ਕੋਲੈਸਟਰੋਲ ਦਾ ਵਧਣਾ ਹੋ ਸਕਦੈ ਜਾਨਲੇਵਾ

ਕੋਲੈਸਟਰੋਲ ਦਾ ਵਧਣਾ ਹੋ ਸਕਦੈ ਜਾਨਲੇਵਾ

ਵਿਸ਼ਵ ਸਿਹਤ ਸੰਸਥਾ ਨੇ ਵਿਸ਼ਵ ਭਰ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਨਾਲ ਹੋਣ ਵਾਲੀ ਮੌਤ ਦੇ ਅੰਕੜੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਲਗਭਗ 2.6 ਮਿਲੀਅਨ ਮੌਤ ਦਰ ਕਾਰਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ’ਤੇ ਖਰਚੇ ਦਾ ਭਾਰ ਵੀ ਵਧ ਗਿਆ ਹੈ। ਸਰੀਰ ਅੰਦਰ ਵਧ ਰਿਹਾ ਕੋਲੈਸਟਰੋਲ ਹਰ ਉਮਰ ਯਾਨੀ ਬੱਚੇ, ਨੌਜਵਾਨ, ਮੱਧ ਉਮਰ ਅਤੇ ਸੀਨੀਅਰਜ਼ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ। ਕਰੀਬਨ 93 ਮਿਲੀਅਨ ਬਾਲਗਾਂ ਵਿੱਚ ਕੋਲੈਸਟਰੋਲ ਦਾ ਪੱਧਰ 200 ਮਿਲੀਗ੍ਰਾਮ/ਡੀਐਲ ਤੋਂ ਵੱਧ ਹੈ।

ਅਮਰੀਕਾ ਦੇ 7 ਪ੍ਰਤੀਸ਼ਤ ਬੱਚਿਆਂ ਤੇ ਨੌਜਵਾਨਾਂ ਵਿੱਚ 6 ਤੋਂ 19 ਸਾਲ ਦੀ ਉਮਰ ਵਿਚ ਕੋਲੈਸਟਰੋਲ ਦਾ ਪੱਧਰ ਵੱਧ ਦੇਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭੋਜਨ ਪ੍ਰਤੀ ਜਾਗਰੂਕਤਾ ਅਤੇ ਸਰੀਰਕ ਐਕਟੀਵਿਟੀ ਦੁਆਰਾ ਹਰ ਉਮਰ ਵਿਚ ਕੋਲੈਸਟਰੋਲ ਕਾਰਨ ਹੋਣ ਵਾਲੇ ਮੌਤ ਦੇ ਅੰਕੜੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਕੋਲੈਸਟਰੋਲ ਇੱਕ ਮੋਮ ਕਿਸਮ ਦੀ ਚਰਬੀ ਜਾਂ ਲਿਪਿਡ ਹੁੰਦਾ ਹੈ, ਜੋ ਖੂਨ ਵਿਚ ਸਰਕੂਲੇਟ ਹੁੰਦਾ ਰਹਿੰਦਾ ਹੈ। ਲਿਪਿਡਸ ਪਦਾਰਥ ਪਾਣੀ ਵਿਚ ਨਾ ਘੁਲਣ ਕਰਕੇ ਖੂਨ ਤੋਂ ਅਲੱਗ ਨਹੀਂ ਹੁੰਦਾ। ਚੰਗੇ ਕੋਲੈਸਟਰੋਲ ਦਾ ਪੱਧਰ ਸਰੀਰ ਅੰਦਰ ਸੈੱਲ ਅਤੇ ਹਾਰਮੋਨ ਬਣਾਉਣ ਵਿਚ ਮੱਦਦ ਕਰਦਾ ਹੈ। ਸਰੀਰ ਅੰਦਰ ਜਿਗਰ ਲੋੜੀਂਦਾ ਕੋਲੈਸਟਰੋਲ ਬਣਾਉਂਦਾ ਹੈ। ਬਾਕੀ ਗੈਰ-ਸਿਹਤਮੰਦ ਪ੍ਰੋਸੈੱਸਡ ਤੇ ਟ੍ਰਾਂਸ ਫੈਟਸ ਕਾਰਨ ਇਸਦਾ ਪੱਧਰ ਵਧ ਜਾਂਦਾ ਹੈ।

ਸਰੀਰ ਅੰਦਰ ਕੋਲੈਸਟਰੋਲ ਦੋ ਕਿਸਮ ਦਾ ਐਲਡੀਐਲ (ਮਾੜਾ) ਤੇ ਐਚਡੀਐਲ (ਚੰਗਾ) ਮਿਲਦਾ ਹੈ। ਮਾੜੇ ਕਿਸਮ ਦਾ ਸਮੇਂ ਦੇ ਨਾਲ-ਨਾਲ ਧਮਨੀਆਂ ਨੂੰ ਬਲੌਕ ਕਰਕੇ ਦਿਲ ਅਤੇ ਦਿਮਾਗ ਨੂੰ ਬਿਮਾਰ ਕਰਕੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਕਾਰਨ ਵੀ ਬਣ ਸਕਦਾ ਹੈ। ਚੰਗਾ ਕੋਲੈਸਟਰੋਲ ਖੂਨ ਦੇ ਦੌਰੇ ਨੂੰ ਠੀਕ ਰੱਖਦਾ ਹੈ। ਸਰੀਰ ਅੰਦਰ ਚੰਗਾ ਕੋਲੈਸਟਰੋਲ ਸੈੱਲ ਦੀਆਂ ਕੰਧਾਂ ਨੂੰ ਠੀਕ ਰੱਖਦਾ ਹੈ, ਸਰੀਰ ਅੰਦਰ ਪਾਚਕ ਐਸਿਡ ਬਣਾਉਣਾ, ਸਰੀਰ ਵਿਚ ਵਿਟਾਮਿਨ-ਡੀ ਅਤੇ ਹਾਰਮੋਨਜ਼ ਦੇ ਪੱਧਰ ਨੂੰ ਸਹੀ ਰੱਖਦਾ ਹੈ।

