Mahendrapal Bittu Murder Case: ਮਹਿੰਦਰਪਾਲ ਬਿੱਟੂ ਕਤਲ ਕੇਸ ’ਚ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ

Mahendrapal Bittu Murder Case
ਮ੍ਰਿਤਕ ਮਹਿੰਦਰਪਾਲ ਦੀ ਫਾਇਲ ਫੋਟੋ।

ਮੇਰੇ ਬੇਕਸੂਰ ਪਤੀ ਨੂੰ ਬੇਅਦਬੀ ਕੇਸ ’ਚ ਝੂਠਾ ਫਸਾ ਕੇ ਕਰਵਾਇਆ ਕਤਲ : ਸੰਤੋਸ਼ ਕੁਮਾਰੀ

Mahendrapal Bittu Murder Case: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅੱਜ ਮਾਣਯੋਗ ਹਾਈ ਕੋਰਟ ’ਚ ਮਹਿੰਦਰਪਾਲ ਬਿੱਟੂ ਕਤਲ ਕੇਸ ’ਚ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਗਿਆ ਕਿ ਉਸ ਦੇ ਬੇਕਸੂਰ ਪਤੀ ਮਹਿੰਦਰਪਾਲ ਬਿੱਟੂ ਨੂੰ ਬੇਅਦਬੀ ਦੇ ਕੇਸ ’ਚ ਝੂਠਾ ਫਸਾ ਕੇ ਸਾਜਿਸ਼ ਤਹਿਤ ਕਤਲ ਕਰਵਾਇਆ ਗਿਆ ਹੈ। ਕਤਲ ਪਿੱਛੇ ਸਾਰੇ ਸਾਜਿਸ਼ਕਰਤਾਵਾਂ ’ਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕਤਲ ਦੀ ਸਾਜਿਸ਼ ਨੂੰ ਉਸ ਦੇੇ ਪਤੀ ਮਹਿੰਦਰਪਾਲ ਬਿੱਟੂ ਵੱਲੋਂ ਪਹਿਲਾਂ ਤੋਂ ਹੀ ਇੱਕ ਡਾਇਰੀ ’ਚ ਲਿਖ ਦਿੱਤਾ ਗਿਆ ਸੀ।

ਬਿੱਟੂ ਦੇ ਕਤਲ ਤੋਂ ਬਾਅਦ ਉਹ ਡਾਇਰੀ ਪਰਿਵਾਰ ਦੇ ਹੱਥ ਲੱਗੀ ਤਾਂ ਉਸ ਸਮੇਂ ਵੀ ਪਰਿਵਾਰ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਪਾਈ ਗਈ ਤੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਉਸ ਡਾਇਰੀ ਦੀ ਜਾਂਚ ਦੇ ਆਦੇਸ਼ ਦਿੱਤੇ ਗਏ। ਜਾਂਚ ਦੌਰਾਨ ਜਦੋਂ ਬਿੱਟੂ ਦੀ ਹੱਥ-ਲਿਖਤ ਦਾ ਮਿਲਾਣ ਬਿੱਟੂ ਦੀ ਡਾਇਰੀ ’ਚ ਲਿਖੀ ਹੱਥ-ਲਿਖਤ ਨਾਲ ਕਰਵਾਇਆ ਗਿਆ ਤਾਂ ਸੀਐੱਫਐੱਸਐੱਲ ਚੰਡੀਗੜ੍ਹ ਦੀ ਰਿਪੋਰਟ ’ਚ ਇਹ ਕਿਹਾ ਗਿਆ ਕਿ ਡਾਇਰੀ ’ਚ ਲਿਖੀ ਗਈ ਹੱਥ-ਲਿਖਤ ਬਿੱਟੂ ਦੀ ਹੀ ਹੈ।

ਸੀਐੱਫਐੱਸਐੱਲ ਰਿਪੋਰਟ ਆਉਣ ਤੋਂ ਇਹ ਸਪੱਸ਼ਟ ਹੋ ਗਿਆ ਕਿ ਬਿੱਟੂ ਵੱਲੋਂ ਡਾਇਰੀ ’ਚ ਲਿਖੇ ਗਏ ਸਾਜਿਸ਼ਕਰਤਾਵਾਂ ਵੱਲੋਂ ਹੀ ਉਸ ਦੇ ਪਤੀ ਨੂੰ ਬੇਅਦਬੀ ਦੇ ਕੇਸ ’ਚ ਝੂਠਾ ਫਸਾ ਕੇ ਤੇ ਗੈਰ-ਮਨੁੱਖੀ ਤਕਲੀਫਾਂ ਦੇ ਕੇ ਉਨ੍ਹਾਂ ਤੋਂ ਜਬਰਨ ਝੂਠਾ ਕਬੂਲਨਾਮਾ (164 ਸਟੇਟਮੈਂਟ) ਕਰਵਾ ਕੇ ਇਹ ਕਿਹਾ ਕਿ ਜੇਕਰ ਉਹ ਇਸ ਕਬੂਲਨਾਮੇ ਤੋਂ ਬਦਲਿਆ ਤਾਂ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕਰਕੇ ਨਾਭਾ ਜੇਲ੍ਹ ਭੇਜ ਕੇ ਕਤਲ ਕਰਵਾ ਦਿੱਤਾ ਜਾਵੇਗਾ ਤੇ ਬਿਲਕੁੱਲ ਉਂਜ ਹੀ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਦਾ ਕਤਲ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ’ਚ ਕਰਵਾਇਆ ਗਿਆ।

ਇਹ ਵੀ ਪੜ੍ਹੋ: Kisan Andolan: ਐਸਕੇਐਮ ਦਾ ਛੇ ਮੈਂਬਰੀ ਵਫਦ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜਿਆ

ਸੰਤੋਸ਼ ਕੁਮਾਰੀ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਬਿੱਟੂ ਨੇ ਜਿਵੇਂ-ਜਿਵੇਂ ਡਾਇਰੀ ’ਚ ਲਿਖਿਆ ਉਂਜ-ਉਂਜ ਹੀ ਉਨ੍ਹਾਂ ਦੇ ਕਤਲ ਦੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ ਹੈ ਤੇ ਜੋ ਕਬੂਲਨਾਮਾ ਗੈਰ-ਮਨੁੱਖੀ ਪੀੜਾ ਦੇ ਕੇ ਕਰਵਾਇਆ ਗਿਆ ਸੀ ਉਹ ਵੀ ਸੀਬੀਆਈ ਜਾਂਚ ’ਚ ਝੂਠਾ ਪਾਇਆ ਗਿਆ ਹੈ। ਸੰਤੋਸ਼ ਕੁਮਾਰੀ ਨੇ ਮਾਨਯੋਗ ਹਾਈ ਕੋਰਟ ਤੋਂ ਇਨਸਾਫ਼ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ, ਇਸ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਤੇ ਹੁਣ ਤੱਕ ਜਾਂਚ ਦੀ ਸਟੇਟਸ ਰਿਪੋਰਟ ਨੂੰ ਵੀ ਤਲਬ ਕਰ ਲਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 6 ਫਰਵਰੀ ਰੱਖੀ ਗਈ ਹੈ। Mahendrapal Bittu Murder Case

LEAVE A REPLY

Please enter your comment!
Please enter your name here