁਰਗ ਮਾਤਾ ਨੂੰ ਸੀਟ ’ਤੇ ਬੈਠਾ ਕੇ ਖ਼ੁਦ ਵਿਚਕਾਰ ਬੈਠ ਗਿਆ। ਮਾਤਾ ਜੀ ਦਾ ਪਹਿਲਾ ਸ਼ਬਦ ਸੀ ‘ਜਿਉਂਦਾ ਰਹਿ ਪੁੱਤ’ ਤੇ ਨਾਲ ਹੀ ਮੈਨੂੰ ਉਸਦੀਆਂ ਅੱਖਾਂ ਵਿੱਚ ਨਮੀ ਮਹਿਸੂਸ ਹੋਈ। ਸੁਭਾਵਿਕ ਹੀ ਮੈਂ ਪੁੱਛ ਬੈਠਾ ਕਿ ਮਾਤਾ ਜੀ ਕਿੱਥੇ ਜਾਣਾ?
‘‘ਪੁੱਤ ਕੁੜੀ ਕੋਲ ਚੱਲੀ ਆਂ ਪਟਿਆਲੇ, ਦੋਹਤੇ-ਦੋਹਤੀਆਂ ਨੂੰ ਮਿਲ ਆਊਂਗੀ ਨਾਲੇ ਕਿਰਾਇਆ ਲੈ ਆਊਂ।’’
ਥੋੜ੍ਹਾ ਜਗਿਆਸਾ ਵਾਲਾ ਸੁਭਾਅ ਹੋਣ ਕਰਕੇ ਮੈਂ ਪੁੱਛ ਬੈਠਾ ਕਿ ਕਿਰਾਇਆ ਕੁੜੀ ਤੋਂ ਲੈਣ ਦਾ ਮਤਲਬ ਕੋਈ ਮੁੰਡਾ ਨਹੀਂ ਤੁਹਾਡਾ?
ਉਸਦਾ ਜਵਾਵ ਸੁਣ ਮੇਰੇ ਰੌਂਗਟੇ ਖੜ੍ਹੇ ਹੋਣਾ ਸੁਭਾਵਿਕ ਸੀ। ਉਸਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇੱਕ ਮੁੰਡਾ ਹੈ, ਤਿੰਨੇ ਵਿਆਹੇ ਹਨ। ਤੇ ਕਿਰਾਇਆ ਵੀ ਮੁੰਡੇ ਨੂੰ ਈ ਦੇਣਾ ਪੈਂਦਾ ਉਸਦੇ ਨਾਲ ਘਰ ਵਿੱਚ ਰਹਿਣ ਲਈ। ਵੱਡੀ ਕੁੜੀ ਪ੍ਰਾਹੁਣੇ ਤੋਂ ਚੋਰੀਓਂ ਮੈਨੂੰ ਦੋ ਹਜ਼ਾਰ ਰੁਪਏ ਦਿੰਦੀ ਆ ਤੇ ਫ਼ੇਰ ਮੈਨੂੰ ਮੇਰਾ ਮੁੰਡਾ ਰੋਟੀ ਦਿੰਦਾ। ਗੱਲ ਅਜੇ ਏਨੀ ਹੀ ਹੋਈ ਸੀ ਤੇ ਕੰਡਕਟਰ ਨੇ ‘ਟਿਕਟ ਵਈ ਟਿਕਟ..’ ਦਾ ਹੋਕਾ ਮਾਰ ਦਿੱਤਾ।
House Rent
ਉਸ ਬਜ਼ੁਰਗ ਦੇ ਕੁਝ ਬੋਲਣ ਤੋਂ ਪਹਿਲਾਂ ਮੈਂ ਕੰਡਕਟਰ ਨੂੰ 100 ਦਾ ਨੋਟ ਕੱਢ ਕੇ 1 ਟਿਕਟ ਪਟਿਆਲੇ ਦੀ ਦੇਣ ਲਈ ਕਹਿ ਦਿੱਤਾ। ਤੇ ਮਾਤਾ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੋ ਰਿਹਾ ਤੁਹਾਡੇ ਨਾਲ ਜਦੋਂਕਿ ਉਹ ਤਾਂ ਤੁਹਾਡਾ ਆਪਣਾ ਪੁੱਤ ਹੈ? ਉਸਨੇ ਦੱਸਿਆ ਕਿ ਪੁੱਤ ਕੁੜੀਆਂ ਮਗਰੋਂ ਸੁੱਖਾਂ ਸੁੱਖ-ਸੁੱਖ ਮੰਗਿਆ ਸੀ, ਇਹਦੇ ਪਿਓ ਦੇ ਮੁੱਕ ਜਾਣ ਤੋਂ ਮਗਰੋਂ ਪੜ੍ਹਾ-ਲਿਖਾ ਕੇ ਵੱਡਾ ਵੀ ਕੀਤਾ। ਮਾਸਟਰ ਵੀ ਲੱਗ ਗਿਆ ਤੇ ਨੂੰਹ ਵੀ ਮਸਟਰਨੀ ਮਿਲ ਗਈ। ਪਰ ਪੁੱਤ ਮੈਂ ਸਾਲ ਬਾਅਦ ਈ ਘਰ ਦੀ ਕਿਰਾਏਦਾਰ ਬਣ ਗਈ।