ਸਰੀਰ ਅੰਦਰ ਹੋਰ ਹਾਲਾਤ:

ਜਿਗਰ, ਕਿਡਨੀ, ਡਾਇਬਟੀਜ਼, ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ, ਪ੍ਰੈਗਨੈਂਸੀ ਦੌਰਾਨ ਹਾਰਮੋਨਜ਼ ਦਾ ਪੱਧਰ, ਅਨਡਰੈਕਟਿਵ ਥਾਇਰਾਇਡ ਗਲੈਂਡ ਅਤੇ ਪ੍ਰੋਜੈਸਟੀਨ, ਐਨਾਬੋਲਿਕ ਸਟੀਰਾਇਡ ਅਤੇ ਕੋਟੀਕੋਸਟੀਰਾਇਡ ਦਵਾਈਆਂ ਕਾਰਨ ਵੀ ਕੋਲੈਸਟਰੋਲ ਦਾ ਲੈਵਲ ਵਧ ਸਕਦਾ ਹੈ।
ਆਪਣਾ ਖਿਆਲ ਰੱਖੋ:

  • -ਕੋਲੈਸਟਰੋਲ ਦੇ ਲੈਵਲ ਨੂੰ ਠੀਕ ਰੱਖਣ ਲਈ ਆਪਣੀ ਖੁਰਾਕ ਵਿਚ ਓਟਸ, ਹੋਲ-ਵੀਟ, ਗ੍ਰੀਨ ਬੀਨਜ਼, ਸੋਇਆ-ਫੂਡ, ਕਨੋਲਾ ਤੇ ਸਨਫਲਾਵਰ ਆਇਲ, ਤਾਜ਼ੇ ਫੱਲ-ਸਬਜ਼ੀਆਂ, ਨਿੰਬੂ, ਸੀਡਜ਼, ਫਾਈਬਰ-ਫੂਡ ਨੂੰ ਸ਼ਾਮਲ ਕਰੋ।
  • -ਨਾਰੀਅਲ ਅਤੇ ਪਾਮ ਤੇਲ ਸਰੀਰ ਅੰਦਰ ਕੋਲੈਸਟਰੋਲ ਦਾ ਪੱਧਰ ਵਧਾ ਸਕਦਾ ਹੈ।
  • -ਹੈਲਦੀ ਲਾਈਫ ਲਈ ਸਮੇਂ-ਸਮੇਂ ’ਤੇ ਕੋਲੈਸਟਰੋਲ ਦੇ ਪੱਧਰ ਦੀ ਜਾਂਚ ਕਰਾਓ। ਸਹੀ ਪੱਧਰ ਨੂੰ ਜਾਣਕੇ ਖਤਰੇ ਨੂੰ ਘੱਟ ਕਰੋ।
  • -ਲਾਈਫ ਸਟਾਈਲ ਅਤੇ ਖੁਰਾਕ ਵਿਚ ਆਪਣੀਆਂ ਸਰੀਰਕ-ਮਾਨਸਿਕ ਬਿਮਾਰੀਆਂ ਮੁਤਾਬਿਕ ਤਬਦੀਲੀ ਕਰਨੀ ਚਾਹੀਦੀ ਹੈ।
  • -ਜੇ ਕੋਲੈਸਟਰੋਲ ਵਧਣ ਦੇ ਨਾਲ ਹਾਈ ਬਲੱਡ-ਪ੍ਰੈਸ਼ਰ, ਡਾਇਬਟੀਜ਼ ਦੀ ਸ਼ਿਕਾਇਤ ਹੈ ਤਾਂ ਸਾਵਧਾਨ ਹੋ ਜਾਣ ਦੀ ਲੋੜ ਹੈ।
  • -ਫੁੱਲ-ਫੈਟ ਡੇਅਰੀ ਪਦਾਰਥ, ਹਾਈਡਰੋਜਨਿਤ ਆਇਲ ਅਤੇ ਬਿਸਕੁਟ, ਕੇਕ ਪੇਸਟਰੀਜ਼ ਦਾ ਇਸਤੇਮਾਲ ਸਾਵਧਾਨੀ ਨਾਲ ਕਰੋ।
  • -ਡੇਲੀ ਰੂਟੀਨ ਵਿਚ ਉਮਰ ਤੇ ਬਿਮਾਰੀ ਮੁਤਾਬਿਕ ਤੇਜ਼ ਸੈਰ, ਜਾਗਿੰਗ, ਵਰਕ-ਆਊਟ, ਯੋਗਾ, ਕਸਰਤ, ਦੁਆਰਾ ਆਪਣੇ ਵਜ਼ਨ ਨੂੰ ਕੰਟਰੋਲ ਵਿਚ ਰੱਖੋ।
  • -ਤੰਬਾਕੂ, ਸ਼ਰਾਬ ਅਤੇ ਨਸ਼ਿਆਂ ਦੇ ਇਸਤੇਮਾਲ ਤੋਂ ਬਚੋ।

ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।