Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਸਥਾਨਕ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਕੋਟਕਪੂਰਾ ਦੇ ਇੱਕ ਡਾਕਟਰ ਨੁੰ ਆਪਣੇ ਮਰੀਜ਼ ਦਾ ਬਿਨਾਂ ਲੋੜ ਤੋਂ ਆਪ੍ਰੇਸ਼ਨ ਕਰਕੇ ਉਸ ਨੂੰ ਪ੍ਰੇਸ਼ਾਨ ਕਰਨ ਬਦਲੇ 9 ਲੱਖ ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਕਮਿਸ਼ਨ ਨੇ ਖਪਤਕਾਰ ਪਾਸੋਂ ਆਪ੍ਰੇਸ਼ਨ ਲਈ ਲਏ 13 ਹਜ਼ਾਰ ਰੁਪਏ ਵੀ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ 25 ਹਜ਼ਾਰ ਰੁਪਏ ਕਾਨੂੰਨੀ ਲੜਾਈ ਲਈ ਹੋਏ ਖਰਚੇ ਵਜੋਂ ਅਦਾ ਕਰਨ ਲਈ ਕਿਹਾ ਹੈ।
ਸੂਚਨਾ ਅਨੁਸਾਰ ਕੁਲਦੀਪ ਸਿੰਘ (75) ਵਾਸੀ ਕੋਟਕਪੂਰਾ ਨੂੰ ਪਿਸ਼ਾਬ ਕਰਨ ਵਿੱਚ ਦਿੱਕਤ ਆ ਰਹੀ ਸੀ ਅਤੇ ਉਹ ਇਲਾਜ ਲਈ ਡਾ. ਸੁਰਿੰਦਰ ਗੋਇਲ ਅਤੇ ਸੁਨੀਲਾ ਗੋਇਲ ਕੋਲ ਗਿਆ ਸੀ ਅਤੇ ਡਾਕਟਰ ਨੇ ਦਵਾਈਆਂ ਨਾਲ ਠੀਕ ਹੋਣ ਵਾਲੀ ਬਿਮਾਰੀ ਵਾਸਤੇ ਆਪ੍ਰੇਸ਼ਨ ਕਰਵਾਉਣ ਦੀ ਗਲਤ ਰਾਇ ਦਿੱਤੀ ਅਤੇ 17 ਸਤੰਬਰ 2021 ਨੂੰ ਖਪਤਕਾਰ ਦੇ ਟੈਸਟ ਕਰਕੇ ਨਾਲ ਦੀ ਨਾਲ ਉਸ ਦਾ ਆਪ੍ਰੇਸ਼ਨ ਕਰ ਦਿੱਤਾ। ਖਪਤਕਾਰ ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਡਾਕਟਰ ਨੇ ਖਪਤਕਾਰ ਕੁਲਦੀਪ ਸਿੰਘ ਦਾ ਆਪ੍ਰੇਸ਼ਨ ਬੇਹੱਦ ਕਾਹਲੀ ਅਤੇ ਬਿਨਾਂ ਲੋੜ ਤੋਂ ਕੀਤਾ ਹੈ। ਜਦੋਂਕਿ ਮਰੀਜ਼ ਨੂੰ ਆ ਰਹੀ ਦਿੱਕਤ ਦਵਾਈਆਂ ਨਾਲ ਠੀਕ ਹੋਣ ਵਾਲੀ ਸੀ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਸੌਂਪੇ ਨਿਯੁਕਤੀ ਪੱਤਰ
ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ 75 ਸਾਲ ਦੇ ਬਜੁਰਗ ਦਾ ਬੇਲੋੜਾ ਆਪ੍ਰੇਸ਼ਨ ਕਰਕੇ ਉਸ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ ਅਤੇ ਡਾਕਟਰ ਵੱਲੋਂ ਦਿੱਤੀਆਂ ਗਈਆਂ ਮਾੜੀਆਂ ਸੇਵਾਵਾਂ ਬਦਲੇ ਉਹ ਖਪਤਕਾਰ ਨੂੰ 9 ਲੱਖ ਰੁਪਏ ਦਾ ਮੁਆਵਜ਼ਾ ਅਦਾ ਕਰੇ ਅਤੇ 25 ਹਜ਼ਾਰ ਰੁਪਏ ਖਰਚੇ ਵਜੋਂ ਖਪਤਕਾਰ ਨੂੰ ਦਿੱਤੇ ਜਾਣ। ਕਮਿਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਇਸ ਹੁਕਮ ਨੂੰ 45 ਦਿਨਾਂ ਵਿੱਚ ਲਾਗੂ ਕੀਤਾ ਜਾਵੇ, ਨਹੀਂ ਤਾਂ ਡਾਕਟਰ ਤੇ ਹਸਪਤਾਲ ਨੂੰ 50 ਹਜ਼ਾਰ ਰੁਪਏ ਹੋਰ ਖਪਤਕਾਰ ਦੇ ਲੀਗਲ ਏਡ ਕਮਿਸ਼ਨ ਵਿੱਚ ਜ਼ਮ੍ਹਾਂ ਕਰਵਾਉਣੇ ਪੈਣਗੇ। ਹਾਲਾਂਕਿ ਅਦਾਲਤੀ ਸੁਣਵਾਈ ਦੌਰਾਨ ਡਾ. ਸੁਰਿੰਦਰ ਗੋਇਲ ਅਤੇ ਸੁਨੀਤਾ ਗੋਇਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਮੈਡੀਕਲ ਸਾਇੰਸ ਮੁਤਾਬਿਕ ਹੀ ਮਰੀਜ਼ ਦਾ ਇਲਾਜ ਕੀਤਾ ਹੈ ਅਤੇ ਇਸ ਵਿੱਚ ਕੋਈ ਕੁਤਾਹੀ ਨਹੀਂ ਵਰਤੀ। Faridkot News