House Rent : ਘਰ ਦਾ ਕਿਰਾਇਆ
ਮੈਂ ਬੱਸ ਵਿੱਚ ਭੀਖੀ ਤੋਂ ਕਿਤਾਬ ਖੋਲ੍ਹ ਬੈਠਾ ਸੀ, ਇਹ ਸੋਚਕੇ ਕਿ ਚੰਡੀਗੜ੍ਹ ਜਾਂਦੇ-ਜਾਂਦੇ ਮੁਕਾ ਦੇਣੀ ਆ, ਪਰ ਉਸ ਮਾਤਾ ਨਾਲ ਗੱਲਾਂ ਕਰਦੇ-ਕਰਦੇ ਪਟਿਆਲਾ ਕਦੋਂ ਆ ਗਿਆ, ਪਤਾ ਈ ਨੀ ਲੱਗਾ। ਘਰੋਂ ਮੇਰੇ ਵੱਡੇ ਵੀਰ ਨੇ ਮੇਰੀ ਬੇਟੀ ਲਈ ਜੋ ਕੁਝ ਖਾਣ ਦੀਆਂ ਚੀਜ਼ਾਂ ਦੇ ਉਪਹਾਰ ਦੇ ਕੇ ਮੈਨੂੰ ਭੇਜਿਆ ਸੀ, ਓਹਨਾਂ ਵਿਚੋਂ ਅੱਧੀਆਂ ਕੁ ਮੈਂ ਮਾਤਾ ਜੀ ਦੇ ਝੋਲੇ ਵਿੱਚ ਜ਼ਬਰਦਸਤੀ ਇਹ ਕਹਿ ਪਾ ਦਿੱਤੀਆਂ ਕਿ ਦੋਹਤੇ-ਦੋਹਤੀਆਂ ਨੇ ਖੁਸ਼ ਹੋ ਜਾਣਾ।
ਬੱਸ ਚੜ੍ਹਨ ਲੱਗਿਆਂ ਚਾਰ ਹਜ਼ਾਰ ਰੁਪਏ ਕਢਵਾਏ ਸਨ ਏਟਐਮ ’ਚੋਂ। ਤਾਂ ਮੈਨੂੰ ਮਹਿਸੂਸ ਹੋਇਆ ਕਿ ਜ਼ਿਆਦਾ ਨਹੀਂ ਤਾਂ ਇੱਕ ਪੁੱਤ ਨੂੰ ਘੱਟੋ-ਘੱਟ ਇੱਕ ਮਹੀਨੇ ਦਾ ਕਿਰਾਇਆ ਦੂਜੇ ਪੁੱਤ ਨੂੰ ਅਦਾ ਕਰ ਦੇਣਾ ਚਾਹੀਦਾ। ਉਸਦੇ ਨਾਂਹ-ਨੁੱਕਰ ਕਰਦੇ ਵੀ ਮੈਂ ਦੋ ਹਜ਼ਾਰ ਦਾ ਨੋਟ ਉਸਨੂੰ ਬੱਸ ’ਚੋਂ ਉੁਤਰਨ ਲੱਗੇ ਫੜਾ ਦਿੱਤਾ। ਮੇਰਾ ਮਨ ਬੜਾ ਖੁਸ਼ ਸੀ, ਇਸ ਲਈ ਨਹੀਂ ਕਿ ਮੈਂ ਉਸ ਮਾਤਾ ਦੀ ਮੱਦਦ ਕੀਤੀ, ਬਲਕਿ ਇਸ ਲਈ ਕਿ ਮੇਰੇ ਕੋਲ ਵੀ ‘ਧੀ’ ਹੈ, ਤਾਂ ਮੈਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ। ਮੈਨੂੰ ਅਜੇ ਵੀ ਬੱਸ ਵਿਚ ਬੈਠਿਆਂ ਉਸਦੇ ਕੱਪੜਿਆਂ ਦੀ ਖੁਸ਼ਬੋ ਮਹਿਸੂਸ ਹੋ ਰਹੀ ਸੀ।
ਵਿਜੈ ਗਰਗ, ਸਾਬਕਾ ਪ੍ਰਿੰਸੀਪਲ,
ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.